ਹੜ੍ਹ-ਪੀੜਤਾਂ ਦੇ ਹੱਕ 'ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਘੇਰਿਆ ਡੀ. ਸੀ. ਦਫ਼ਤਰ

07/30/2019 1:48:25 PM

ਪਟਿਆਲਾ (ਰਾਜੇਸ਼, ਜੋਸਨ)—ਪਟਿਆਲਾ ਜ਼ਿਲੇ ਵਿਚ ਘੱਗਰ, ਪਟਿਆਲੇ ਵਾਲੀ ਨਦੀ ਅਤੇ ਝੰਬੋ ਚੋਅ ਅਤੇ ਹੋਰ ਡਰੇਨਾਂ ਦੇ ਨਾਲ ਲਗਦੇ ਇਲਾਕਿਆਂ, ਜਿਥੇ ਪਿਛਲੇ ਦਿਨੀਂ ਹੜ੍ਹਾਂ ਨੇ ਅੱਤ ਦਾ ਨੁਕਸਾਨ ਕੀਤਾ ਹੈ, ਦਾ ਸਰਵੇਖਣ ਕੀਤਾ ਜਾਵੇ ਅਤੇ ਜੇਕਰ ਪਿਛਲੇ 10 ਸਾਲਾਂ ਵਿਚ ਇਨ੍ਹਾਂ ਇਲਾਕਿਆਂ ਵਿਚ ਕੋਈ ਇਕ ਵਾਰ ਵੀ ਹੜ੍ਹ ਆਇਆ ਹੈ ਤਾਂ ਉਸ ਇਲਾਕੇ ਨੂੰ ਹੜ੍ਹ-ਪੀੜਤ ਐਲਾਨਿਆ ਜਾਵੇ। ਦੂਸਰਾ ਇਸ ਵਾਰ ਆਏ ਹੜ੍ਹਾਂ ਦੀ ਜ਼ਿੰਮੇਵਾਰੀ ਡਰੇਨੇਜ ਮਹਿਕਮੇ ਦੀ ਹੈ ਅਤੇ ਡਰੇਨੇਜ ਮਹਿਕਮੇ ਦਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਤੁਰੰਤ ਇਸ ਦੀ ਇਖ਼ਲਾਕੀ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ। ਨਾਲ ਦੀ ਨਾਲ ਡਰੇਨੇਜ ਮਹਿਕਮੇ ਦੇ ਉੱਚ ਅਧਿਕਾਰੀਆਂ ਜਿਵੇਂ ਕਿ ਚੀਫ ਇੰਜੀਨੀਅਰ, ਡਰੇਨੇਜ, ਐੱਸ. ਈ. ਅਤੇ ਐਕਸੀਅਨ ਆਦਿ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਇਨ੍ਹਾਂ ਦੀ ਅਣਗਹਿਲੀ ਕਾਰਣ ਹੀ ਕਿਸਾਨਾਂ ਅਤੇ ਆਮ ਲੋਕਾਂ ਦੇ ਜਾਨ-ਮਾਲ, ਪਸ਼ੂ-ਧਨ, ਮਕਾਨਾਂ ਅਤੇ ਫ਼ਸਲਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ। ਤੀਸਰਾ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰ ਕੇ ਪ੍ਰਤੀ ਏਕੜ 40000 ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਮੁਆਵਜ਼ਾ ਕਾਸ਼ਤਕਾਰ ਨੂੰ ਹੀ ਦਿੱਤਾ ਜਾਵੇ। ਗਿਰਦਾਵਰੀ ਲਈ ਕੇਵਲ ਮਾਲ ਮਹਿਕਮੇ ਦੇ ਭ੍ਰਿਸ਼ਟ ਕਰਮਚਾਰੀਆਂ ਅਤੇ ਅਧਿਕਾਰੀਆਂ ਉੱਪਰ ਨਿਰਭਰ ਨਾ ਕੀਤਾ ਜਾਵੇ ਸਗੋਂ ਪਿੰਡਾਂ ਦੀਆਂ ਪੰਚਾਇਤਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਕਿਸਾਨ ਯੂਨੀਅਨਾਂ ਦੇ ਨੁਮਾਂਇੰਦਿਆਂ ਨੂੰ ਨਾਲ ਲੈ ਕੇ ਕੀਤੀ ਜਾਵੇ ਕਿਉਂਕਿ ਅਜਿਹੇ ਮੌਕੇ ਮਾਲ ਮਹਿਕਮੇ ਦੇ ਬਹੁਤੇ ਅਫ਼ਸਰ ਅਤੇ ਪਟਵਾਰੀ ਭ੍ਰਿਸ਼ਟ ਹਨ।

ਉਪਰੋਕਤ ਵਿਚਾਰ ਅੱਜ ਵੱਖ-ਵੱਖ ਬੁਲਾਰਿਆਂ ਨੇ ਪਟਿਆਲਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਜ਼ਿਲਾ ਪਟਿਆਲਾ ਵੱਲੋਂ ਹੜ੍ਹ-ਪੀੜਤਾਂ ਦੇ ਹੱਕ ਵਿਚ ਦਿੱਤੇ ਜਾ ਰਹੇ ਧਰਨੇ ਵਿਚ ਰੱਖੇ ਗਏ।ਅੱਜ ਵੱਡੀ ਗਿਣਤੀ ਵਿਚ ਪਟਿਆਲੇ ਦੇ ਕਿਸਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਪਟਿਆਲਾ ਇਕਾਈ ਦੇ ਸੱਦੇ 'ਤੇ ਜ਼ਿਲਾ ਸਕੱਤਰੇਤ ਦੇ ਸਾਹਮਣੇ ਇਕੱਠੇ ਹੋਏ ਅਤੇ ਧਰਨਾ ਲਾ ਕੇ ਬੈਠੇ। ਧਰਨੇ ਨੂੰ ਸੂਬਾ ਆਗੂ ਡਾ. ਦਰਸ਼ਨਪਾਲ, ਜ਼ਿਲਾ ਪ੍ਰਧਾਨ ਜੰਗ ਸਿੰਘ ਭਟੇੜੀ, ਜ਼ਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਲੰਗ ਅਤੇ ਹਰਭਜਨ ਸਿੰਘ ਬੁੱਟਰ ਬਾਦਸ਼ਾਹਪੁਰ, ਸੀਨੀਅਰ ਲੀਡਰ ਅਤੇ ਭਾਦਸੋਂ ਬਲਾਕ ਦੇ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ, ਜ਼ਿਲਾ ਜਥੇਬੰਦਕ ਸਕੱਤਰ ਨਿਸ਼ਾਨ ਸਿੰਘ ਧਰਮਹੇੜੀ, ਜ਼ਿਲਾ ਪ੍ਰੈੱਸ ਸਕੱਤਰ ਨਿਰਮਲ ਸਿੰਘ ਲਚਕਾਣੀ, ਵੱਖ-ਵੱਖ ਬਲਾਕਾਂ ਦੇ ਪ੍ਰਧਾਨਾਂ, ਜਿਨ੍ਹਾਂ ਵਿਚ ਸਨੌਰ ਤੋਂ ਸੁਖਵਿੰਦਰ ਸਿੰਘ ਤੁੱਲੇਵਾਲ, ਨਾਭੇ ਤੋਂ ਹਰਵਿੰਦਰ ਸਿੰਘ ਅਗੇਤਾ, ਪਟਿਆਲਾ-1 ਤੋਂ ਗੁਰਮੀਤ ਸਿੰਘ ਧਬਲਾਨ ਅਤੇ ਅਵਤਾਰ ਸਿੰਘ ਕੌਰਜੀਵਾਲਾ, ਪਾਤੜਾਂ ਤੋਂ ਹਰਭਜਨ ਸਿੰਘ ਧੂਹੜ, ਪਟਿਆਲਾ-2 ਤੋਂ ਧੰਨਾ ਸਿੰਘ ਸਿਓਨਾ, ਭੁਨਰਹੇੜੀ ਤੋਂ ਦਵਿੰਦਰ ਸਿੰਘ ਮੰਜਾਲ ਕਲਾਂ, ਅਜਾਇਬ ਸਿੰਘ ਲੌਟ, ਮੁਖਤਿਆਰ ਸਿੰਘ ਦੁੱਲੜ, ਗਰਜਾ ਸਿੰਘ ਅਸਰਪੁਰ, ਸੁਖਦੇਵ ਸਿੰਘ ਹਰਿਆਊ ਖੁਰਦ, ਹਰਭਜਨ ਸਿੰਘ ਚੱਠਾ ਨੇ ਵੀ ਸੰਬੋਧਨ ਕੀਤਾ।

ਸਾਰੇ ਹੀ ਬੁਲਾਰਿਆਂ ਨੇ ਇਕਸੁਰ ਵਿਚ ਕਿਹਾ ਕਿ ਇਸ ਇਲਾਕੇ ਨੂੰ ਹੜ੍ਹ-ਪੀੜਤ ਇਲਾਕਾ ਐਲਾਨ ਕੇ ਹਰ ਸਾਲ ਹਰ ਕਿਸਾਨ ਨੂੰ 5-5 ਹਜ਼ਾਰ ਰੁਪਏ ਪ੍ਰਤੀ ਏਕੜ ਸਾਉਣੀ ਦੀ ਫ਼ਸਲ ਤੋਂ ਪਹਿਲਾਂ ਦਿੱਤੇ ਜਾਇਆ ਕਰਨ, ਜਿਹੜੇ ਖੇਤੀ ਨਹੀਂ ਕਰਦੇ ਭਾਵ ਖੇਤ ਮਜ਼ਦੂਰ ਅਤੇ ਹੋਰ ਲੋਕ ਉਨ੍ਹਾਂ ਨੂੰ 10-10 ਹਜ਼ਾਰ ਰੁਪਏ ਯਕਮੁਸ਼ਤ ਦਿੱਤੇ ਜਾਣ। ਇਸੇ ਤਰ੍ਹਾਂ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਲਈ ਮੁਫ਼ਤ ਅਤੇ ਮਿਆਰੀ ਪੜ੍ਹਾਈ, ਪਰਿਵਾਰਾਂ ਨੂੰ ਮੁਫ਼ਤ ਅਤੇ ਮਿਆਰੀ ਡਾਕਟਰੀ ਸਹਾਇਤਾ, ਵੱਧ ਸਬਸਿਡੀ ਵਾਲਾ ਸਸਤਾ ਰਸੋਈ ਗੈਸ ਸਿਲੰਡਰ ਅਤੇ ਨਾਲ ਹੀ ਇਨ੍ਹਾਂ ਦੇ ਬੱਚਿਆਂ ਲਈ ਨੌਕਰੀਆਂ ਅਤੇ ਪੜ੍ਹਾਈ ਵਿਚ 10-10 ਫੀਸਦੀ ਰਾਖਵਾਂਕਰਨ ਕੀਤਾ ਜਾਵੇ।

ਧਰਨਾਕਾਰੀਆਂ ਨੇ ਜ਼ਿਲਾ ਪ੍ਰਧਾਨ ਜੰਗ ਸਿੰਘ ਭਟੇੜੀ ਦੀ ਅਗਵਾਈ ਵਿਚ ਡੀ. ਸੀ. ਦਫ਼ਤਰ ਤੋਂ ਮੁੱਖ ਮੰਤਰੀ ਦੇ ਘਰ ਤੱਕ ਰੋਸ ਮਾਰਚ ਕੀਤਾ। ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਵਾਸਤੇ ਉਨ੍ਹਾਂ ਦੀ ਰਿਹਾਇਸ਼ 'ਤੇ ਤਾਇਨਾਤ ਓ. ਐੱਸ. ਡੀ. ਰਾਜੇਸ਼ ਕੁਮਾਰ ਨੂੰ ਆਪਣਾ ਮੰਗ-ਪੱਤਰ ਸੌਂਪਿਆ, ਜਿਸ ਵਿਚ ਉਪਰੋਕਤ ਮੰਗਾਂ ਮੰਨਣ ਲਈ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੀ ਕੈਬਨਿਟ ਨੂੰ ਅਪੀਲ ਕੀਤੀ ਗਈ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜ੍- ਪੀੜਤ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਉਹ ਸੰਘਰਸ਼ ਨੂੰ ਹੋਰ ਤੇਜ਼ ਅਤੇ ਵਿਸ਼ਾਲ ਕਰਨ ਲਈ ਮਜਬੂਰ ਹੋਣਗੇ।


Shyna

Content Editor

Related News