‘ਭਾਰਤ ਕੇ ਵੀਰ’ ਪੋਰਟਲ ਰਾਹੀਂ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਦੀ ਇੰਝ ਕਰ ਸਕਦੇ ਹੋ ਆਰਥਿਕ ਸਹਾਇਤਾ

07/12/2022 7:17:26 PM

ਨਵੀਂ ਦਿੱਲੀ (ਬਿਊਰੋ) : ਦੇਸ਼ ਦੀ ਖ਼ਾਤਿਰ ਜਾਨ ਵਾਰਨ ਵਾਲੇ ਕੇਂਦਰੀ ਸ਼ਸਤਰ ਪੁਲਸ ਬਲਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਦੇ ਤੌਰ ’ਤੇ ਉਨ੍ਹਾਂ ਨੂੰ ਦਾਨ ਕਰਨ ਲਈ ਲੋਕਾਂ ਕੋਲ ਪਹਿਲਾਂ ਅਜਿਹਾ ਕੋਈ ਭਰੋਸੇਯੋਗ ਸਾਧਨ ਜਾਂ ਬਦਲ ਉਪਲੱਬਧ ਨਹੀਂ ਸੀ, ਜਿਸ ਜ਼ਰੀਏ ਉਹ ਆਪਣੇ ਪੈਸਿਆਂ ’ਚੋਂ ਕੁਝ ਯੋਗਦਾਨ ਪਾ ਸਕਣ। ਕੋਈ ਵੀ ਜਵਾਨ ਜਦੋਂ ਦੇਸ਼ ਦੀ ਖਾਤਿਰ ਸ਼ਹਾਦਤ ਪ੍ਰਾਪਤ ਕਰਦਾ ਹੈ ਤਾਂ ਉਸ ਦੇ ਪਿੱਛੇ ਉਸ ਦੇ ਪਰਿਵਾਰ ਨੂੰ ਬਹੁਤ ਅਾਰਥਿਕ ਤੇ ਸਮਾਜਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਤੇ ਸਬੰਧਿਤ ਵਿਭਾਗ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਸ਼ਹੀਦ ਜਵਾਨ ਦੇ ਪਰਿਵਾਰ ਦਾ ਸਮਾਜ ’ਚ ਮਾਣ-ਸਨਮਾਨ ਬਣਿਆ ਰਹੇ ਤੇ ਉਨ੍ਹਾਂ ਦੇ ਪਰਿਵਾਰ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਵੇ, ਜਿਸ ਦੇ ਲਈ ਸ਼ਹੀਦ ਪਰਿਵਾਰ ਨੂੰ ਮਿਲਣ ਵਾਲੇ ਅੰਤਿਮ ਭੁਗਤਾਨਾਂ ਨੂੰ ਤਰਜੀਹ ਦੇ ਕੇ ਜਲਦ ਤੋਂ ਜਲਦ ਮੁਹੱਈਆ ਕਰਵਾਇਆ ਜਾਂਦਾ ਹੈ, ਭਾਵੇਂਕਿ ਇਸ ਨਾਲ ਉਸ ਪਰਿਵਾਰ ਦੇ ਹੋਏ ਜਾਨੀ ਨੁਕਸਾਨ ਦੀ ਭਰਪਾਈ ਕਦੀ ਨਹੀਂ ਕੀਤੀ ਜਾ ਸਕਦੀ।

ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਲਈ ‘ਭਾਰਤ ਕੇ ਵੀਰ’ ਪੋਰਟਲ ਦੀ ਸ਼ੁਰੂਆਤ

9 ਅਪ੍ਰੈਲ 2017 ਨੂੰ ‘ਵੀਰਤਾ ਦਿਵਸ’ ਮੌਕੇ ਭਾਰਤ ਦੇ ਗ੍ਰਹਿ ਵਿਭਾਗ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਦੇ ਨੇਕ ਇਰਾਦੇ ਨਾਲ ‘ਭਾਰਤ ਕੇ ਵੀਰ’ ਨਾਮੀ ਇਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਗਿਆ। ਇਸ ਪੋਰਟਲ ਰਾਹੀਂ ਲੋਕ ਇਕ ਨੇਕ ਇਰਾਦੇ ਪ੍ਰਤੀ ਇਕਜੁੱਟਤਾ ਪ੍ਰਗਟ ਕਰਨ ਲਈ ਆਰਥਿਕ ਤੌਰ ’ਤੇ ਇਸ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ। ‘ਭਾਰਤ ਕੇ ਵੀਰ’ ਪੋਰਟਲ ’ਚ ਆਪਣਾ ਯੋਗਦਾਨ ਪਾਉਣ ਲਈ ਦੋ ਫੰਡ ‘Bravehearts’ ਅਤੇ ‘Bharat Ke Veer Corpus Fund’ ਹਨ। Bravehearts ਬਦਲ ਰਾਹੀਂ ਕੋਈ ਵੀ ਵਿਅਕਤੀ ਆਪਣੀ ਸਮਰੱਥਾ ਤੇ ਇੱਛਾ ਅਨੁਸਾਰ ਸਿੱਧੇ ਤੌਰ ’ਤੇ ਸ਼ਹੀਦ ਜਵਾਨ ਦੇ ਪਰਿਵਾਰ ਦੇ ਬੈਂਕ ਖਾਤੇ ’ਚ ਦਾਨ ਦੇ ਸਕਦਾ ਹੈ। ਇਹ ਦਾਨ ਕੇਂਦਰੀ ਸ਼ਸਤਰ ਪੁਲਸ ਬਲਾਂ, ਜਿਸ ’ਚ ਕੇਂਦਰੀ ਰਿਜ਼ਰਵ ਪੁਲਸ ਬਲ, ਸੀਮਾ ਸੁਰੱਖਿਆ ਬਲ, ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਭਾਰਤ ਤਿੱਬਤ ਸੀਮਾ ਪੁਲਸ ਬਲ, ਸ਼ਸਤਰ ਸੀਮਾ ਬਲ, ਰਾਸ਼ਟਰੀ ਸੁਰੱਖਿਆ ਗਾਰਡ, ਆਸਾਮ ਰਾਈਫ਼ਲਜ਼ ਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਮੋਚਨ ਬਲ ਆਦਿ ਸ਼ਾਮਲ ਹਨ। ਇਨ੍ਹਾਂ ਸਾਰੇ ਬਲਾਂ ’ਚ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਜਵਾਨਾਂ ਦੇ ਉੱਤਰਾਧਿਕਾਰੀਆਂ ਦੇ ਬੈਂਕ ਖਾਤੇ ’ਚ ਸਿੱਧੇ ਤੌਰ ’ਤੇ ਦਾਨ ਜਾਂਦਾ ਹੈ। ਇਸ ’ਚ ਉਹ ਸ਼ਹੀਦ ਜਵਾਨ ਸ਼ਾਮਲ ਕੀਤੇ ਜਾਂਦੇ ਹਨ, ਜਿਨ੍ਹਾਂ ਨੇ 1 ਜਨਵਰੀ 2016 ਜਾਂ ਉਸ ਤੋਂ ਬਾਅਦ ਸ਼ਹਾਦਤ ਪ੍ਰਾਪਤ ਕੀਤੀ ਹੋਵੇ।

PunjabKesari

 ਇਕ ਸ਼ਹੀਦ ਦੇ ਪਰਿਵਾਰ ਦੀ 15 ਲੱਖ ਤਕ ਕਰ ਸਕਦੇ ਹੋ ਆਰਥਿਕ ਸਹਾਇਤਾ

ਜਦੋਂ ਤੁਸੀਂ ‘ਭਾਰਤ ਕੇ ਵੀਰ’ ਆਨਲਾਈਨ ਪੋਰਟਲ ਖੋਲ੍ਹਦੇ ਹੋ ਤਾਂ ਸਕਰੀਨ ਉੱਤੇ ਕੇਂਦਰੀ ਸ਼ਸਤਰ ਪੁਲਸ ਬਲਾਂ ਦੇ ਸ਼ਹੀਦ ਜਵਾਨਾਂ ਦੀਆਂ ਤਸਵੀਰਾਂ ਤੇ ਉਨ੍ਹਾਂ ਦੀ ਬਹਾਦਰੀ ਦਾ ਸੰਖੇਪ ਵਰਣਨ ਆਉਂਦਾ ਹੈ, ਜਿਸ ’ਚ ਉਨ੍ਹਾਂ ਜਵਾਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੁੰਦੀ ਹੈ। ਇਸ ਪੋਰਟਲ ਰਾਹੀਂ ਤੁਸੀਂ ਕਿਸੇ ਇਕ ਜਵਾਨ ਦੇ ਖਾਤੇ ’ਚ ਵੱਧ ਤੋਂ ਵੱਧ 15 ਲੱਖ ਰੁਪਏ ਤੱਕ ਦਾ ਦਾਨ ਹੀ ਕਰ ਸਕਦੇ ਹੋ। ਜੇਕਰ ਤੁਸੀਂ ਹੋਰ ਜ਼ਿਆਦਾ ਦਾਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੂਸਰੇ ਸ਼ਹੀਦ ਜਵਾਨ ਦੇ ਪਰਿਵਾਰ/ਉੱਤਰਾਧਿਕਾਰੀ ਦੀ ਚੋਣ ਕਰਨੀ ਹੋਵੇਗੀ। 15 ਲੱਖ ਰੁਪਏ ਦੀ ਰਕਮ ਪ੍ਰਾਪਤ ਹੋਣ ਤੋਂ ਬਾਅਦ ‘ਭਾਰਤ ਦੇ ਵੀਰ’ ਪੋਰਟਲ ’ਤੇ ਅਪਲੋਡ ਕੀਤੇ ਗਏ ਉਸ ਸ਼ਹੀਦ ਜਵਾਨ ਦਾ ਵਿਵਰਨ/ਵਰਣਨ ਆਪਣੇ ਆਪ ਹਟ ਜਾਂਦਾ ਹੈ ਅਤੇ ਡੈਸ਼ਬੋਰਡ ’ਚ ਚਲਾ ਜਾਂਦਾ ਹੈ ਤਾਂ ਜੋ ਕਦੀ ਵੀ ਸੰਬੰਧਤ ਸ਼ਹੀਦ ਜਵਾਨ ਦਾ ਰਿਕਾਰਡ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਦੂਜੇ ਬਦਲ 'Bharat Ke Veer Corpus Fund" ’ਚ ਵੀ ਆਪਣੀ ਇੱਛਾ ਅਤੇ ਸਮਰੱਥਾ ਅਨੁਸਾਰ ਦਾਨ ਕਰ ਸਕਦੇ ਹੋ, ਜਿਸ ਦੀ ਕੋਈ ਵੱਧ ਤੋਂ ਵੱਧ ਸੀਮਾ ਨਿਰਧਾਰਿਤ ਨਹੀਂ ਹੈ। ਇਸ ’ਚ ਉਪਲੱਬਧ ਰਾਸ਼ੀ ਦੀ ਸਹੀ ਵਰਤੋਂ ਕਰਨ ਲਈ ‘ਭਾਰਤ ਕੇ ਵੀਰ ਟਰੱਸਟ’ ਦੀ ਸਥਾਪਨਾ 23 ਜੁਲਾਈ 2018 ਨੂੰ ਕੀਤੀ ਗਈ ਹੈ।

ਭਾਰਤ ਸਰਕਾਰ ਦੇ ਉੱਚ ਅਧਿਕਾਰੀ ਅਤੇ ਪ੍ਰਸਿੱਧ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਇਸ ਟਰੱਸਟ ਦੇ ਮੈਂਬਰ ਹਨ, ਜਿਸ ਦਾ ਮੁੱਖ ਉਦੇਸ਼ ਕੇਂਦਰੀ ਸ਼ਸਤਰ ਪੁਲਸ ਬਲਾਂ ਦੇ ਸ਼ਹੀਦ, ਜ਼ਖ਼ਮੀ ਸੇਵਾ-ਮੁਕਤ ਅਤੇ ਸੇਵਾ ਨਿਭਾ ਰਹੇ ਜਵਾਨਾਂ ਦੇ ਪਰਿਵਾਰਾਂ ਦੇ ਕਲਿਆਣ ਨਾਲ ਸੰਬੰਧਿਤ ਯੋਜਨਾਵਾਂ ਨੂੰ ਸਰਗਰਮ ਕਰਨਾ ਹੈ। ‘ਭਾਰਤ ਕੇ ਵੀਰ’ ਪੋਰਟਲ ’ਚ ਦਾਨ ਕੀਤੀ ਗਈ ਰਕਮ ’ਤੇ ਆਮਦਨ ਟੈਕਸ ਐਕਟ 1961 ਦੀ ਧਾਰਾ 80 (ਜੀ) ਦੇ ਅੰਦਰ 50 ਫੀਸਦੀ ਦੀ ਛੋਟ ਦਿੱਤੀ ਗਈ ਹੈ। ਵਿਦੇਸ਼ੀ ਨਾਗਰਿਕ ਵੀ ਇਸ ਫੰਡ ’ਚ ਦਾਨ ਕਰਕੇ ਆਪਣਾ ਯੋਗਦਾਨ ਪਾ ਸਕਦੇ ਹਨ। Corporate Social Responsibility ਦੇ ਅਧੀਨ ਕਾਰਪੋਰੇਟ ਸੈਕਟਰ ਵੀ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਕਲਿਆਣ ਲਈ ‘ਭਾਰਤ ਕੇ ਵੀਰ ਕੋਰਪਸ ਫੰਡ’ ਵਿਚ ਆਪਣਾ ਯੋਗਦਾਨ ਦੇ ਸਕਦੇ ਹਨ।

ਇਸ ਤਰ੍ਹਾਂ ਪਾ ਸਕਦੇ ਹੋ ‘ਭਾਰਤ ਕੇ ਵੀਰ’ ਪੋਰਟਲ ਰਾਹੀਂ ਯੋਗਦਾਨ

(1) ਤੁਸੀਂ ਆਨਲਾਈਨ ਜਾਂ ਚੈੱਕ/ਡੀ ਡੀ ਰਾਹੀਂ ਦਾਨ ਕਰ ਸਕਦੇ ਹੋ।
 2 ਆਨਲਾਈਨ ਦਾਨ ਕਰਨ ਲਈ ਤੁਹਾਨੂੰ ‘ਭਾਰਤ ਕੇ ਵੀਰ’ ਪੋਰਟਲ ਤੇ ‘bharatkeveer.gov.in ਨੂੰ ਖੋਲ੍ਹਣਾ ਹੋਵੇਗਾ, ਜਿਥੇ ਤੁਹਾਨੂੰ ‘Contribute to’ ਖੋਲ੍ਹਣਾ ਹੈ। ਉਸ ਤੋਂ ਬਾਅਦ ਹੇਠਾਂ ਦਿੱਤੇ ਗਏ 2 ਬਦਲ ਹੋਣਗੇ-
 (ੳ) Bravehearts ਜੇਕਰ ਤੁਸੀਂ ਸ਼ਹੀਦ ਜਵਾਨ ਦੇ ਉੱਤਰਾਧਿਕਾਰੀ ਨੂੰ ਸਿੱਧੇ ਤੌਰ ’ਤੇ ਦਾਨ ਦੇਣਾ ਚਾਹੁੰਦੇ ਹੋ 
 (ਅ) Bharat Ke Veer Corpus Fund (ਜੇਕਰ ਤੁਸੀਂ ‘ਭਾਰਤ ਦੇ ਵੀਰ’ ਫੰਡ ’ਚ ਦਾਨ ਕਰਨਾ ਚਾਹੁੰਦੇ ਹੋ।
 (4) ਆਨਲਾਈਨ ਰਾਹੀਂ ਦਾਨ ਕੀਤੀ ਗਈ ਰਾਸ਼ੀ ਦੀ ਪ੍ਰਾਪਤੀ ਰਸੀਦ ਆਨਲਾਈਨ ਜਨਰੇਟ ਹੋ ਜਾਂਦੀ ਹੈ। ਜੇਕਰ ਤੁਸੀਂ ਚੈੱਕ/ਡੀ ਡੀ ਰਾਹੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ‘ਭਾਰਤ ਦੇ ਵੀਰ’ ਨਾਂ ’ਤੇ ਚੈੱਕ/ਡੀ ਡੀ ਨਿਮਨਲਿਖਤ ਪਤੇ ’ਤੇ ਭੇਜਣਾ ਹੋਵੇਗਾ । 
ਮੈਨੇਜਿੰਗ ਟਰੱਸਟੀ, ਭਾਰਤ ਦੇ ਵੀਰ, ਮਹਾਨਿਦੇਸ਼ਾਲਯ, ਕੇਂਦਰੀ ਰਿਜ਼ਰਵ ਪੁਲਿਸ ਬਲ, ਸੀ. ਜੀ. ਓ. ਕੰਪਲੈਕਸ, ਲੋਧੀ ਰੋਡ ਨਵੀਂ ਦਿੱਲੀ 110003
 (6) ਦੋਵਾਂ ਪ੍ਰਕਿਰਿਆਵਾਂ ’ਚ ਆਪਣੀ ਮੋਬਾਇਲ ਸੰਖਿਆ ਲਿਖਣਾ ਅਤਿ ਜ਼ਰੂਰੀ ਹੈ, ਤਾਂ ਜੋ ਦਾਨ ਕੀਤੀ ਗਈ ਰਕਮ ਦਾ ਪ੍ਰਮਾਣ ਪੱਤਰ ਜਾਰੀ ਕੀਤਾ ਜਾ ਸਕੇ। ਇਹ ਵੀ ਵਰਣਨਯੋਗ ਹੈ ਕਿ ਇਸ ਪੋਰਟਲ ’ਚ ਇਹ ਸਹੂਲਤ ਦਿੱਤੀ ਗਈ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਸ਼ਹੀਦ ਜਵਾਨ ਨੂੰ ਡਿਜੀਟਲ ਮਾਧਿਅਮ ਰਾਹੀਂ ਸ਼ਰਧਾਂਜਲੀ ਦੇ ਸਕਦਾ ਹੈ। ਇਸ ਤੋਂ ਇਲਾਵਾ ਜੇ ਕਿਸੇ ਨੂੰ ਫਿਰ ਵੀ ਦਾਨ ਕਰਨ ’ਚ ਕਿਸੇ ਪ੍ਰਕਾਰ ਦੀ ਮੁਸ਼ਕਿਲ ਆਉਂਦੀ ਹੈ ਤਾਂ ‘ਭਾਰਤ ਦੇ ਵੀਰ’ ਵੈੱਬਸਾਈਟ ’ਤੇ ਦਿੱਤੇ ਦਿੱਤੇ ਗਏ ਨੰਬਰਾਂ ’ਤੇ ਫੋਨ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ।

-ਵਿਜੇ ਕੁਮਾਰ ਡੀ. ਸੀ. ਕਲਿਆਣ (ਸਪੈਸ਼ਲ ਸੈੱਲ) ‘ਭਾਰਤ ਕੇ ਵੀਰ’, ਕੇਂਦਰੀ ਰਿਜ਼ਰਵ ਪੁਲਸ ਬਲ, ਨਵੀਂ ਦਿੱਲੀ


Manoj

Content Editor

Related News