ਪਾਕਿ ਤੋਂ 3 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਅੱਜ ਤੱਕ ਭਾਰਤ ਨਹੀਂ ਪਹੁੰਚ ਸਕੀ ਇਹ ਭਾਰਤੀ ਰੇਲ ਗੱਡੀ

06/25/2022 7:36:40 PM

ਅੰਮਿ੍ਤਸਰ - ਪਿਛਲੇ ਤਿੰਨ ਸਾਲਾਂ ਤੋਂ ਭਾਰਤੀ ਰੇਲ ਗੱਡੀ ਸਮਝੌਤਾ ਐਕਸਪ੍ਰੈੱਸ ਪਾਕਿਸਤਾਨ ਦੇ ਆਖ਼ਰੀ ਰੇਲਵੇ ਸਟੇਸ਼ਨ ਵਾਹਗਾ ਵਿਖੇ ਖੜੀ ਹੋਈ ਹੈ। ਇਹ ਭਾਰਤੀ ਰੇਲ ਗੱਡੀ ਦੋਵੇਂ ਮੁਲਕਾਂ ਦੀਆਂ ਆਪਸੀ ਸਿਆਸੀ ਅਤੇ ਸਰਹੱਦੀ ਤਲਖ਼ੀਆਂ ਕਾਰਨ 3 ਕਿੱਲੋਮੀਟਰ ਤੱਕ ਦਾ ਸਫ਼ਰ ਤੈਅ ਕਰਕੇ ਭਾਰਤੀ ਆਖ਼ਰੀ ਰੇਲਵੇ ਸਟੇਸ਼ਨ ਅਟਾਰੀ ਤੱਕ ਨਹੀਂ ਪਹੁੰਚ ਸਕੀ। ਦੱਸ ਦੇਈਏ ਕਿ ਭਾਰਤ ਸਰਕਾਰ ਵਲੋਂ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਦੋਵਾਂ ਮੁਲਕਾਂ ’ਚ ਸਰਹੱਦੀ ਤਣਾਅ ਬਣਿਆ ਹੋਇਆ ਹੈ। ਇਸੇ ਤਣਾਅ ਦੇ ਕਾਰਨ ਪਾਕਿਸਤਾਨ ਤੋਂ ਪਰਤਣ ਵਾਲੀ ਸਮਝੌਤਾ ਐਕਸਪ੍ਰੈੱਸ ਨੂੰ ਪਾਕਿ ਵਲੋਂ ਵਾਹਗਾ ਸਟੇਸ਼ਨ 'ਤੇ ਹੀ ਰੋਕ ਦਿੱਤਾ ਗਿਆ।

ਪਾਕਿਸਤਾਨ ਅਤੇ ਭਾਰਤੀ ਰੇਲਵੇ ਦਰਮਿਆਨ ਹੋਏ ਸਮਝੌਤੇ ਮੁਤਾਬਕ ਹਰ ਸਾਲ 4 ਜੂਨ ਤੋਂ 4 ਦਸੰਬਰ ਤੱਕ ਭਾਰਤੀ ਉੱਤਰੀ ਰੇਲਵੇ ਜ਼ੋਨ ਨਾਲ ਸੰਬੰਧਿਤ ਸਮਝੌਤਾ ਐਕਸਪ੍ਰੈੱਸ ਦੇ ਭਾਰਤੀ ਡੱਬੇ ਅਤੇ ਬਾਕੀ ਮਹੀਨੇ ਪਾਕਿਸਤਾਨੀ ਡੱਬੇ ਯਾਤਰੂਆਂ ਨੂੰ ਅਟਾਰੀ ਅਤੇ ਵਾਹਗਾ ਤੋਂ ਲਿਆਉਂਦੇ ਅਤੇ ਛੱਡਦੇ ਸਨ। ਜਦੋਂ ਪਾਕਿ ਵਲੋਂ ਇਸ ਗੱਡੀ 'ਤੇ ਰੋਕ ਲਗਾਈ ਗਈ, ਉਦੋਂ ਸਰਹੱਦ ਪਾਰ ਵਾਹਗਾ ਤੋਂ ਯਾਤਰੀਆਂ ਨੂੰ ਲਿਆਉਣ ਦੀ ਵਾਰੀ ਭਾਰਤੀ ਰੇਲ ਦੀ ਸੀ। ਉਸ ਸਮੇਂ ਭਾਰਤੀ ਰੇਲ ਯਾਤਰੀਆਂ ਨੂੰ ਲੈਣ ਲਈ ਪਾਕਿਸਤਾਨ ਜ਼ਰੂਰ ਗਈ ਪਰ ਅਜੇ ਤੱਕ ਵਾਪਸ ਨਹੀਂ ਆਈ। ਸੂਤਰਾਂ ਅਨੁਸਾਰ ਪਾਕਿ ਵਲੋਂ ਸਮਝੌਤਾ ਐਕਸਪ੍ਰੈੱਸ ਨੂੰ ਰੱਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਭਾਰਤੀ ਰੇਲਵੇ ਨੇ ਪਾਕਿ ਦੇ ਵਾਹਗਾ ਰੇਲਵੇ ਸਟੇਸ਼ਨ 'ਤੇ ਖੜ੍ਹੇ ਆਪਣੀ 10 ਰੇਲ ਦੇ ਡੱਬੇ ਅਜੇ ਤੱਕ ਵਾਪਸ ਨਹੀਂ ਮੰਗਵਾਏ।


 

rajwinder kaur

This news is Content Editor rajwinder kaur