ਆਮ ਲੋਕਾਂ ਵੱਲੋਂ ਚੁਣੇ ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਮਿਲ ਰਹੇ ਖੁੱਲ੍ਹੇ ਖ਼ਰਚੇ

01/26/2023 4:31:17 PM

ਪਟਿਆਲਾ/ਰੱਖੜਾ (ਰਾਣਾ) : ਪੰਜਾਬ ਸਰਕਾਰ ’ਚ ਆਮ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਅਤੇ ਦੂਸਰੀਆਂ ਪਾਰਟੀਆਂ ਦੇ ਚੁਣੇ ਹੋਏ ਵਿਧਾਇਕ ਆਮ ਹੋਣ ਦੇ ਬਾਵਜੂਦ ਵੀ ਮੌਜਾਂ ਲੁੱਟ ਰਹੇ ਹਨ ਕਿਉਂਕਿ ਪੰਜਾਬ ਵਿਧਾਨ ਸਭਾ ਵੱਲੋਂ ਇਨ੍ਹਾਂ ਵਿਧਾਇਕਾਂ ਨੂੰ ਖੁੱਲ੍ਹੇ ਖ਼ਰਚੇ ਦਿੱਤੇ ਜਾ ਰਹੇ ਹਨ। ਸਾਲ ਦੇ ਪੱਕੇ ਤੌਰ ’ਤੇ 3 ਲੱਖ ਰੁਪਏ ਜਹਾਜ਼, ਰੇਲ ਜਾਂ ਹੋਰ ਆਵਾਜਾਈ ਰਾਹੀਂ ਸਫ਼ਰ ਕਰਨ ਦੇ ਮਿਲ ਰਹੇ ਹਨ। 300 ਰੁਪਏ ਮਹੀਨੇ ਦੇ ਖ਼ਰਚ ਵਾਲੇ ਮੋਬਾਇਲ ਫੋਨ ਦੇ 15 ਹਜ਼ਾਰ ਰੁਪਏ ਮਹੀਨਾ ਅਤੇ ਦਫ਼ਤਰੀ ਖ਼ਰਚੇ ਦੇ 10 ਹਜ਼ਾਰ ਰੁਪਏ ਤੋਂ ਇਲਾਵਾ ਤਨਖ਼ਾਹ ਵੀ ਦਿੱਤੀ ਜਾ ਰਹੀ ਹੈ। ਜਦੋਂ ਕਿ ਬਹੁ ਗਿਣਤੀ ਵਿਧਾਇਕਾਂ ਕੋਲ ਮੁਫ਼ਤ ਵਾਲੇ ਦਫ਼ਤਰ ਅਤੇ 300 ਰੁਪਏੇ ਮਹੀਨੇ ਖ਼ਰਚ ਵਾਲੇ ਮੋਬਾਇਲ ਸਿਮ ਹਨ। ਇਨ੍ਹਾਂ ਸਹੂਲਤਾਂ ’ਤੇ ਬਣਦਾ ਟੈਕਸ ਵੀ ਪੰਜਾਬ ਸਰਕਾਰ ਵੱਲੋਂ ਭਰਿਆ ਜਾਂਦਾ ਹੈ । ਵਿਧਾਇਕ ਲੱਖਾਂ ਰੁਪਏ ਦੇ ਭੱਤੇ ਲੈ ਰਹੇ ਹਨ ਪਰ ਗ਼ਰੀਬ ਲੋਕਾਂ ਨੂੰ 2 ਰੁਪਏ ਕਿਲੋ ਵਾਲੀ ਕਣਕ ਵੀ ਢੰਗ ਨਾਲ ਨਹੀਂ ਮਿਲ ਰਹੀ।

ਇਹ ਵੀ ਪੜ੍ਹੋ : 'ਆਪ' ਨੂੰ ਯਾਦ ਆਏ ਪੁਰਾਣੇ ਵਰਕਰ, ਅਸੈਂਬਲੀ ਪਰਸਨ ਆਫ ਕੰਟੈਕਟ ਲਗਾਉਣ ਦਾ ਪਲਾਨ ਤਿਆਰ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਆਰ. ਟੀ. ਆਈ. ਮਾਹਿਰ ਅਤੇ ਸਮਾਜ-ਸੇਵੀ ਬ੍ਰਿਸ ਭਾਨ ਬੁਜਰਕ ਨੇ ਦੱਸਿਆ ਕਿ ਪੰਜਾਬ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਕੋਲੋਂ ਸੂਚਨਾ ਦੇ ਅਧਿਕਾਰ ਐਕਟ-2005 ਤਹਿਤ ਵਿਧਾਇਕਾਂ ਨੂੰ ਮਿਲਣ ਵਾਲੇ ਸਾਲਾਨਾ ਅਤੇ ਮਹੀਨਾਵਾਰ ਭੱਤਿਆਂ ਸਬੰਧੀ ਜਾਣਕਾਰੀ ਮੰਗੀ ਗਈ ਸੀ। ਇਸ ਸਬੰਧੀ ਵਿਭਾਗ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਕਿਉਂਕਿ ਵਿਧਾਇਕਾਂ ਨੂੰ ਉਕਤ ਖ਼ਰਚੇ ਪੰਜਾਬ ਵਿਧਾਨ ਸਭਾ ਵੱਲੋਂ ਦਿੱਤੇ ਜਾਂਦੇ ਹਨ, ਜਿਸ ਕਰ ਕੇ ਵਿਧਾਨ ਸਭਾ ਸਕੱਤਰੇਤ ਵੱਲੋਂ ਦੱਸਿਆ ਗਿਆ ਹੈ ਕਿ ਰਾਜ ਦੇ ਵਿਧਾਇਕਾਂ ਨੂੰ 25 ਹਜ਼ਾਰ ਰੁਪਏ ਮਹੀਨਾ ਤਨਖ਼ਾਹ, 10 ਹਜ਼ਾਰ ਰੁਪਏ ਦਫ਼ਤਰੀ ਖ਼ਰਚਾ, 25 ਹਜ਼ਾਰ ਰੁਪਏ ਡਾਕ ਅਤੇ ਹੋਰ ਖ਼ਰਚੇ, 15 ਹਜ਼ਾਰ ਰੁਪਏ ਟੈਲੀਫੋਨ ਖ਼ਰਚਾ, ਇਕ ਹਜ਼ਾਰ ਰੁਪਏ ਬਿਜਲੀ, ਪਾਣੀ ਦਾ ਖ਼ਰਚਾ, 5 ਹਜ਼ਾਰ ਰੁਪਏ ਮੁਆਵਜ਼ਾ ਭੱਤਾ, 3 ਹਜ਼ਾਰ ਰੁਪਏ ਸਹਾਇਕ ਭੱਤਾ, 1500 ਰੁਪਏ ਰੋਜ਼ਾਨਾ ਭੱਤਾ, 15 ਰੁਪਏ ਪ੍ਰਤੀ ਕਿਲੋਮੀਟਰ ਸੜਕਾਂ ’ਤੇ ਚੱਲਣ ਦਾ, 10 ਹਜ਼ਾਰ ਸਕੱਤਰੇਤ ਭੱਤਾ ਅਤੇ 3 ਲੱਖ ਰੁਪਏ ਸਾਲਾਨਾ ਮੁਫ਼ਤ ਸਫ਼ਰ ਜਹਾਜ਼, ਰੇਲ ਗੱਡੀ ਆਦਿ ਭੱਤੇ ਤੋਂ ਬਿਨਾਂ ਹੋਟਲਾਂ ’ਚ ਰਹਿਣ-ਖਾਣ-ਪੀਣ ਆਦਿ ਦੇ ਖ਼ਰਚ ਵੱਖਰੇ ਤੌਰ ’ਤੇ ਮਿਲ ਰਹੇ ਹਨ।

ਇਹ ਵੀ ਪੜ੍ਹੋ- 'ਆਪ' ਵਿਧਾਇਕਾਂ ਦੀ ਪ੍ਰਵਾਹ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸੁਣਵਾਈ ਮੁਕੰਮਲ, ਰਿਪੋਰਟ ਵਿਧਾਨ ਸਭਾ ਕੋਲ

ਇਸ ਤਰ੍ਹਾਂ ਪੰਜਾਬ ਸਰਕਾਰ ਦਾ ਇਕ ਵਿਧਾਇਕ ਹਰ ਮਹੀਨੇ ਡੇਢ ਲੱਖ ਰੁਪਏ ਤੋਂ ਵੱਧ ਅਤੇ ਸਾਲਾਨਾ 20 ਲੱਖ ਰੁਪਏ ਤੋਂ ਵੱਧ ਦਾ ਖ਼ਰਚਾ ਲੈ ਰਿਹਾ ਹੈ ਅਤੇ 5 ਸਾਲਾਂ ’ਚ 1 ਕਰੋੜ ਰੁਪਏ ਨੂੰ ਸਰਕਾਰੀ ਤੌਰ ’ਤੇ ਜੱਫਾ ਮਾਰ ਸਕਦਾ ਹੈ। ਇਸ ਤਰ੍ਹਾਂ ਹਰ ਮਹੀਨੇ ਹਰ ਸਾਲ ਅਤੇ 5 ਸਾਲਾਂ ’ਚ ਵਿਧਾਇਕਾਂ ਵੱਲੋ ਲੋਕਾਂ ਦੇ ਮਿਹਨਤ ਦੀ ਕਮਾਈ ’ਚੋਂ ਲੱਖਾਂ ਰੁਪਏ ਲਏ ਜਾ ਰਹੇ ਹਨ।


Harnek Seechewal

Content Editor

Related News