ਆਪਣੇ ਦੇਸ਼ ਦੇ 200 ਲੋਕਾਂ ਨੂੰ ਚੀਨ ਦੇ ਹਵਾਲੇ ਕਰਨ ''ਤੇ ਤਾਈਵਾਨ ਨੇ ਸਪੇਨ ਦਾ ਕੀਤਾ ਵਿਰੋਧ

02/20/2017 1:05:11 PM

ਤਾਈਪੇ— ਦੂਰਸੰਚਾਰ ਧੋਖਾਧੜੀ ਮਾਮਲੇ ਨਾਲ ਜੁੜੇ ਤਾਈਵਾਨ ਦੇ 200 ਤੋਂ ਜਿਆਦਾ ਸ਼ੱਕੀਆਂ ਨੂੰ ਚੀਨ ਦੇ ਹਵਾਲੇ ਕਰਨ ਵਾਲੇ ਸਪੇਨ ਦੇ ਫੈਸਲੇ ''ਤੇ ਤਾਈਵਾਨ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਨਰਾਜ਼ਗੀ ਜਾਹਿਰ ਕੀਤੀ ਹੈ। ਬੀਜਿੰਗ ਸਵੈ-ਸ਼ਾਸ਼ਿਤ (ਤਾਈਵਾਨ) ਨੂੰ ਆਪਣਾ ਖੇਤਰ ਮੰਨਦਾ ਹੈ। ਤਾਈਵਾਨ ਦੇ ਮੰਤਰਾਲੇ ਨੇ ਬੀਤੇ ਐਤਵਾਰ ਨੂੰ ਜਾਰੀ ਕੀਤੇ ਇਕ ਬਿਆਨ ''ਚ ਕਿਹਾ ਕਿ ਉਸ ਨੂੰ ਸਪੇਨ ਦੇ ਉਸ ਫੈਸਲੇ ਨਾਲ ''ਗਹਿਰਾ ਦੁੱਖ'' ਪਹੁੰਚਿਆ ਹੈ, ਜਿਸ ਦੇ ਤਹਿਤ ਸਪੇਨ 269 ਤਾਈਵਾਨੀ ਲੋਕਾਂ ਅਤੇ ਚੀਨੀ ਨਾਗਰਿਕਾਂ ਨੂੰ ਚੀਨ ਦੇ ਹਵਾਲੇ ਕਰਨ ਲਈ ਤਿਆਰ ਹੋ ਗਿਆ। ਤਾਈਵਾਨੀ ਮੀਡੀਆ ''ਚ ਆਈਆਂ ਖ਼ਬਰਾਂ ''ਚ ਕਿਹਾ ਗਿਆ ਹੈ ਕਿ 200 ਤੋਂ ਜਿਆਦਾ ਸ਼ੱਕੀ ਵਿਅਕਤੀ ਤਾਈਵਾਨ ਦੇ ਹਨ। ਚੀਨੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ''ਤੇ ਮੁਕੱਦਮਾ ਚਲਾਉਣਾ ਚਾਹੀਦਾ ਹੈ ਕਿਉਂਕਿ ਤਾਈਵਾਨੀ ਨਾਗਰਿਕਾਂ ਨੇ ਲੱਖਾਂ ਡਾਲਰਾਂ ਦੀ ਧੋਖਾਧੜੀ ਕੀਤੀ  ਹੈ। ਬੀਤੇ ਸਾਲ ਵੱਡੀ ਗਿਣਤੀ ''ਚ ਸ਼ੱਕੀ ਤਾਈਵਾਨੀਆਂ ਨੂੰ ਪੂਰੇ ਸੰੰਸਾਰ ''ਚ ਵੱਖ-ਵੱਖ ਥਾਵਾਂ ''ਤੇ  ਇਸ ਮਾਮਲੇ ''ਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਮਲੇਸ਼ੀਆ, ਕੰਬੋਡੀਆ ਅਤੇ ਕੀਨੀਆ ਵਰਗੇ ਦੇਸ਼ਾਂ ਨੇ ਵੀ ਇਸ ਮਾਮਲੇ ''ਚ ਸ਼ੱਕੀ ਤਾਈਵਾਨੀਆਂ ਨੂੰ ਆਪਣੇ ਦੇਸ਼ ਚੋਂ ਕੱਢ ਕੇ ਚੀਨ ਦੇ ਹਵਾਲੇ ਕੀਤਾ ਹੈ।