ਨਗਰ ਨਿਗਮ ਨੇ ਕੀਤੀਆਂ 5 ਦੁਕਾਨਾਂ ਸੀਲ, 1 ਤੋੜੀ

08/17/2019 9:59:47 AM

ਪਟਿਆਲਾ (ਬਲਜਿੰਦਰ)—ਨਗਰ ਨਿਗਮ ਨੇ ਅੱਜ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਕਰਦੇ ਹੋਏ 5 ਦੁਕਾਨਾਂ ਨੂੰ ਸੀਲ ਕੀਤਾ ਹੈ। ਇਨ੍ਹਾਂ ਵਿਚ ਘੁੰਮਣ ਨਗਰ, ਅਲੀਪੁਰ ਮੇਨ ਰੋਡ, ਫੈਕਟਰੀ ਏਰੀਆ, ਸਰਹਿੰਦ ਰੋਡ ਅਤੇ ਅਮਨ ਨਗਰ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਦੁਕਾਨ ਨੂੰ ਸਰਹਿੰਦ ਰੋਡ 'ਤੇ ਤੋੜਿਆ ਗਿਆ ਹੈ। ਨਿਗਮ ਵੱਲੋਂ ਗੁਪਤ ਰੂਪ 'ਚ ਇਹ ਕਾਰਵਾਈ ਕੀਤੀ ਗਈ। ਇਥੇ ਦੱਸਣਯੋਗ ਹੈ ਕਿ ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਨਾਜਾਇਜ਼ ਉਸਾਰੀਆਂ ਦੀ ਸ਼ਿਕਾਇਤ ਆ ਰਹੀ ਸੀ। ਇਸ ਨੂੰ ਲੈ ਕੇ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਬਿਲਡਿੰਗ ਬ੍ਰਾਂਚ ਨੂੰ ਚੈਕਿੰਗ ਦੇ ਨਿਰਦੇਸ਼ ਦਿੱਤੇ ਅਤੇ ਜਿਹੜੀਆਂ ਦੁਕਾਨਾਂ ਨਾਜਾਇਜ਼ ਸਨ ਜਾਂ ਫਿਰ ਉਨ੍ਹਾਂ ਦੇ ਨਕਸ਼ਿਆਂ ਵਿਚ ਕੋਈ ਕਮੀ ਪਾਈ ਗਈ, ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਜਾਂ ਫਿਰ ਤੋੜ ਦਿੱਤਾ ਗਿਆ। ਨਿਗਮ ਕਮਿਸ਼ਨਰ ਦੇ ਸਪੱਸ਼ਟ ਨਿਰਦੇਸ਼ ਹਨ ਕਿ ਸ਼ਹਿਰ ਵਿਚ ਕੋਈ ਵੀ ਨਾਜਾਇਜ਼ ਦੁਕਾਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਸ ਵੀ ਇੰਸਪੈਕਟਰ ਦੇ ਇਲਾਕੇ ਵਿਚ ਨਾਜਾਇਜ਼ ਉਸਾਰੀਆਂ ਹੋਣਗੀਆਂ, ਉਸ ਖਿਲਾਫ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ। ਇਸ ਲਈ ਸਾਰੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਹਨ ਕਿ ਆਪੋ-ਆਪਣੇ ਇਲਾਕੇ ਦੀ ਚੈਕਿੰਗ ਚੰਗੀ ਤਰ੍ਹਾਂ ਕਰਨ ਅਤੇ ਕੋਈ ਵੀ ਨਾਜਾਇਜ਼ ਉਸਾਰੀ ਨਾ ਹੋਣ ਦੇਣ।

Shyna

This news is Content Editor Shyna