ਦੁਬਈ : ਗੈਸ ਪਾਈਪ ਧਮਾਕੇ 'ਚ ਭਾਰਤੀ ਪ੍ਰਵਾਸੀ ਦੀ ਮੌਤ

10/01/2019 4:02:35 PM

ਦੁਬਈ (ਬਿਊਰੋ)— ਦੁਬਈ ਦੇ ਮਨਖੂਲ ਵਿਖੇ ਇਕ ਅਪਾਰਟਮੈਂਟ ਦੀ ਇਮਾਰਤ ਵਿਚ ਗੈਸ ਪਾਈਪ ਧਮਾਕੇ ਵਿਚ 47 ਸਾਲਾ ਭਾਰਤੀ ਪ੍ਰਵਾਸੀ ਦੀ ਮੌਤ ਹੋ ਗਈ। ਇਹ ਹਾਦਸਾ 28 ਸਤੰਬਰ (ਸ਼ਨੀਵਾਰ) ਨੂੰ ਵਾਪਰਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਸ਼ਨੀਵਾਰ ਨੂੰ ਮਨਖੂਲ ਸਥਿਤ ਅਲ ਘੁਰੈਰ ਬਿਲਡਿੰਗ ਦੇ ਅਪਾਰਟਮੈਂਟ ਦੀ 6ਵੀਂ ਮੰਜ਼ਿਲ 'ਤੇ ਧਮਾਕਾ ਉਸ ਸਮੇਂ ਹੋਇਆ ਜਦੋਂ ਇਕ ਮਕੈਨਿਕ ਗੈਸ ਲੀਕ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। 

ਰਸੋਈ ਗੈਸ ਲੀਕ ਹੋਣ ਕਾਰਨ ਹੋਏ ਧਮਾਕੇ ਵਿਚ ਭਾਰਤੀ ਸ਼ਖਸ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਏਸ਼ੀਆਈ ਨਾਗਰਿਕਾਂ ਨੂੰ ਰਾਸਿਦ ਹਸਪਤਾਲ ਵਿਚ ਭਰਤੀ ਕਰਵਾਇਆ। ਮ੍ਰਿਤਕ ਭਾਰਤੀ ਸ਼ਖਸ ਦੀ ਪਤਨੀ ਨੇ ਦੱਸਿਆ,''ਧਮਾਕਾ ਸਾਡੇ ਘਰ ਦੇ ਨੇੜੇ ਹੋਇਆ ਸੀ, ਜਿਸ ਦਾ ਅਸਰ ਸਾਡੇ ਅਪਾਰਟਮੈਂਟ 'ਤੇ ਵੀ ਹੋਇਆ। ਸਾਡੇ ਘਰ ਦੀ ਛੱਤ ਡਿੱਗ ਪਈ ਅਤੇ ਚਾਰੇ ਪਾਸੇ ਮਲਬਾ ਫੈਲ ਗਿਆ। ਧਮਾਕੇ ਦੇ ਸਮੇਂ ਮੈਂ ਆਪਣੀ ਛੋਟੀ ਬੇਟੀ ਨਾਲ ਬੈਠੀ ਸੀ ਅਤੇ ਮੇਰੇ ਪਤੀ ਵੱਡੀ ਬੇਟੀ ਨੂੰ ਟਿਊਸ਼ਨ ਕਲਾਸ ਤੋਂ ਵਾਪਸ ਲੈ ਕੇ ਆ ਰਹੇ ਸਨ। ਉਨ੍ਹਾਂ 'ਤੇ ਇਕ ਵੱਡਾ ਦਰਵਾਜਾ ਡਿੱਗ ਪਿਆ। ਬੇਟੀ ਦੇ ਪੈਰ ਵਿਚ ਸੱਟ ਲੱਗ ਗਈ ਸੀ।'' 

ਮੂਲ ਰੂਪ ਨਾਲ ਲਖਨਊ ਦਾ ਰਹਿਣ ਵਾਲਾ ਪਰਿਵਾਰ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣਾ ਚਾਹੁੰਦਾ ਹੈ। ਹਾਦਸੇ ਦੇ ਜਵਾਬ ਵਿਚ ਦੁਬਈ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਇਕ ਟਵੀਟ ਕਰ ਕੇ ਕਿਹਾ ਕਿ ਅਸੀਂ ਪੀੜਤ ਪਰਿਵਾਰ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ। ਅਸੀਂ ਪੀੜਤ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ।


Vandana

Content Editor

Related News