ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਮੀ ਲੋਕ ਅਦਾਲਤ ਦਾ ਆਯੋਜਨ : ਨਿਰਭਓ ਸਿੰਘ

05/14/2022 6:16:41 PM

ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਸਬ ਡਵੀਜ਼ਨ ਪੱਧਰ ਦੀਆਂ ਅਦਾਲਤਾਂ ਵਿਚ ਵੱਡੇ ਪੱਧਰ ’ਤੇ ਅੱਜ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਭਓ ਸਿੰਘ ਗਿੱਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਵਿਖੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਸਬ ਡਵੀਜ਼ਨ ਪੱਧਰ ਦੀਆਂ ਅਦਾਲਤਾਂ ਵਿਚ ਵੱਡੇ ਪੱਧਰ ’ਤੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਕੁੱਲ 12 ਲੋਕ ਅਦਾਲਤ ਦੇ ਬੈਂਚ ਲੱਗੇ ਸਨ। ਜਿਸ ਵਿਚ ਸਾਰੇ ਪ੍ਰਕਾਰ ਨਾਲ ਸਬੰਧਤ ਕੇਸ ਜਿਵੇਂ ਕਿ ਰਾਜ਼ੀਨਾਮੇ ਯੋਗ ਫੌਜ਼ਦਾਰੀ ਕੇਸ, ਚੈਕ ਬਾਊਂਸ, ਐਕਸੀਡੈਂਟ, ਵਿਵਾਹਿਕ ਅਤੇ ਪਰਿਵਾਰਕ ਝਗੜਿਆਂ, ਕਿਰਤ ਮਾਮਲਿਆਂ ਦੇ ਕੇਸ, ਦੀਵਾਨੀ ਕੇਸ ਜਿਵੇਂ ਕਿ ਕਿਰਾਏ ਸਬੰਧੀ, ਬੈਂਕ ਰਿਕਵਰੀ, ਰੈਵੇਨਿਊ ਕੇਸ, ਬਿਜਲੀ ਅਤੇ ਪਾਣੀ ਦੇ ਚਲਦੇ  ਅਤੇ ਪ੍ਰੀ ਪੈਂਡਿੰਗ ਕੇਸ ਫੈਸਲੇ ਲਈ ਰੱਖੇ ਗਏ ਸਨ, ਇਸ ਵਾਰ ਚੈੱਕ ਬਾਊਂਸ ਦੇ ਕੇਸ ਵੱਡੀ ਗਿਣਤੀ ਵਿਚ ਰੱਖੇ ਗਏ ਸਨ। ਨਿਰਭਓ ਸਿੰਘ ਗਿੱਲ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਅੱਜ ਦੀ ਲੋਕ ਅਦਾਲਤ ਵਿਚ ਸਾਰੇ ਪ੍ਰਕਾਰ ਦੇ ਕੇਸਾਂ ਨੂੰ ਮਿਲਾ ਕੇ ਕੁੱਲ 2111 ਕੇਸਾਂ ਵਿਚੋਂ  1691 ਕੇਸਾਂ ਦਾ ਨਿਬੇੜਾ ਕੀਤਾ ਗਿਆ ਅਤੇ ਅੱਜ ਕੁੱਲ 135070625/-ਰਕਮ ਦੇ ਐਵਾਰਡ ਪਾਸ ਕੀਤੇ ਗਏ ਹਨ।

ਇਸ ਲੋਕ ਅਦਾਲਤ ਵਿਚ ਪਾਰਟੀਆਂ ਅਤੇ ਵਕੀਲਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਨਿਰਭਓ ਸਿੰਘ ਗਿੱਲ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿਚ 4 ਝਗੜ ਰਹੇ ਵਿਵਾਹਿਕ ਜੋੜਿਆਂ ਨੂੰ ਸਮਝਾ ਕੇ ਇਕੱਠੇ ਕੀਤਾ ਗਿਆ ਅਤੇ ਉਨ੍ਹਾਂ ਦਾ ਵਿਵਾਹਿਕ ਜੀਵਨ ਫਿਰ ਤੋਂ ਖੁਸ਼ੀਆਂ ਭਰਿਆ ਹੋ ਗਿਆ। ਚੈੱਕ ਬਾਊਂਸ ਕੇਸਾਂ ਨਾਲ ਸਬੰਧਤਿ ਪੰਜ ਸਾਲਾਂ ਤੋਂ ਵੀ ਵੱਧ ਪੁਰਾਣੇ 3 ਕੇਸਾਂ ਨੂੰ ਵੀ ਇਸ ਲੋਕ ਅਦਾਲਤ ਵਿਚ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਨਿਪਟਾਇਆ ਗਿਆ। ਇੱਕੋ ਪਿੰਡ ਦੇ ਵਸਨੀਕਾਂ ਦਾ ਇਕ ਜ਼ਮੀਨ ਨਾਲ ਸਬੰਧਿਤ ਪੁਰਾਣਾ ਕੇਸ ਵੀ ਲੋਕ ਅਦਾਲਤ ਵਿਚ ਨਿਬੇੜਿਆ ਗਿਆ।

ਇਸ ਮੌਕੇ ਮਨਪ੍ਰੀਤ ਕੌਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਆਮ ਪਬਲਿਕ ਨੂੰ ਇਸ ਲੋਕ ਅਦਾਲਤ ਵਿਚ ਭਾਗ ਲੈ ਕੇ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਲੋਕ ਅਦਾਲਤਾਂ ਦੇ ਬਹੁਤ ਲਾਭ ਹਨ ਅਤੇ ਇਨ੍ਹਾਂ ਵਿਚ ਸਮਝੌਤਾ ਹੋਣ ਦੀ ਸੂਰਤ ਵਿਚ ਅਦਾਲਤ ਦੀ ਫੀਸ ਵੀ ਵਾਪਸ ਹੁੰਦੀ ਹੈ ਅਤੇ ਲੋਕ ਅਦਾਲਤ ਦਾ ਫ਼ੈਸਲਾ ਵੀ ਅੰਤਿਮ ਹੁੰਦਾ ਹੈ।


Gurminder Singh

Content Editor

Related News