ਮੋਦੀ ਕਾਲਜ ਵਿਖੇ ਪੰਜਾਬੀ ਵਿਕੀਪੀਡੀਆ ’ਤੇ ਵਰਕਸ਼ਾਪ ਆਯੋਜਿਤ

11/05/2018 2:01:36 PM

ਪਟਿਆਲਾ (ਜੋਸਨ)-ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਪੰਜਾਬੀ ਵਿਕੀਪੀਡੀਆ ਦੇ ਸਿਧਾਂਤਕ ਅਤੇ ਵਿਹਾਰਕ ਪੱਖਾਂ ਉੱਤੇ ਅਾਧਾਰਤ ਇਕ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਖੇਡ ਵਿਭਾਗ ਉਡ਼ੀਸਾ ਵੱਲੋਂ ਸਪਾਂਸਰ ਕੀਤੀ ਗਈ ਇਸ ਵਰਕਸ਼ਾਪ ’ਚ ਮੁੱਖ ਬੁਲਾਰਿਆਂ ਵਜੋਂ ਪੰਜਾਬੀ ਵਿਕੀਪੀਡੀਆ ਦੇ ਮੋਢੀ ਮੈਂਬਰ ਚਰਨ ਗਿੱਲ ਅਤੇ ਪੰਜਾਬੀ ਰੰਗਮੰਚ ਅਤੇ ਅਨੁਵਾਦ ਖੇਤਰ ਦੇ ਪ੍ਰਸਿੱਧ ਹਸਤਾਖਰ ਬਲਰਾਮ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਮੌਕੇ ਉੱਤੇ ਵਿਕੀਪੀਡੀਆ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਵਿਚ ਆਪਸੀ ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਰਾਹੀਂ ਜਿੱਥੇ ਦੂਜੇ ਸੱਭਿਆਚਾਰਾਂ ਨਾਲ ਸਾਂਝ ਪੈਂਦੀ ਹੈ, ਉਥੇ ਭਾਸ਼ਾਵਾਂ ਦੇ ਵਿਕਾਸ ਲਈ ਵੀ ਨਵੇਂ ਦਰ ਖੁਲ੍ਹਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਦੌਰ ’ਚ ਗਿਆਨ ਸਿਰਜਣ ਦੀ ਪ੍ਰਕਿਰਿਆ ਆਲਮੀ ਮੰਡੀਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਜਿਸ ਕਾਰਨ ਅਜਿਹੀਆਂ ਤਕਨੀਕਾਂ ਅਤੇ ਵਿਧੀਆਂ ਦੀ ਬਹੁਤ ਜ਼ਰੂਰਤ ਹੈ ਜਿਹਡ਼ੀਆਂ ਸਥਾਨਕ ਸੱਭਿਆਚਾਰਾਂ ਅਤੇ ਭਾਸ਼ਾਵਾਂ ਦੇ ਮੁੱਲਾਂ ਨੂੰ ਅਗਲੀਆਂ ਨਸਲਾਂ ਤੱਕ ਪਹੁੰਚਾ ਸਕਣ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਇਸ ਮੌਕੇ ਉੱਤੇ ਵਰਕਸ਼ਾਪ ਦੇ ਵਿਸ਼ੇ ’ਤੇ ਉਦੇਸ਼ਾਂ ਸਬੰਧੀ ਰਸਮੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਇਸ ਵਿਚ ਭਾਗ ਲੈਣ ਲਈ ਪ੍ਰੇਰਿਆ। ®ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਗਣੇਸ਼ ਕੁਮਾਰ ਸੇਠੀ ਨੇ ਬਾਖੂਬੀ ਨਿਭਾਈ, ਜਦੋਂ ਕਿ ਧੰਨਵਾਦ ਦਾ ਮਤਾ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਨੇ ਪੇਸ਼ ਕੀਤਾ। ਇਸ ਮੌਕੇ ਆਏ ਮਹਿਮਾਨਾਂ ਨੂੰ ਕਾਲਜ ਵੱਲੋਂ ਯਾਦ-ਚਿੰਨ੍ਹ ਭੇਟ ਕੀਤਾ ਗਿਆ। ਕਾਲਜ ਰਜਿਸਟਾਰ ਡਾ. ਅਜੀਤ ਕੁਮਾਰ ਦਾ ਇਸ ਵਰਕਸ਼ਾਪ ਦੇ ਆਯੋਜਨ ’ਚ ਖਾਸ ਯੋਗਦਾਨ ਰਿਹਾ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਅਤੇ ਭਾਰੀ ਗਿਣਤੀ ’ਚ ਵਿਦਿਆਰਥੀਆਂ ਨੇ ਭਾਗ ਲਿਆ।