ਲੰਡਨ 'ਚ 24 ਸਾਲਾ ਭਾਰਤੀ ਨੌਜਵਾਨ ਦੀ ਹੱਤਿਆ

05/10/2019 4:30:49 PM

ਲੰਡਨ (ਬਿਊਰੋ)— ਇੰਗਲੈਡ ਦੇ ਸ਼ਹਿਰ ਲੰਡਨ ਵਿਚ ਹੈਦਰਾਬਾਦ ਦੇ ਰਹਿਣ ਵਾਲੇ 24 ਸਾਲ ਦੇ ਇਕ ਭਾਰਤੀ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਬੁੱਧਵਾਰ ਨੂੰ ਲੰਡਨ ਦੇ ਇਕ ਮਾਲ ਦੇ ਬਾਹਰ ਵਾਪਰੀ। ਪੀੜਤ ਪਰਿਵਾਰ ਦੇ ਕਰੀਬੀ ਨੇ ਦੱਸਿਆ ਕਿ ਹਮਲਾਵਰ ਏਸ਼ੀਆ ਦਾ ਰਹਿਣ ਵਾਲਾ ਹੈ। ਮ੍ਰਿਤਕ ਦਾ ਨਾਮ ਮੁਹੰਮਦ ਨਦੀਮੁਦੀਨ ਹੈ ਜੋ ਹੈਦਰਾਬਾਦ ਦੇ ਓਲਡ ਸਿਟੀ ਇਲਾਕੇ ਦਾ ਰਹਿਣਾ ਵਾਲਾ ਸੀ। ਬਰਕਸ਼ਾਇਰ ਦੇ ਟੇਸਕੋ ਸੁਪਰਮਾਰਕੀਟ ਦੀ ਪਾਰਕਿੰਗ ਵਿਚ ਸੁਰੱਖਿਆ ਗਾਰਡ ਨੇ ਉਸ ਨੂੰ ਮ੍ਰਿਤਕ ਪਾਇਆ। ਜਾਣਕਾਰੀ ਮੁਤਾਬਕ ਮੁਹੰਮਦ ਇਸੇ ਸੁਪਰਮਾਰਕੀਟ ਵਿਚ ਕੰਮ ਕਰਦਾ ਸੀ।

ਮੁਹੰਮਦ ਦੇ ਪਰਿਵਾਰਕ ਦੋਸਤ ਫਹੀਮ ਕੁਰੈਸ਼ੀ ਨੇ ਦੱਸਿਆ,''ਦੇਰ ਰਾਤ ਤੱਕ ਜਦੋਂ ਉਹ ਘਰ ਵਾਪਿਸ ਨਹੀਂ ਆਇਆ ਤਾਂ ਉਸ ਦੀ ਪਤਨੀ ਅਤੇ ਮਾਂ ਜੋ ਉਸ ਦੇ ਨਾਲ ਲੰਡਨ ਵਿਚ ਰਹਿੰਦੀਆਂ ਸਨ ਉਨ੍ਹਾਂ ਨੇ ਸੁਪਰਮਾਰਕੀਟ ਵਿਚ ਫੋਨ ਕੀਤਾ। ਸੁਪਰਮਾਰਕੀਟ ਦੇ ਕਰਮਚਾਰੀਆਂ ਦੇ ਨਾਲ ਮਾਲ ਦੀ ਜਾਂਚ ਕੀਤੀ। ਉਨ੍ਹਾਂ ਨੂੰ ਮੁਹੰਮਦ ਦੀ ਲਾਸ਼ ਪਾਰਕਿੰਗ ਏਰੀਆ ਵਿਚ ਮਿਲੀ।'' ਸ਼ੁੱਕਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਹੋਵੇਗਾ। ਇਸ ਮਾਮਲੇ ਵਿਚ ਲੰਡਨ ਪੁਲਸ ਨੂੰ ਇਕ ਪਾਕਿਸਤਾਨੀ ਨਾਗਰਿਕ 'ਤੇ ਸ਼ੱਕ ਹੈ ਜੋ ਉਸੇ ਸੁਪਰਮਾਰਕੀਟ ਵਿਚ ਕੰਮ ਕਰਦਾ ਹੈ।

ਕੁਰੈਸ਼ੀ ਨੇ ਕਿਹਾ,''ਮੁਹੰਮਦ ਦੇ ਪਰਿਵਾਰ ਵਾਲੇ ਉਸ ਦੀ ਲਾਸ਼ ਨੂੰ ਅੰਤਿਮ ਸਸਕਾਰ ਲਈ ਹੈਦਰਾਬਾਦ ਨਹੀਂ ਲਿਆ ਸਕਦੇ। ਉਸ ਨੂੰ ਲੰਡਨ ਵਿਚ ਹੀ ਦਫਨਾਇਆ ਜਾਵੇਗਾ।'' ਉਸ ਨੇ ਕਿਹਾ ਕਿ ਉਹ ਅਤੇ ਮੁਹੰਮਦ ਦੇ ਕੁਝ ਰਿਸ਼ਤੇਦਾਰ ਅੰਤਿਮ ਸਸਕਾਰ ਲਈ ਬ੍ਰਿਟੇਨ ਜਾਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਤੇਲਗਾਂਨਾ ਦੇ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ ਨੂੰ ਇਸ ਬਾਰੇ ਵਿਚ ਚਿੱਠੀ ਲਿਖੀ ਹੈ। ਜਿਸ ਵਿਚ ਲੰਡਨ ਜਾਣ ਵਾਲੇ ਮਰਹੂਮ ਦੇ ਰਿਸ਼ਤੇਦਾਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਮੁਹੰਮਦ ਨੂੰ ਅਗਲੇ ਕੁਝ ਮਹੀਨਿਆਂ ਵਿਚ ਬ੍ਰਿਟਿਸ਼ ਨਾਗਰਿਕਤਾ ਮਿਲਣ ਵਾਲੀ ਸੀ।

ਭਾਰਤੀ ਨਾਗਰਿਕ ਮੁਹੰਮਦ ਨੇ ਹੈਦਰਾਬਾਦ ਦੇ ਇਕ ਕਾਲਜ ਤੋਂ ਗ੍ਰੈਜੁਏਸ਼ਨ ਕੀਤੀ ਸੀ। ਉਹ 2012 ਵਿਚ ਲੰਡਨ ਆਇਆ ਸੀ ਜਿੱਥੇ ਉਸ ਨੂੰ ਸੁਪਰਮਾਰਕੀਟ ਵਿਚ ਨੌਕਰੀ ਮਿਲ ਗਈ। ਫਿਰ ਉਸ ਦੇ ਮਾਤਾ-ਪਿਤਾ ਵੀ ਇੱਥੇ ਆ ਗਏ। ਪੇਸ਼ੇ ਤੋਂ ਡਾਕਟਰ ਉਸ ਦੀ ਪਤਨੀ ਅਫਸ਼ਾ 25 ਦਿਨ ਪਹਿਲਾਂ ਹੀ ਲੰਡਨ ਆਈ ਸੀ। ਉਹ ਗਰਭਵਤੀ ਹੈ ਅਤੇ ਸਿਹਤ ਸਬੰਧੀ ਸਮੱਸਿਆ ਕਾਰਨ ਭਾਰਤ ਵਾਪਸ ਨਹੀਂ ਆ ਸਕਦੀ। ਮੁਹੰਮਦ ਦੀ ਪਤਨੀ ਇਸ ਸਮੇਂ ਸਦਮੇ ਵਿਚ ਹੈ। ਉਸ ਦੀ ਮਨੋਵਿਗਿਆਨੀ ਕਾਊਂਸਲਿੰਗ ਚੱਲ ਰਹੀ ਹੈ।

Vandana

This news is Content Editor Vandana