ਤਹਿਸੀਲਦਾਰ ਖਿਲਾਫ ਕਾਰਵਾਈ ਨਾ ਹੋਣ ''ਤੇ ਸਰਕਾਰ ''ਤੇ ਵਰ੍ਹੇ ਨਿਰਮਲ ਸਿੰਘ

12/17/2019 4:25:49 PM

ਪਟਿਆਲਾ (ਪਰਮੀਤ): ਸ਼ੁਤਰਾਣਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਨਿਰਮਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਹਲਕੇ ਵਿਚ ਤਾਇਨਾਤ ਤਹਿਸੀਲਦਾਰ, ਜਿਸਦੇ ਖਿਲਾਫ ਵਿਧਾਇਕ ਨੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਸਨ, ਦੇ ਖਿਲਾਫ ਸਰਕਾਰ ਵੱਲੋਂ ਕਾਰਵਾਈ ਕਰਨ ਤੋਂ ਨਾਂਹ ਨੁੱਕਰ ਨੇ ਉਨ੍ਹਾਂ ਦੀ ਬਹੁਤ ਬਦਨਾਮੀ ਕਰਵਾਈ ਹੈ।

ਨਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਨਜ਼ਦੀਕੀ ਨੇ ਹਾਲ ਹੀ ਵਿਚ ਤਹਿਸੀਲਦਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਰਜਿਸਟਰੀ ਕਰਨ ਦੇ 15 ਹਜ਼ਾਰ ਰੁਪਏ ਰਿਸ਼ਵਤ ਮੰਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਖੁਦ ਤਹਿਸੀਲਦਾਰ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ 5 ਹਜ਼ਾਰ ਰੁਪਏ ਘੱਟ ਦੇ ਦਿਓ ਅਤੇ 10 ਹਜ਼ਾਰ ਰੁਪਏ ਦੇ ਦਿਓ ਮੈਂ ਕੰਮ ਕਰ ਦਿਆਂਗਾ। ਉਨ੍ਹਾਂ ਦੱਸਿਆ ਕਿ ਉਹਨਾਂ ਨੇ ਆਪਣੇ ਨਜ਼ਦੀਕੀ ਨੂੰ ਹਲਫੀਆ ਬਿਆਨ ਦਾਇਰ ਕਰਨ ਵਾਸਤੇ ਕਿਹਾ ਜੋ ਉਸ ਨੇ ਕਰ ਦਿੱਤਾ ਅਤੇ ਇਹ ਹਲਫੀਆ ਬਿਆਨ ਉਨ੍ਹਾਂ ਨੇ ਮੁੱਖ ਮੰਤਰੀ, ਮਾਲ ਮੰਤਰੀ, ਡੀ.ਜੀ.ਪੀ. ਅਤੇ ਵਿਜੀਲੈਂਸ  ਬਿਊਰੋ ਦੇ ਐੱਸ.ਐੱਸ.ਪੀ.ਨੂੰ ਵੀ ਵਿਖਾਇਆ ਪਰ ਉਕਤ ਤਹਿਸੀਲਦਾਰ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਵਿਧਾਇਕ ਨੇ ਦਾਅਵਾ ਕੀਤਾ ਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਤਹਿਸੀਲਦਾਰ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਉਸਦੀ ਨਿਯੁਕਤੀ ਮੁੱਖ ਮੰਤਰੀ ਦਫਤਰ ਵਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੇ ਮੇਰਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਤੇ ਹੁਣ ਸਿਰਫ ਚੁੱਪ ਹੀ ਰਹਿ ਸਕਦਾ ਹਾਂ।

ਯਾਦ ਰਹੇ ਕਿ ਇਸੇ ਵਿਧਾਇਕ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਸੀ ਅਤੇ ਬਾਕੀ ਦੇ ਵਿਧਾਇਕਾਂ ਹਰਦਿਆਲ ਸਿੰਘ ਕੰਬੋਜ ਤੇ ਮਦਨ ਲਾਲ ਜਲਾਲਪੁਰ ਨਾਲ ਰਲ ਕੇ ਸਰਕਾਰ ਦੇ ਖਿਲਾਫ ਬਿਗਲ ਵਜਾਇਆ ਸੀ ਤੇ ਦੋਸ਼ ਲਾਇਆ ਸੀ ਕਿ ਅਫਸਰਸ਼ਾਹੀ ਕੰਮ ਕਰਕੇ ਰਾਜ਼ੀ ਨਹੀਂ ਤਾਂ ਭ੍ਰਿਸ਼ਟਾਚਾਰ ਦਾ ਹਰ ਪਾਸੇ ਬੋਲਬਾਲਾ ਹੈ। ਵਿਧਾਇਕ ਨੇ ਉਦੋਂ ਧਰਨਾ ਦੇਣ ਤੋਂ ਪਾਸਾ ਵੱਟ ਲਿਆ ਸੀ ਜਦੋਂ ਸਰਕਾਰ ਨੇ ਉਸਦੇ ਹਲਕੇ ਵਿਚ ਕੰਮ ਸ਼ੁਰੂ ਕਰਵਾ ਦਿੱਤੇ ਸਨ।
ਵਿਧਾਇਕ ਨਿਰਮਲ ਸਿੰਘ ਨੇ ਕਿਹਾ ਕਿ ਉਹ ਵਿਧਾਨ ਸਭਾ ਵਿਚ ਇਹ ਮਾਮਲਾ ਚੁੱਕਣਗੇ ਅਤੇ ਜੋ ਵੀ ਕਦਮ ਲੋੜ ਪਿਆ ਚੁੱਕਣਗੇ ਤਾਂ ਕਿ ਅਫਸਰਸ਼ਾਹੀ ਉਹਨਾਂ ਦੇ ਹਲਕੇ ਦੇ ਕੰਮਾਂ ਵਿਚ ਰੁਕਾਵਟ ਨਾ ਖੜ੍ਹੀ ਕਰ ਸਕੇ। ਉਨ੍ਹਾਂ ਕਿਹਾ ਕਿ ਅਸੀਂ ਵਿਕਾਸ ਦੇ ਵਾਅਦੇ ਨਾਲ ਸੱਤਾ ਵਿਚ ਆਏ ਤੇ ਜਦੋਂ ਕੰਮ ਹੀ ਨਾ ਹੋਏ ਤਾਂ ਲੋਕਾਂ ਨੂੰ ਕੀ ਮੂੰਹ ਵਿਖਾਵਾਂਗੇ?


Shyna

Content Editor

Related News