ਕਰਾਚੀ ''ਚ ਆਨਰ ਕਿਲਿੰਗ, ਭਰਾਵਾਂ ਨੇ ਭੈਣ ਤੇ ਉਸਦੇ ਪਤੀ ''ਤੇ ਚਲਾਈਆਂ ਗੋਲੀਆਂ

05/20/2019 9:27:36 PM

ਗੁਰਦਾਸਪੁਰ, (ਵਿਨੋਦ)— ਕਰਾਚੀ ਵਾਸੀ ਇਕ ਮੈਡੀਕਲ ਕਾਲਜ ਦੀ ਵਿਦਿਆਰਥਣ ਤੇ ਇਕ ਡਰਾਈਵਰ ਨਾਲ 8 ਮਹੀਨੇ ਪੁਰਾਣੇ ਪ੍ਰੇਮ ਵਿਆਹ ਦਾ ਬੀਤੀ ਸ਼ਾਮ ਉਸ ਸਮੇਂ ਅੰਤ ਹੋ ਗਿਆ, ਜਦ ਲੜਕੀ ਦੇ ਭਰਾਵਾਂ ਨੇ ਗੋਲੀ ਚਲਾ ਕੇ ਗਰਭਵਤੀ ਭੈਣ ਦੇ ਪ੍ਰੇਮੀ ਦੀ ਹੱਤਿਆ ਕਰ ਦਿੱਤੀ। ਇਸ ਗੋਲੀ ਕਾਂਡ 'ਚ ਪ੍ਰੇਮਿਕਾ ਨੂੰ ਵੀ ਗੋਲੀ ਲੱਗਣ ਨਾਲ ਉਸ ਦੇ ਪੇਟ 'ਚ ਪਲ ਰਿਹਾ 8 ਮਹੀਨੇ ਦਾ ਬੱਚਾ ਪੇਟ 'ਚ ਹੀ ਦਮ ਤੋੜ ਗਿਆ, ਜਦਕਿ ਉਹ ਗੰਭੀਰ ਜ਼ਖ਼ਮੀ ਹੋ ਗਈ। ਘਟਨਾ ਵਿਚ ਪ੍ਰੇਮੀ ਦੀ ਮਾਂ ਵੀ ਮਾਮੂਲੀ ਜ਼ਖ਼ਮੀ ਹੋ ਗਈ।
ਸਰਹੱਦ ਪਾਰ ਸੂਤਰਾਂ ਅਨੁਸਾਰ ਕਰਾਚੀ ਵਾਸੀ ਇਕ ਅਮੀਰ ਪਰਿਵਾਰ ਦੀ ਮੈਡੀਕਲ ਕਾਲਜ ਦੀ ਚੌਥੇ ਸਾਲ ਦੀ ਵਿਦਿਆਰਥਣ ਫਾਤਿਮਾ ਦੇ ਇਕ ਡਰਾਈਵਰ ਸਲਮਾਨ ਨਾਲ ਪ੍ਰੇਮ ਸਬੰਧ ਹੋ ਗਏ। ਫਾਤਿਮਾ ਪ੍ਰਤੀਦਿਨ ਸਲਮਾਨ ਦੀ ਵੈਗਨ 'ਤੇ ਹੀ ਕਾਲਜ ਆਉਂਦੀ-ਜਾਂਦੀ ਸੀ ਤੇ ਇਸ ਦੌਰਾਨ ਦੋਵਾਂ ਵਿਚ ਪ੍ਰੇਮ ਸਬੰਧ ਬਣ ਗਏ। ਪ੍ਰੇਮ ਸਬੰਧਾਂ ਕਾਰਨ ਫਾਤਿਮਾ ਗਰਭਵਤੀ ਹੋ ਗਈ ਅਤੇ ਦੋਵਾਂ ਨੇ ਪਰਿਵਾਰ ਵਾਲਿਆਂ ਦੀ ਇੱਛਾ ਵਿਰੁੱਧ ਚੁੱਪ-ਚਾਪ ਨਿਕਾਹ ਕਰਵਾ ਲਿਆ। ਜਿਸ ਦਾ ਦੋਵਾਂ ਪਰਿਵਾਰਾਂ ਨੂੰ ਕੁਝ ਮਹੀਨੇ ਪਹਿਲਾਂ ਉਦੋਂ ਪਤਾ ਲੱਗਾ, ਜਦੋਂ ਫਾਤਿਮਾ ਦੇ ਗਰਭਵਤੀ ਹੋਣ ਦੇ ਕਾਰਨ ਪੇਟ ਵਧ ਗਿਆ। ਇਸ 'ਤੇ ਫਾਤਿਮਾ ਨੇ ਪਤੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਪਰ ਫਾਤਿਮਾ ਦੇ ਭਰਾ ਉਸਨੂੰ ਵਾਪਸ ਘਰ ਆਉਣ ਅਤੇ ਗਰਭ ਡੇਗਣ ਲਈ ਦਬਾਅ ਪਾਉਂਦੇ ਸੀ, ਜਿਸ ਨੂੰ ਫਾਤਿਮਾ ਨੇ ਸਵੀਕਾਰ ਨਹੀਂ ਕੀਤਾ।

ਇਸ ਮੌਕੇ ਨਾਰਾਜ਼ ਫਾਤਿਮਾ ਦੇ ਭਰਾ ਅਮਜਦ, ਫਜਲ ਤੇ ਮਹਿਬੂਬ ਆਪਣੇ ਕੁਝ ਸਾਥੀਆਂ ਨਾਲ ਬੀਤੀ ਰਾਤ ਇਮਰਾਨ ਦੇ ਘਰ ਗਏ ਅਤੇ ਉਥੇ ਪਹੁੰਚਦੇ ਹੀ ਉਨ੍ਹਾਂ ਨੇ ਸਲਮਾਨ 'ਤੇ ਗੋਲੀ ਚਲਾ ਦਿੱਤੀ। ਜਦ ਫਾਤਿਮਾ ਆਪਣੇ ਪਤੀ ਨੂੰ ਬਚਾਉਣ ਲਈ ਅੱਗੇ ਆਈ ਤਾਂ ਉਸ ਦੇ ਭਰਾ ਅਮਜਦ ਨੇ ਉਸ 'ਤੇ ਵੀ ਗੋਲੀ ਚਲਾ ਦਿੱਤੀ, ਜੋ ਉਸ ਦੇ ਪੇਟ 'ਤੇ ਲੱਗੀ। ਜਿਸ ਕਾਰਨ ਫਾਤਿਮਾ ਵੀ ਜ਼ਖ਼ਮੀ ਹੋ ਗਈ। ਜਦ ਗੋਲੀ ਚਲਾ ਕੇ ਮੁਲਜ਼ਮ ਵਾਪਸ ਜਾਣ ਲੱਗਾ ਤਾਂ ਉਨ੍ਹਾਂ ਨੇ ਸਲਮਾਨ ਦੀ ਛਾਤੀ 'ਤੇ ਫਿਰ ਫਾਇਰ ਕੀਤਾ, ਤਾਂ ਕਿ ਉਹ ਜਿਊਂਦਾ ਨਾ ਬਚ ਸਕੇ। ਮੁਲਜ਼ਮਾਂ ਨੇ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੇ ਕਾਰੋ-ਕਾਰੀ ਇਸਲਾਮੀ ਨਿਯਮ ਅਧੀਨ ਇਹ ਕਤਲ ਕੀਤਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ। ਸਾਰੇ ਮੁਲਜ਼ਮ ਉਥੋਂ ਫਾਇਰਿੰਗ ਕਰਦੇ ਹੋਏ ਭੱਜ ਗਏ।
ਸਲਮਾਨ ਨੇ ਮੌਕੇ 'ਤੇ ਦਮ ਤੋੜ ਦਿੱਤਾ। ਫਾਤਿਮਾ ਤੇ ਉਸ ਦੀ ਸੱਸ ਅਜੇ ਜਿਊਂਦੀਆਂ ਹਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਉਥੇ ਡਾਕਟਰਾਂ ਨੇ ਦੱਸਿਆ ਕਿ ਫਾਤਿਮਾ ਦੇ ਪੇਟ ਵਿਚ ਪਲ ਰਿਹਾ ਬੱਚਾ ਗੋਲੀ ਲੱਗਣ ਨਾਲ ਮਰ ਚੁੱਕਾ ਹੈ ਅਤੇ ਫਾਤਿਮਾ ਦੀ ਹਾਲਤ ਗੰਭੀਰ ਹੈ।

KamalJeet Singh

This news is Content Editor KamalJeet Singh