ਦਿੱਲੀ ''ਚ ਬੰਪਰ ਜਿੱਤ ਨਾਲ ''ਆਪ'' ਆਗੂ ਬਾਗ਼ੋਬਾਗ਼

02/12/2020 3:03:11 PM

ਪਟਿਆਲਾ (ਬਲਜਿੰਦਰ, ਰਾਣਾ): ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਦੀ ਹੂੰਝਾਫੇਰ ਜਿੱਤ ਨਾਲ ਬਾਗੋਬਾਗ ਹੋਏ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸ਼ਹਿਰ ਵਿਚ ਜੇਤੂ ਮਾਰਚ ਕੀਤਾ। ਜਿਉਂ-ਜਿਉਂ ਦਿੱਲੀ ਦੇ ਨਤੀਜੇ ਸਪੱਸ਼ਟ ਹੁੰਦੇ ਗਏ, 'ਆਪ' ਵਰਕਰਾਂ ਅਤੇ ਆਗੂਆਂ ਦੇ ਹੌਸਲੇ ਪੰਜਾਬ ਵਿਚ ਹੋਰ ਵਧਦੇ ਗਏ। ਪਹਿਲੇ ਰੁਝਾਨ ਤੋਂ ਹੀ ਆਮ ਆਦਮੀ ਪਾਰਟੀ ਨੇ ਜੇਤੂ ਬੜ੍ਹਤ ਬਣਾ ਕੇ ਰੱਖੀ। ਜਿਉਂ-ਜਿਉਂ ਨਤੀਜੇ ਸਪੱਸ਼ਟ ਹੁੰਦੇ ਗਏ ਤਾਂ ਕਿਸੇ ਸਮੇਂ ਜਿਹੜੀ ਕਾਂਟੇ ਦੀ ਟੱਕਰ ਲੱਗ ਰਹੀ ਸੀ, ਉਹ ਆਮ ਆਦਮੀ ਪਾਰਟੀ ਦੀ ਇਕਪਾਸੜ ਜਿੱਤ ਸਾਬਤ ਹੋਈ। ਪੰਜਾਬ ਚੋਣਾਂ ਵਿਚ ਮਿਲੀ ਨਿਰਾਸ਼ਾ ਤੋਂ ਬਾਅਦ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਜਿਵੇਂ ਇਸ ਜਿੱਤ ਨਾਲ ਸੰਜੀਵਨੀ ਮਿਲ ਗਈ ਹੋਵੇ। ਪਿਛਲੇ ਸਾਲ ਲੋਕ ਸਭਾ ਚੋਣਾਂ ਵਿਚ ਵੀ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਲਈ ਇਹ ਵੱਡੀ ਰਾਹਤ ਦੀ ਖਬਰ ਸੀ। ਲਗਾਤਾਰ ਹਾਰ ਕਾਰਣ ਵਰਕਰ ਪਾਰਟੀ ਤੋਂ ਇਕ ਤਰ੍ਹਾਂ ਦੂਰ ਹੁੰਦਾ ਜਾ ਰਿਹਾ ਸੀ।

ਨਤੀਜੇ ਪੂਰੀ ਤਰ੍ਹਾਂ ਸਾਫ ਹੋਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਆਗੂਆਂ ਦਾ ਇਕੱਠ ਜੇਲ ਰੋਡ 'ਤੇ ਸਥਿਤ ਪਾਰਟੀ ਦਫ਼ਤਰ ਹੇਠਾਂ ਇਕੱਠ ਹੋਣਾ ਸ਼ੁਰੂ ਹੋ ਗਿਆ ਅਤੇ ਵਰਕਰਾਂ ਨੇ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ। ਵਰਕਰਾਂ ਅਤੇ ਆਗੂਆਂ ਵੱਲੋਂ ਭੰਗੜੇ ਪਾ ਕੇ ਖੁਸ਼ੀ ਮਨਾਈ ਜਾ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਸ਼ਹਿਰ ਵਿਚ ਜੇਤੂ ਮਾਰਚ ਵੀ ਕੀਤਾ। ਆਮ ਆਦਮੀ ਪਾਰਟੀ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਇਸ ਤਰ੍ਹਾਂ ਨਜ਼ਰ ਆ ਰਹੀ ਸੀ ਜਿਵੇਂ ਨਤੀਜੇ ਦਿੱਲੀ ਦੇ ਨਹੀਂ ਸਗੋਂ ਪੰਜਾਬ ਦੇ ਆਏ ਹੋਣ। ਦਿੱਲੀ ਵਿਚ ਭਾਜਪਾ ਨਾਲ ਸਿੱਧੀ ਟੱਕਰ ਵਿਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਸ ਨਾਲ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੇ ਹੌਸਲੇ ਬੁਲੰਦ ਹੋਣੇ ਲਾਜ਼ਮੀ ਸਨ।

ਆਗੂ ਜੇਲ ਰੋਡ ਸਥਿਤ ਦਫ਼ਤਰ ਤੋਂ ਜੇਤੂ ਮਾਰਚ ਸ਼ੁਰੂ ਕਰ ਕੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਚੌਕ ਤੋਂ ਹੁੰਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਗਏ, ਜਿਥੇ ਕਈ ਥਾਵਾਂ 'ਤੇ ਮਾਰਚ ਦਾ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਬਲਬੀਰ ਸਿੰਘ, ਤਜਿੰਦਰ ਮਹਿਤਾ, ਕਰਨਵੀਰ ਟਿਵਾਣਾ, ਇੰਦਰਜੀਤ ਸਿੰਘ ਸੰਧੂ, ਜਰਨੈਲ ਸਿੰਘ ਮਨੂੰ, ਸੰਦੀਪ ਬੰਧੂ ਅਤੇ ਕੁੰਦਨ ਗੋਗੀਆ ਸਮੇਤ ਸ਼ਹਿਰ ਦੀ ਸਮੁੱਚੀ ਲੀਡਰਸ਼ਿੱਪ ਨੇ ਵੀ ਜੇਤੂ ਮਾਰਚ ਵਿਚ ਵਿਸ਼ੇਸ਼ ਤੌਰ 'ਤੇ ਭਾਗ ਲਿਆ।

Shyna

This news is Content Editor Shyna