ਦੱਖਣੀ ਅਫਰੀਕਾ ਨੇ ਕਿਹਾ- 'ਸਾਡੇ ਯੂ. ਕੇ. ਵਰਗਾ ਖ਼ਤਰਨਾਕ ਸਟ੍ਰੇਨ ਨਹੀਂ'

12/25/2020 9:05:53 PM

ਜੋਹਾਨਸਬਰਗ- ਦੱਖਣੀ ਅਫਰੀਕਾ ਦੇ ਸਿਹਤ ਮੰਤਰੀ ਨੇ ਆਪਣੇ ਬ੍ਰਿਟਿਸ਼ ਹਮਰੁਤਬਾ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਦੱਖਣੀ ਅਫਰੀਕਾ ਵਿਚ ਕੋਰੋਨਾ ਵਾਇਰਸ ਦਾ ਇਕ ਨਵਾਂ ਰੂਪ ਹੈ, ਜੋ ਬ੍ਰਿਟੇਨ ਵਿਚ ਫੈਲੇ ਨਵੀਂ ਕਿਸਮ ਨਾਲੋਂ ਵੀ ਛੂਤਕਾਰੀ ਜਾਂ ਖ਼ਤਰਨਾਕ ਹੈ।

ਦੱਖਣੀ ਅਫਰੀਕਾ ਦੇ ਸਿਹਤ ਮੰਤਰੀ ਜ਼ੇਲਵੀਨੀ ਮਖਿਜ਼ੇ ਨੇ ਇਕ ਬਿਆਨ ਵਿਚ ਕਿਹਾ, “ਫਿਲਹਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ 501.V2 (ਸੰਸਕਰਣ) ਯੂਨਾਈਟਿਡ ਕਿੰਗਡਮ ਵਿਚ ਫੈਲੇ ਕੋਵਿਡ-19 ਸਟ੍ਰੇਨ ਨਾਲੋਂ ਵਧੇਰੇ ਛੂਤਕਾਰੀ ਹੈ- ਜਿਵੇਂ ਕਿ ਬ੍ਰਿਟੇਨ ਦੇ ਸਿਹਤ ਮੰਤਰੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ।”


ਬਿਆਨ ਵਿਚ ਇਹ ਵੀ ਕਿਹਾ ਗਿਆ ਹੈ, "ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਹੈ ਕਿ ਨਵਾਂ ਸਟ੍ਰੇਨ ਕਿਸੇ ਵੀ ਪਹਿਲਾਂ ਦੇ ਸਟ੍ਰੇਨ ਨਾਲੋਂ ਜ਼ਿਆਦਾ ਗੰਭੀਰ ਬਿਮਾਰੀ ਦੇਣ ਵਾਲਾ ਜਾਂ ਮੌਤ ਦਰ ਵਧਾਉਣ ਵਾਲਾ ਹੈ।" ਗੌਰਤਲਬ ਹੈ ਕਿ ਬੁੱਧਵਾਰ ਨੂੰ ਦੱਖਣੀ ਅਫਰੀਕਾ ਤੋਂ ਯਾਤਰਾ 'ਤੇ ਪਾਬੰਦੀ ਲਾਉਣ ਦਾ ਐਲਾਨ ਕਰਦਿਆਂ ਬ੍ਰਿਟਿਸ਼ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ ਸੀ ਕਿ ਦੱਖਣੀ ਅਫਰੀਕਾ ਵਿਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਵਧੇਰੇ ਸੰਵੇਦਨਸ਼ੀਲ ਅਤੇ ਚਿੰਤਾਜਨਕ ਹੈ ਅਤੇ ਇਹ ਬ੍ਰਿਟੇਨ ਵਿਚ ਮਿਲੇ ਨਵੇਂ ਸਟ੍ਰੇਨ ਦੀ ਤਰ੍ਹਾਂ ਹੀ ਜਾਪਦਾ ਹੈ। ਦੱਖਣੀ ਅਫਰੀਕਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਬ੍ਰਿਟੇਨ ਵਿਚ ਸਤੰਬਰ ਦੇ ਸ਼ੁਰੂ ਵਿਚ ਹੀ ਨਵਾਂ ਸਟ੍ਰੇਨ ਦਿਖਾਈ ਦੇਣ ਲੱਗਾ ਸੀ, ਜਦੋਂ ਕਿ ਦੱਖਣੀ ਅਫਰੀਕਾ ਵਿਚ ਮਹੀਨੇ ਬਾਅਦ ਇਹ ਵਿਕਸਤ ਹੋ ਸਕਿਆ। ਉਨ੍ਹਾਂ ਕਿਹਾ ਕਿ ਇਸ ਆਧਾਰ 'ਤੇ ਦੋਹਾਂ ਦੇਸ਼ਾਂ ਵਿਚਕਾਰ ਲਾਈ ਗਈ ਯਾਤਰਾ ਪਾਬੰਦੀ ਮੰਦਭਾਗੀ ਹੈ।

Sanjeev

This news is Content Editor Sanjeev