ਹੱਡ ਬੀਤੀ ਜੱਗ ਬੀਤੀ: ਜਦੋਂ ਸੌਦੇ ਵਾਲੇ ਲਿਫ਼ਾਫ਼ੇ 'ਚੋਂ ਨਿਕਲੇ ਪੱਤਰ ਨੇ ਦਿਖਾਏ ਦਿਨੇਂ ਤਾਰੇ

11/01/2021 3:33:45 PM

ਸੇਠ ਕੋਲੇ ਦੋ ਕੁੜੀਆਂ ਅਤੇ ਇਕ ਮੁੰਡਾ ਸੀ। ਕੁੜੀਆਂ ਸਹੁਰੇ ਜਾ ਵਸੀਆਂ ਸਨ ਅਤੇ ਮੁੰਡਾ ਛੋਟਾ ਹੋਣ ਕਰਕੇ ਅਜੇ ਪੜ੍ਹਾਈ ਕਰਦਾ ਸੀ। ਜਦੋਂ ਉਸ ਨੂੰ ਵਿਹਲ ਮਿਲਦੀ ਤਾਂ ਉਹ ਵੀ ਦੁਕਾਨ ਦੇ ਕੰਮ ਧੰਦੇ 'ਚ ਹੱਥ ਵਟਾ ਲੈਂਦਾ। ਮੇਰੇ ਨਾਲ ਉਸ ਦੀ ਸੋਹਣੀ ਆੜੀ ਪੈ ਗਈ। ਜਦੋਂ ਸੇਠ ਕਿਸੇ ਰਿਸ਼ਤੇਦਾਰੀ ਜਾਂ ਸ਼ਹਿਰ ਸੌਦਾ-ਪੱਤਾ ਲੈਣ ਜਾਂਦਾ ਤਾਂ ਉਸ ਪਿੱਛੋਂ ਮੇਰੇ ਨਾਲ ਸੇਠ ਦਾ ਮੁੰਡਾ ਜਾਂ ਸੇਠ ਦੀ ਘਰਵਾਲੀ ਸ਼ੀਲਾ ਦੁਕਾਨ 'ਤੇ ਆ ਕੇ ਬੈਠ ਜਾਂਦੀ। ਸੇਠ ਵਾਂਗ ਸ਼ੀਲਾ ਨੂੰ ਵੀ ਟੋਕਾ-ਟਾਕੀ ਦੀ ਬਾਹਲੀ ਆਦਤ ਸੀ। ਮੇਰਾ ਸੁਭਾਅ ਸ਼ੁਰੂ ਤੋਂ ਹੀ ਖੁੱਲ੍ਹਾ ਹੋਣ ਕਰਕੇ ਮੈਂ ਹਰ ਕਿਸੇ ਨਾਲ ਬਹੁਤ ਵਲ-ਵਲੇਵੇਂ ਪਾਏ ਬਿਨ੍ਹਾਂ ਹੀ ਯਾਰੀ ਗੰਢ ਲੈਂਦਾ ਤੇ ਜੇਕਰ ਕੋਈ ਹੱਸ ਕੇ ਬੋਲ ਪਿਆ ਤਾਂ ਉਸ 'ਚੋਂ ਆਪਣੇਪਣ ਦੀ ਖੁਸ਼ਬੂ ਆਉਣ ਲੱਗਦੀ ਐ। ਜਿਸ ਕਾਰਨ ਭਾਵੇਂ ਮੈਂ ਬਹੁਤ ਵਾਰ ਘਾਟਾ ਵੀ ਜ਼ਰਿਆ। ਮੇਰੀ ਇਸ ਆਦਤ ਕਰਕੇ ਮੈਨੂੰ ਸੇਠ ਤੇ ਉਸ ਦੀ ਘਰ ਵਾਲੀ ਅਕਸਰ ਵਰਜਦੇ ਰਹਿੰਦੇ ਕਿ ਤੂੰ ਹਰੇਕ ਦੀਆਂ ਗੱਲਾਂ 'ਚ ਨਾ ਆਇਆ ਕਰ, ਤੈਨੂੰ ਕੋਈ ਮਾਂਝ ਕੇ ਧਰ ਜੂ, ਹਾਥੀ ਵਾਂਗ ਲੋਕਾਂ ਦੇ ਖਾਣ ਦੇ ਦੰਦ ਹੋਰ ਤੇ ਦਿਖਾਉਣ ਦੇ ਦੰਦ ਹੋਰ ਨੇ...। ਹੁਣ ਜ਼ਮਾਨੇ ਦਾ ਭੇਦ ਨਹੀਂ ਆਉਂਦਾ...ਤੂੰ ਗਾਹਕਾਂ ਨਾਲ ਮੁੱਲ ਦਾ ਹੀ ਬੋਲਿਆ ...। ਮੈਂ ਇਨ੍ਹਾਂ ਦੀਆਂ ਗੱਲਾਂ ਇਕ ਕੰਮ 'ਚੋਂ ਸੁਣ ਕੇ ਦੂਜੇ ਕੰਨ 'ਚੋਂ ਕੱਢ ਦਿੰਦਾ।

ਇਹ ਵੀ ਪੜ੍ਹੋ: ਹੱਡ ਬੀਤੀ ਜੱਗ ਬੀਤੀ: ਫੇਰੀ ਸਾਹਿਤ ਸਭਾ ਦੀ....

ਇਸ ਸੁਭਾਅ ਕਰਕੇ ਹੀ ਸੇਠ ਦੇ ਮੁੰਡੇ ਨਾਲ ਮੇਰਾ ਮੋਹ ਪੈ ਗਿਆ। ਸੇਠ ਦੇ ਮੁੰਡੇ ਦਾ ਨਾਂ ਅੰਕੁਸ਼ ਪਰ ਲਾਡ ਨਾਲ ਸਾਰੇ ਉਂਜ ਅੰਕੂ ਕਹਿੰਦੇ ਸਨ। ਅੰਕੂ ਜਦੋਂ ਦੁਕਾਨ 'ਤੇ ਹੁੰਦਾ ਤਾਂ ਇਕ ਕੁੜੀ ਸੌਦਾ ਲੈਣ ਬਹਾਨੇ ਦੁਕਾਨ 'ਤੇ ਜ਼ਰੂਰ ਆਉਂਦੀ। ਪਹਿਲੋਂ-ਪਹਿਲ ਤਾਂ ਸੇਠ ਦਾ ਮੁੰਡਾ ਮੈਨੂੰ ਭੋਲਾ ਜਿਹਾ ਲੱਗਦਾ ਸੀ ਕਿਉਂਕਿ ਮੈਂ ਸੋਚਦਾ ਕਿ ਇਹ ਠਹਿਰਿਆ ਮਹਾਜਨ ਉਤੋਂ ਦੁਕਾਨ ਦੀ ਕਿਸ਼ਤੀ 'ਤੇ ਸਵਾਰ ਐ ਇਹ ਕਿਵੇਂ ਰੁੜ ਸਕਦਾ ਐ ਇਸ਼ਕ ਨਦੀ 'ਚ। ਕਿਉਂਕਿ ਅੰਕੂ ਨੂੰ ਮੈਂ ਕਈ ਵਾਰ ਦੇਖ ਲਿਆ ਸੀ ਉਸ ਕੁੜੀ ਨਾਲ ਅੱਖ-ਮਟੱਕਾ ਕਰਦੇ ਨੂੰ। ਸ਼ੁਰੂ 'ਚ ਤਾਂ ਮੈਨੂੰ ਇਉ ਮਹਿਸੂਸ ਹੋਇਆ ਜਿਵੇਂ ਭੁਲੇਖਾ ਲੱਗਿਆ ਹੋਵੇ। ਪਰ ਮੇਰਾ ਭੁਲੇਖਾ ਉਦੋਂ ਦੂਰ ਹੋਇਆ ਜਦੋਂ ਅੰਕੂ ਨੇ ਇਕ ਦਿਨ ਉਸ ਨੂੰ ਕਾਗਜ਼ ਦਾ ਟੁਕੜਾ ਫੜਾਇਆ।

ਇਹ ਵੀ ਪੜ੍ਹੋ: ਹੱਡ ਬੀਤੀ ਜੱਗ ਬੀਤੀ: ਹੱਟੀ 'ਤੇ ਅਖਾੜਾ...
 
ਇਕ ਦਿਨ ਮੈਂ ਤੇ ਅੰਕੂ ਦੁਕਾਨ ਸਾਂ , ਅੰਕੂ ਦਾ ਇਕ ਆੜੀ ਮੇਰੇ ਸਾਹਮਣੇ ਉਸ ਨੂੰ ਪੁੱਛਣ ਲੱਗਿਆ, ਹੋਰ ਸੁਣਾ ਭਰਜਾਈ ਦਾ ਕੀ ਹਾਲ ਐ...? ਤੇਰੀਆਂ ਮੌਜਾਂ ਬਾਈ...ਨਾਏ ਪੁੰਨ ਨਾਲੇ ਫਲ਼ੀਆ ਉਹ ਲਗਾਤਾਰ ਬੋਲੀ ਜਾ ਰਿਹਾ...ਮੈਂ ਕਦੇ ਅੰਕੂ ਵੱਲ ਵੇਖਦਾ ਤਾਂ ਕਦੇ ਉਸ ਦੇ ਆੜੀ ਵੱਲ...। ਅੰਕੂ ਉਸ ਨੂੰ ਅੱਖਾਂ ਦੀ ਘੂਰ ਨਾਲ਼ ਇਸ਼ਾਰਾ ਕਰਦਾ ਰਿਹਾ , ਪਰ ਉਹ ਪਤੰਦਰ ਕਿੱਥੇ ਸਮਝਣ ਵਾਲਾ ਸੀ। ਉਸ ਦਿਨ ਤੋਂ ਬਾਅਦ ਮੇਰਾ ਸ਼ੱਕ ਯਕੀਨ 'ਚ ਬਦਲ ਗਿਆ ਕਿ ਦਾਲ਼ 'ਚ ਜ਼ਰੂਰ ਕੁਝ ਕਾਲਾ। ਕਈ ਵਾਰ ਜਦੋਂ ਉਹ ਕੁੜੀ ਸੌਦਾ ਲੈਣ ਆਉਂਦੀ ਤਾਂ ਅੰਕੂ ਸਮਾਨ ਵਾਲੇ ਲਿਫ਼ਾਫ਼ੇ 'ਚ ਚਾਕਲੇਟ, ਟੌਫੀਆਂ ਅਤੇ ਹੋਰ ਵੀ ਬੜਾ ਕੁਝ ਪਾ ਦਿੰਦਾ... ਆਹ ਕੁਝ ਮੈਂ ਬਹੁਤ ਵਾਰ ਦੇਖਿਆ...ਜਦੋਂ ਅੰਕੂ ਦੇ ਪੇਪਰ ਸ਼ੁਰੂ ਹੋਏ ਤਾਂ ਉਸ ਨੂੰ ਦੁਕਾਨ 'ਤੇ ਆਉਣ ਦਾ ਸਮਾਂ ਵੀ ਮਿਲਦਾ। ਉਹ ਕੁੜੀ ਆਉਂਦੀ ਪਰ ਅੰਕੂ ਨਾ ਮਿਲਦਾ, ਉਹ ਉਦਾਸ ਹੋ ਕੇ ਮੁੜ ਜਾਂਦੀ...ਜਦੋਂ ਕਦੇ-ਕਦਾਈਂ ਤਾਂ ਉਹ ਸਿਰਫ਼ ਇਹ ਪੁੱਛ ਕੇ ਵੀ ਮੁੜ ਜਾਂਦੀ ਕਿ,''ਤੁਹਾਡੇ ਬਿਜਲੀ ਹੈਗੀ ਆ...? ਇਕ ਦਿਨ ਅੰਕੂ ਨੇ ਮੈਨੂੰ ਇਕ ਕਾਗਜ਼ ਦਾ ਟੁਕੜਾ ਫੜ੍ਹਾਇਆ ਕਿ ਜਦੋਂ ਤਰਲੋਚਨ ਦੀ ਕੁੜੀ ਦੁਕਾਨ 'ਤੇ ਆਵੇ ਤਾਂ ਮੈਂ ਫੜ੍ਹਾ ਦੇਵਾਂ...ਮੈਂ ਜਾਣਨਾ ਵੀ ਚਾਹਿਆ ਤਾਂ ਅੰਕੂ ਨੇ ਮੈਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਸੌਦਿਆਂ ਦੇ ਪੈਸਿਆਂ ਦੀ ਪਰਚੀ ਐ...ਉਹ ਕੁੜੀ ਤਾਂ ਆਈ ਨਾ ਪਰ ਉਸ ਦੀ ਦਾਦੀ ਜ਼ਰੂਰ ਖੰਡ ਲੈਣ ਆਈ ਤੇ ਮੈਂ ਉਹ ਪਰਚੀ ਸੌਦੇ  ਵਾਲੇ ਲਿਫ਼ਾਫ਼ੇ 'ਚ ਪਾ ਕੇ ਕਿਹਾ,' ਬੀਬੀ ਆ ਸੌਦੇ ਦੇ ਪੈਸਿਆਂ ਦੀ ਪਰਚੀ ਐ...। ਮੈਂ ਸੌਦਾ ਦੇ ਕੇ ਆਪਣੇ ਕੰਮ ਲੱਗ ਗਿਆ ਅਤੇ ਬੀਬੀ ਸੌਦਾ ਲੈ ਕੇ ਆਪਣੇ ਰਾਹ ਪਈ...। ਜਦੋਂ ਉਸ ਨੇ ਘਰ ਜਾ ਕੇ ਦੇਖਿਆ ਤਾਂ ਉਹ ਸੌਦਿਆਂ ਦੀ ਪਰਚੀ ਨਹੀਂ, ਉਨ੍ਹਾਂ ਦੀ ਕੁੜੀ ਨੂੰ ਸੇਠ ਦੇ ਮੁੰਡੇ ਦਾ ਲਿਖਿਆ ਪ੍ਰੇਮ ਪੱਤਰ ਸੀ। ਸਾਰਾ ਟੱਬਰ ਗੁੱਸੇ 'ਚ ਲਾਲ ਹੋਇਆ ਹੱਟੀ 'ਤੇ ਆਣ ਖੜਿਆ...ਜਿੰਨੇ ਮੂੰਹ ਓਨੀਆਂ ਆਵਾਜ਼ਾਂ, ਕੋਈ ਕਹੇ ਕਿੱਥੇ ਆ ਸੇਠਾ ਤੇਰਾ ਰਾਂਝਾ ਅਸੀਂ ਧੌਣ ਕੁੱਟਣੀ ਆ ਉਸ ਦੀ, ਕੋਈ ਕਹੇ ਕੱਢ ਮਿਰਜ਼ੇ ਨੂੰ ਬਾਹਰ, ਦੱਸੀਏ ਇਸ ਨੂੰ ਕਿਵੇਂ ਕਿਸੇ ਦੀ ਧੀ ਭੈਣ ਨੂੰ ਪ੍ਰੇਮ ਜਾਲ 'ਚ ਫਸਾਈ ਦਾ ਐ ...ਵਿਚੋਂ ਇਕ ਬੋਲਿਆ...ਸੇਠਾ ਅੱਜ ਤਾਂ ਅਸੀਂ ਇਸ ਦੇ ਹੱਥ ਵੱਡਣੇ ਆ ਜਿਨ੍ਹਾਂ ਹੱਥਾਂ ਨਾਲ ਇਸਨੇ ਚਿੱਠੀ ਲਿਖੀ ਆ ਸਾਡੀ ਕੁੜੀ ਨੂੰ...ਇਸ ਨੇ ਸਮਝ ਕੀ ਲਿਆ...ਅਸੀਂ ਗ਼ਰੀਬ ਆਂ...ਸਾਡੀ ਇੱਜਤ ਨਹੀਂ ਹੁੰਦੀ....। ਸੌਦਾ ਲੈ ਕੇ ਜਾਣ ਵਾਲੀ ਬੀਬੀ ਵੀ ਨਾਲ ਈ ਸੀ ਉਨ੍ਹਾਂ ਦੇ, ਜਿਸ ਨੂੰ ਮੈਂ ਉਹ ਪਰਚੀ ਫੜ੍ਹਾਈ ਸੀ, ਉਹ ਵੀ ਬੋਲ ਪਈ...ਆ ਅਲੀ ਨੂੰ ਪੁੱਛੋ ਇਸ ਨੇ ਫੜ੍ਹਾਈ ਸੀ ਮੈਨੂੰ ਪਰਚੀ..ਮੈਂ ਡਰ ਗਿਆ, ਮੈਂ ਕਿਹਾ, ਮੈਨੂੰ ਤਾਂ ਜੀ ਅੰਕੂ ਵੀਰੇ ਨੇ ਕਿਹਾ ਸੀ ਕਿ ਆਹ ਸੌਦੇ ਦੇ ਪੈਸਿਆਂ ਦੀ ਪਰਚੀ ਆ ਤਰਲੋਚਨ ਕੇ ਫੜ੍ਹਾ ਦੀ ਜਦੋਂ ਕੋਈ ਆਇਆ..., ਨਾ ਮੈਂ ਖੋਲ੍ਹ ਕੇ ਦੇਖੀ...ਸਾਰਾ ਮੁਹੱਲਾ ਇਕੱਠਾ ਹੋ ਗਿਆ। ਸੇਠ ਥਰ-ਥਰ ਕੰਬੇ ਨਾਲ ਮੁੰਡੇ ਨੂੰ ਗਾਲ੍ਹਾਂ ਕੱਢੇ...ਮੈਂ ਸਮਝਾਦੂੰ ਸਰਦਾਰ ਸਾਹਬ, ਮੇਰੀ ਦਾੜ੍ਹੀ ਵੱਲ ਦੇਖੋ... ਵਿਚੋਂ ਇਕ ਬੋਲ ਪਿਆ ਸੇਠ ਤੇਰੀ ਦਾੜੀ ਕੀ ਦੇਖਣੀ...ਤੇਰੇ ਮੂੰਹ ਤੇ ਤਾਂ ਦੂਰ ਸਿਰ ਤੇ ਵੀ ਵਾਲ਼ ਨੀ.... ਸੇਠ ਨੇ ਮੁੰਡਾ ਸੱਦ ਲਿਆ। ਦੁਕਾਨ ਤੇ ਮੁਆਫ਼ੀ ਮੰਗਵਾਈ ਅੰਕੂ ਨੇ ਕੁੜੀ ਤੋਂ ਭੈਣ ਕਹਿ ਕੇ ਮੁਆਫ਼ੀ ਮੰਗੀ...ਨਾਲੇ ਕੁੜੀ ਦੇ ਬਾਪੂ ਦੇ ਪੈਰੀਂ ਹੱਥ ਲੁਆਏ ਸਰਪੰਚ ਨੇ...ਤਾਂ ਕਿਤੇ ਜਾ ਕੇ ਮਸਲਾ ਠੰਡਾ ਪਿਆ...ਪਿਛੋਂ ਸੇਠ ਮੇਰੇ ਸਿਰ ਹੋ ਗਿਆ,''ਤੈਨੂੰ ਪਤਾ ਨਹੀਂ ਸੀ ਇਹ ਕੀ ਚੰਦ ਚਾੜਦਾ ਐ...ਤੂੰ ਦੱਸ ਨੀਂ ਸੀ ਸਕਦਾ ਮੈਨੂੰ ਇਸ ਦੀ ਕਰਤੂਤ...ਮੈਂ ਕਿਹਾ ਮੈਂ ਨੌਕਰ ਉਹ ਮਾਲਕ, ਮੈਂ ਕਿਵੇਂ ਰੋਕ ਸਕਦਾ ਵੀਰੇ ਨੂੰ... ਸੇਠ ਇਹ ਸੁਣ ਕੇ ਹੋਰ ਚਿੜ੍ਹ ਗਿਆ,''ਮੈਂ ਬਣਾਉਂਦਾ ਇਸ ਦਾ ਮੋਰ...ਅੱਜ ਤੋਂ ਬਾਅਦ ਇਸ ਦਾ ਸ਼ਹਿਰ ਜਾਣਾ ਬੰਦ...ਮੇਰਾ ਜਲੂਸ ਕੱਢ ਕੇ ਰੱਖ 'ਤਾਂ...ਸੇਠ ਨੇ ਮੱਥੇ 'ਤੇ ਹੱਥ ਮਾਰਿਆ...ਹਾਏ ਰੱਬਾ ਆਹ ਦਿਨ ਰਹਿੰਦੇ ਸਨ ਦੇਖਣ ਨੂੰ...।

ਅਲੀ ਰਾਜਪੁਰਾ "ਸਟੇਟ ਐਵਾਰਡੀ"

ਨੋਟ : ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਦਾ ਲੱਗਾ ? ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News