ਕਰੋੜਾਂ ਦੀ ਲਾਗਤ ਵਾਲੀ ਟੈਂਕੀ ਬਣੀ ''ਚਿੱਟਾ ਹਾਥੀ''

01/17/2020 6:09:04 PM

ਪਟਿਆਲਾ/ਬਾਰਨ (ਇੰਦਰ): ਪਟਿਆਲਾ ਦਿਹਾਤੀ ਅਧੀਨ ਪੈਂਦੇ ਵਾਰਡ ਨੰ 14 ਨਿਊ ਯਾਦਵਿੰਦਰਾ ਕਾਲੋਨੀ ਵਿਚ ਸਥਾਨਕ ਲੋਕਾਂ ਦੇ ਕਹਿਣ ਅਨੁਸਾਰ ਇਕ ਕਰੋੜ ਰੁਪਏ ਦੀ ਲਾਗਤ ਨਾਲ 25 ਸਾਲ ਪਹਿਲਾਂ ਪਾਣੀ ਦੀ ਵੱਡੀ ਟੈਂਕੀ ਬਣਾਈ ਗਈ ਸੀ। ਟੈਂਕੀ ਵਿਚ ਅੱਜ ਤੱਕ ਕਦੇ ਵੀ ਪਾਣੀ ਨਹੀਂ ਭਰਿਆ ਗਿਆ। ਟੈਂਕੀ 'ਚਿੱਟਾ ਹਾਥੀ' ਸਿੱਧ ਹੋ ਰਹੀ ਹੈ। ਟੈਂਕੀ ਕਈ ਸਾਲ ਪਹਿਲਾਂ ਨਕਾਰਾ ਹੋ ਚੁੱਕੀ ਹੈ, ਫਿਰ ਵੀ ਉਸ ਨੂੰ ਡੇਗਿਆ ਨਹੀਂ ਜਾ ਰਿਹਾ।

ਨਵੀਂ ਦਾਣਾ ਮੰਡੀ ਕੋਲ 25 ਸਾਲ ਪੁਰਾਣੀ ਟੈਂਕੀ 80-90 ਫੁੱਟ ਉੱਚੀ ਹੈ ਜੋ ਚਾਰੇ ਪਾਸੇ ਅਬਾਦੀ ਵਾਲੇ ਇਲਾਕੇ ਵਿਚ ਦੂਰ-ਦੂਰ ਤੱਕ ਨਜ਼ਰ ਆਉਂਦੀ ਹੈ। ਟੈਂਕੀ ਨੂੰ ਬਣਾਉਣ ਦਾ ਮੁੱਖ ਮਕਸਦ ਕਾਲੋਨੀ ਦੇ ਨਾਲ-ਨਾਲ ਦਾਣਾ ਮੰਡੀ ਨੂੰ ਵੀ ਪਾਣੀ ਦੀ ਸਪਲਾਈ ਦੇਣਾ ਸੀ। ਜਦੋਂ ਟੈਂਕੀ ਤਿਆਰ ਹੋਈ ਸੀ ਅਤੇ ਜਿਵੇਂ ਹੀ ਇਸ ਵਿਚ ਪਾਣੀ ਭਰਿਆ ਗਿਆ ਤਾਂ ਲੀਕੇਜ ਹੋਣੀ ਸ਼ੁਰੂ ਹੋ ਗਈ, ਜਿਸ ਕਾਰਣ ਟੈਂਕੀ ਨੂੰ ਬੰਦ ਕਰ ਦਿੱਤਾ ਗਿਆ। ਲੰਮੇ ਸਮੇਂ ਤੋਂ ਕੰਡਮ ਹਾਲਤ ਵਿਚ ਖੜ੍ਹੀ ਇਹ ਟੈਂਕੀ ਕਿਸੇ ਸਮੇਂ ਵੀ ਸਥਾਨਕ ਲੋਕਾਂ ਲਈ ਹਾਦਸੇ ਦਾ ਕਾਰਣ ਬਣ ਸਕਦੀ ਹੈ।

ਕੀ ਕਹਿਣਾ ਹੈ ਕਿ ਕਾਲੋਨੀ ਵਾਸੀਆਂ ਦਾ?
ਇਸ ਸਬੰਧੀ ਕਾਲੋਨੀ ਵਾਸੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਚਿਤਰਕਾਰ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਵੀਰ ਸਿੰਘ, ਗੁਰਬਚਨ ਸਿੰਘ, ਸ਼ੇਰ ਸਿੰਘ ਲਾਲੀ ਅਤੇ ਭੁਪਿੰਦਰ ਸਿੰਘ ਆਦਿ ਨੇ ਕਿਹਾ ਕਿ ਇਹ ਟੈਂਕੀ ਕਾਲੋਨੀ ਵਾਸੀਆਂ ਲਈ ਖਤਰਾ ਹੈ। ਇਸ ਦੀ ਉਚਾਈ ਬਹੁਤ ਜ਼ਿਆਦਾ ਹੋਣ ਕਾਰਣ ਭੂਚਾਲ ਆਦਿ ਆਉਣ 'ਤੇ ਉਹ ਡਿੱਗ ਸਕਦੀ ਹੈ। ਇਸ ਨਾਲ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। ਟੈਂਕੀ ਦੇ ਚਾਰੇ ਪਾਸੇ ਸੰਘਣੀ ਅਬਾਦੀ ਹੈ। ਅਸੀਂ ਨਗਰ ਨਿਗਮ ਪਟਿਆਲਾ ਨੂੰ ਅਪੀਲ ਕਰਦੇ ਹਾਂ ਕਿ ਟੈਂਕੀ ਢਾਹ ਕੇ ਇਸ ਥਾਂ 'ਤੇ ਜੰਝ-ਘਰ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਵਿਆਹ ਆਦਿ ਕਰਨ ਦੀ ਸਹੂਲਤ ਮਿਲ ਸਕੇ। ਟੈਂਕੀ ਨੂੰ ਲੈ ਕੇ ਉਹ ਕਈ ਵਾਰ ਸਬੰਧਤ ਵਿਭਾਗ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ।

ਟੈਂਕੀ ਸਬੰਧੀ ਠੋਸ ਫ਼ੈਸਲਾ ਲਿਆ ਜਾਵੇਗਾ : ਕੌਂਸਲਰ ਰਿੱਚੀ ਡਕਾਲਾ
ਟੈਂਕੀ ਸਬੰਧੀ ਜਦੋਂ ਵਾਰਡ ਨੰ 14 ਦੇ ਕੌਂਸਲਰ ਰਿੱਚੀ ਡਕਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਟੈਂਕੀ ਜਦੋਂ ਦੀ ਬਣੀ ਸੀ, ਉਦੋਂ ਤੋਂ ਹੀ ਨੁਕਸਾਨੀ ਹੋਣ ਕਾਰਨ ਇਸ ਵਿਚ ਪਾਣੀ ਨਹੀਂ ਭਰਿਆ ਗਿਆ। ਇਸ ਸਬੰਧੀ ਸਾਰੀ ਰਿਪੋਰਟ ਪ੍ਰਾਪਤ ਕਰ ਕੇ ਜਲਦੀ ਹੀ ਫ਼ੈਸਲਾ ਲਿਆ ਜਾਵੇਗਾ ਕਿ ਟੈਂਕੀ ਦੀ ਥਾਂ ਟੈਂਕੀ ਬਣਾਈ ਜਾਵੇ ਜਾਂ ਜੰਝ-ਘਰ।

Shyna

This news is Content Editor Shyna