ਨਾਭਾ ਦੀ ਸਿਆਸਤ : ਨਵਾਂ ਭੁਚਾਲ, ਮਾਮੇ-ਭਾਣਜੇ 'ਚ ਖੜਕੀ

02/05/2020 10:15:33 AM

ਨਾਭਾ (ਜੈਨ): ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਦੇ ਭਾਣਜੇ ਤੇ ਸੀਨੀਅਰ ਕੌਂਸਲਰ ਅਸ਼ੋਕ ਕੁਮਾਰ ਬਿੱਟੂ ਨੇ ਆਪਣੀ ਧਰਮ-ਪਤਨੀ ਸਨੇਹ ਲਤਾ ਗਰਗ (ਸਾਬਕਾ ਕੌਂਸਲਰ) ਸਮੇਤ ਗੱਲਬਾਤ ਕਰਦਿਆਂ ਕਿਹਾ ਕਿ 'ਆਪ' ਵਿਚ ਸ਼ਾਮਲ ਹੋਣ ਦਾ ਫੈਸਲਾ ਮੇਰੇ ਮਾਮਾ ਸਿੰਗਲਾ ਦਾ ਨਿੱਜੀ ਫੈਸਲਾ ਹੈ। ਸਾਡੇ ਪਰਿਵਾਰ ਦਾ ਸਿੰਗਲਾ ਦੇ ਫੈਸਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਿੱਟੂ ਨੇ ਕਿਹਾ ਕਿ ਅਸੀਂ ਸਾਧੂ ਸਿੰਘ ਧਰਮਸੌਤ ਕੈਬਨਿਟ ਮੰਤਰੀ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਵਫਾਦਾਰ ਹਾਂ ਅਤੇ ਰਹਾਂਗੇ। ਸਿੰਗਲਾ ਨੇ ਕਿਸੇ ਵੀ ਰਿਸ਼ਤੇਦਾਰ ਜਾਂ ਦੋਸਤ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ। ਇਸ ਕਰ ਕੇ ਸਾਡਾ ਸਿੰਗਲਾ ਨਾਲ ਹੁਣ ਕੋਈ ਸਿਆਸੀ ਸਬੰਧ ਨਹੀਂ ਹੈ।

ਦੂਜੇ ਪਾਸੇ ਸਿੰਗਲਾ ਨੇ ਦਾਆਵਾ ਕੀਤਾ ਕਿ ਉਨ੍ਹਾਂ ਨਾਲ 3-4 ਕੌਂਸਲਰਾਂ ਅਤੇ 5 ਸਾਬਕਾ ਕੌਂਸਲਰਾਂ ਨੇ ਸੰਪਰਕ ਕਰ ਕੇ ਸਮੱਰਥਨ ਕਰਨ ਦਾ ਵਾਅਦਾ ਕੀਤਾ ਹੈ। ਇਸ ਸਬੰਧੀ ਰਸਮੀ ਐਲਾਨ ਆਉਣ ਵਾਲੇ ਕੁਝ ਦਿਨਾਂ ਤੱਕ ਭਰਵੀਂ ਇਕੱਤਰਤਾ ਕਰ ਕੇ ਇਥੇ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਅਤੇ ਭਗਵੰਤ ਮਾਨ ਐੱਮ. ਪੀ. ਦੀ ਹਾਜ਼ਰੀ ਵਿਚ ਕੀਤਾ ਜਾਵੇਗਾ। ਸਾਬਕਾ ਕੌਂਸਲਰ ਭੁਪਿੰਦਰ ਸਿੰਘ ਲਾਲੀ ਨੇ ਕਿਹਾ ਹੈ ਕਿ ਅਸੀਂ 8-9 ਸਾਬਕਾ ਕੌਂਸਲਰ ਰਮੇਸ਼ ਸਿੰਗਲਾ ਦੇ ਨਾਲ ਹਾਂ। ਜਲਦੀ ਹੀ ਇਥੋਂ ਦੀ ਸਿਆਸਤ ਵਿਚ ਜ਼ਬਰਦਸਤ ਧਮਾਕਾ ਕਰਾਂਗੇ।


Shyna

Content Editor

Related News