ਦਰਗਾਹ ''ਚ ਹੋਏ ਧਮਾਕੇ ਤੋਂ ਬਾਅਦ ਪਾਕਿਸਤਾਨ ਨੇ ਕੀਤੀ ਕਾਰਵਾਈ, 37 ਅੱਤਵਾਦੀਆਂ ਨੂੰ ਉਤਾਰਿਆ ਮੌਤ ਦੇ ਘਾਟ

02/17/2017 2:56:53 PM

ਇਸਲਾਮਾਬਾਦ— ਸਿੰਧ ਸੂਬੇ ਦੇ ਸਹਵਾਨ ਕਸਬੇ ''ਚ ''ਲਾਲ ਸਾਹਬਾਜ ਕਲੰਦਰ ਸੂਫੀ ਦਰਗਾਹ'' ''ਤੇ ਆਈ.ਐੱਸ.ਆਈ.ਐੱਸ ਦੇ ਆਤਮਘਾਤੀ ਹਮਲਾਵਰ ਵੱਲੋਂ ਖੁਦ ਨੂੰ ਉਡਾਉਣ ਕਾਰਨ ਹੋਏ ਧਮਾਕੇ ਤੋਂ ਇਕ ਦਿਨ ਬਾਅਦ ਪਾਕਿਸਤਾਨ ਸੁਰੱਖਿਆ ਬਲਾਂ ਵੱਲੋਂ ਦੇਸ਼ਭਰ ''ਚ ਕੀਤੀ ਗਈ ਕਾਰਵਾਈ ''ਚ ਸ਼ੁੱਕਰਵਾਰ ਨੂੰ 37 ਤੋਂ ਜਿਆਦਾ ਅੱਤਵਾਦੀ ਮਾਰੇ ਗਏ ਹਨ। ਇਸ ਆਤਮਘਾਤੀ ਹਮਲੇ ''ਚ 76 ਲੋਕਾਂ ਦੀ ਮੌਤ ਹੋ ਗਈ ਸੀ। ਪੈਰਾਮਿਲਟਰੀ ਸਿੰਧ ਰੇਂਜਰਜ਼ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੱਖਣੀ ਸੂਬੇ ''ਚ ਪੂਰੀ ਰਾਤ ਚੱਲੇ ਅਭਿਆਨਾਂ ਦੌਰਾਨ 18 ਅੱਤਵਾਦੀ ਮਾਰੇ ਗਏ ਹਨ। ਰੇਂਜਰਜ਼ ਅਨੁਸਾਰ ਸਿੰਧ ਦੇ ਕਠਾਰ ਨੇੜੇ ਸੁਪਰ ਹਾਈਵੇਅ ''ਤੇ ਨੀਮ ਫੌਜੀ ਬਲਾਂ ਦੇ ਇਕ ਕਾਫ਼ਿਲੇ ''ਤੇ 7 ਅੱਤਵਾਦੀਆਂ ਨੇ ਹਮਲਾ ਕੀਤਾ, ਜਿਸ ਤੋਂ ਬਾਅਦ ਹੋਈ ਮੁੱਠਭੇੜ ''ਚ ਅੱਤਵਾਦੀ ਮਾਰੇ ਗਏ। ਕਾਫ਼ਿਲਾ ਬਚਾਅ ਅਭਿਆਨ ''ਚ ਭਾਗ ਲੈਣ ਤੋਂ ਬਾਅਦ ਸਹਵਾਨ ਕਸਬੇ ਤੋਂ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਇਕ ਜਵਾਨ ਵੀ ਜ਼ਖਮੀ ਹੋ ਗਿਆ। ਰੇਂਜਰਜ਼ ਅਨੁਸਾਰ ਕਰਾਚੀ ਦੇ ਮਾਂਘੋਪੀਰ ਇਲਾਕੇ ''ਚ ਇਕ ਛਾਪੇਮਾਰੀ ਦੌਰਾਨ 11 ਹੋਰ ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ ਪੱਛਮ-ਉੱਤਰ ਖੈਬਰ ਪਖਤੂਨਖਵਾ ਪੁਲਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਸ਼ਾਂਤ ਸੂਬੇ ''ਚ 11 ਕੱਟੜਵਾਦੀਆਂ ਨੂੰ ਮਾਰ ਮੁਕਾਇਆ ਹੈ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਪੇਸ਼ਾਵਰ ਦੇ ਰੇਗੀ ਇਲਾਕੇ ''ਚ ਤਿੰਨ ਅੱਤਵਾਦੀਆਂ ਨੂੰ ਮਾਰਿਆ ਹੈ ਅਤੇ ਸੈਨਾ ਦੀ ਕਾਰਵਾਈ ''ਚ ਓਰੰਕਜ਼ੇਈ ''ਚ ਚਾਰ ਅੱਤਵਾਦੀ ਮਾਰੇ ਗਏ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ''ਚ ਕਾਰਵਾਈ ਤੇਜ ਕਰ ਦਿੱਤੀ ਜਾਵੇਗੀ ਕਿਉਂਕਿ ਸਰਕਾਰ ਨੇ ਅੱਤਵਾਦ ਦਾ ਸਫਾਇਆ ਕਰਨ ਦਾ ਸੰਕਲਪ ਲਿਆ ਹੈ। ਪਾਕਿਸਤਾਨ ''ਚ ਹਫ਼ਤੇ ਭਰ ''ਚ ਹੋਏ ਘੱਟੋ-ਘੱਟ 8 ਅੱਤਵਾਦੀ ਹਮਲਿਆਂ ਤੋਂ ਬਾਅਦ ਸੰਘੀ ਅਤੇ ਸੂਬਾ ਸਰਕਾਰਾਂ ਨੇ ਸੰਯੁਕਤ ਕਾਰਵਾਈ ਸ਼ੁਰੂ ਕੀਤੀ ਹੈ।