ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੇ ਸਹੇੜੀ ਨਵੀਂ ਮੁਸੀਬਤ, ਪੀ.ਐਮ. ਦੇ ਪ੍ਰਮੁੱਖ ਸਕੱਤਰ ਦੇ ਮਾਰਿਆ ਥੱਪੜ

08/20/2020 11:29:14 AM

ਪਾਕਿਸਤਾਨ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ। ਪਾਕਿਸਤਾਨੀ ਮੀਡੀਆ ਅਨੁਸਾਰ, ਉਸਨੇ ਇੱਕ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪ੍ਰਮੁੱਖ ਸਕੱਤਰ, ਆਜ਼ਮ ਖਾਨ ਨੂੰ ਥੱਪੜ ਮਾਰਿਆ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਕੁਰੈਸ਼ੀ ਅਤੇ ਪਾਕਿਸਤਾਨੀ  ਉੱਚ ਅਫ਼ਸਰਸ਼ਾਹੀ ਵਿਚਕਾਰ ਜੰਮ ਕੇ ਬਹਿਸ ਹੋਈ ਸੀ। ਖ਼ਬਰਾਂ ਅਨੁਸਾਰ ਸ਼ਾਹ ਮਹਿਮੂਦ ਕੁਰੈਸ਼ੀ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ ਪਰ ਇਮਰਾਨ ਦੇ ਪ੍ਰਮੁੱਖ ਸਕੱਤਰ ਆਜ਼ਮ ਖਾਨ ਨੇ ਕੁਰੈਸ਼ੀ ਨੂੰ ਮਿਲਣ ਤੋਂ ਰੋਕ ਦਿੱਤਾ। ਜਿਸ ਤੋਂ ਬਾਅਦ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਆਜ਼ਮ ਖਾਨ ਦਰਮਿਆਨ ਤਲਖ ਕਲਾਮੀ ਸ਼ੁਰੂ ਹੋ ਗਈ। ਆਜ਼ਮ ਖਾਨ ਨੇ ਕੁਰੈਸ਼ੀ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਦੀ ਇਕ ਜ਼ਰੂਰੀ ਬੈਠਕ ਹੋ ਰਹੀ ਹੈ, ਇਸ ਲਈ ਬਾਅਦ ਵਿਚ ਮਿਲਾਂਗੇ। ਵਿਦੇਸ਼ ਮੰਤਰੀ ਕੁਰੈਸ਼ੀ ਨੇ ਇਸ ਨੂੰ ਆਪਣੀ ਹੱਤਕ ਸਮਝਿਆ ਅਤੇ ਪ੍ਰਧਾਨ ਮੰਤਰੀ ਇਮਰਾਨ ਦੇ ਪ੍ਰਮੁੱਖ ਸਕੱਤਰ ਆਜ਼ਮ ਖਾਨ ਨੂੰ ਥੱਪੜ ਜੜ ਦਿੱਤਾ। ਖ਼ਬਰਾਂ ਅਨੁਸਾਰ ਵਿਦੇਸ਼ ਮੰਤਰੀ ਕੁਰੈਸ਼ੀ ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸ਼ਿਕਾਇਤ ਵੀ ਕੀਤੀ। ਦੂਜੇ ਪਾਸੇ, ਖ਼ਬਰਾਂ ਆ ਰਹੀਆਂ ਹਨ ਕਿ ਪਾਕਿਸਤਾਨੀ ਅਧਿਕਾਰੀ ਸ਼ਾਹ ਮਹਿਮੂਦ ਕੁਰੈਸ਼ੀ ਖ਼ਿਲਾਫ਼ ਗੁੱਸਾ ਜ਼ਾਹਿਰ ਕਰਨ ਲਈ ਲਾਮਬੰਦ ਹੋ ਰਹੇ ਹਨ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਟਿੱਪਣੀ ਕਰਦਿਆਂ ਸਾਊਦੀ ਅਰਬ ਪ੍ਰਤੀ ਧਮਕੀ ਭਰਿਆ ਵਤੀਰਾ ਅਪਣਾਇਆ ਸੀ ਜਿਸ ਤੋਂ ਨਾਰਾਜ਼ ਸਾਊਦੀ ਅਰਬ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਵੀ ਬੰਦ ਕਰ ਦਿੱਤੀ ਸੀ।ਇਸ ਮਸਲੇ ਨੂੰ ਹੱਲ ਕਰਨ ਲਈ ਪਾਕਿਸਤਾਨ ਸੈਨਾ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਸਾਊਦੀ ਅਰਬ ਦੇ ਪ੍ਰਿੰਸ ਨੂੰ ਮਨਾਉਣ ਲਈ ਰਿਆਦ ਪਹੁੰਚੇ ਸਨ ਪਰ ਉਹ ਖਾਲੀ ਹੱਥ ਇਸਲਾਮਾਬਾਦ ਪਰਤ ਆਏ ਸਨ। ਉਹਨਾਂ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮਿਲਣ ਦੇ ਲਈ ਹਰ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਪਰ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਵਿਚ ਆਏ ਤਣਾਅ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ। ਸਾਊਦੀ ਕ੍ਰਾਊਨ ਪ੍ਰਿੰਸ ਨੇ ਦੋ ਟੂਕ ਲਹਿਜੇ ਵਿਚ ਪਾਕਿ ਆਰਮੀ ਚੀਫ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।ਜਿਕਰਯੋਗ ਹੈ ਕਿ ਕੁਰੈਸ਼ੀ ਦੇ ਬਿਆਨ ਦੀ ਨਾ ਸਿਰਫ ਸਾਊਦੀ ਬਲਕਿ ਪਾਕਿਸਤਾਨ ਵਿਚ ਵੀ ਜਨਤਕ ਤੌਰ 'ਤੇ ਨਿੰਦਿਆ ਕੀਤੀ ਜਾ ਰਹੀ ਹੈ। ਮਸਲਾ ਇੱਥੋਂ ਤੱਕ ਪਹੁੰਚ ਗਿਆ ਹੈ ਕਿ ਕੁਰੈਸ਼ੀ ਨੂੰ ਮੀਡੀਆ ਤੋਂ ਭੱਜਣਾ ਪੈ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਨਿਰਾਸ਼ ਕੁਰੈਸ਼ੀ ਨੇ ਕਸ਼ਮੀਰ 'ਤੇ ਅੰਤਰਰਾਸ਼ਟਰੀ ਸਹਾਇਤਾ ਦੀ ਘਾਟ ਕਾਰਨ ਇਹ ਬਿਆਨ ਦਿੱਤਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਬਿਆਨ ਉਸਨੇ ਸੈਨਾ ਦੇ ਇਸ਼ਾਰੇ 'ਤੇ ਦਿੱਤਾ ਗਿਆ ਸੀ।

Harnek Seechewal

This news is Content Editor Harnek Seechewal