ਰੂਸ ਦੀ ਚਿਤਾਵਨੀ, ਹਰ ਮਿਜ਼ਾਇਲ ਦਾ ਦੇਵੇਗਾ ''ਪ੍ਰਮਾਣੂ'' ਨਾਲ ਜਵਾਬ

08/07/2020 10:04:18 PM

ਮਾਸਕੋ— ਰੂਸ ਦੀ ਫ਼ੌਜ ਨੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇਕ ਲੇਖ 'ਚ ਸਖ਼ਤ ਚਿਤਾਵਨੀ ਦਿੱਤੀ ਕਿ ਉਸ ਦਾ ਦੇਸ਼ ਆਪਣੇ ਖੇਤਰ 'ਚ ਆਉਣ ਵਾਲੀ ਕਿਸੇ ਵੀ ਬੈਲਿਸਟਿਕ ਮਿਜ਼ਾਈਲ ਨੂੰ ਪ੍ਰਮਾਣੂ ਹਮਲੇ ਦੇ ਤੌਰ 'ਤੇ ਦੇਖੇਗਾ, ਜਿਸ ਦਾ ਜਵਾਬ ਪ੍ਰਮਾਣੂ ਹਥਿਆਰ ਨਾਲ ਦੇਣ ਦੀ ਲੋੜ ਹੋਵੇਗੀ।

ਸਰਕਾਰੀ ਫ਼ੌਜੀ ਅਖਬਾਰ ਕ੍ਰੈਸਨਿਆ ਜ਼ਵੇਜ਼ਦਾ (ਰੈਡ ਸਟਾਰ) 'ਚ ਪ੍ਰਕਾਸ਼ਿਤ ਕੀਤੀ ਗਈ ਇਸ ਸਖ਼ਤ ਚਿਤਾਵਨੀ ਅਮਰੀਕਾ ਨੂੰ ਨਿਰਦੇਸ਼ਤ ਸੀ, ਜੋ ਲੰਬੀ ਦੂਰੀ ਵਾਲੇ ਗੈਰ-ਪ੍ਰਮਾਣੂ ਹਥਿਆਰ ਵਿਕਸਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ।

ਇਹ ਲੇਖ ਜੂਨ 'ਚ ਰੂਸ ਦੀ ਪ੍ਰਮਾਣੂ ਪ੍ਰਤੀਰੋਧ ਨੀਤੀ ਦੇ ਪ੍ਰਕਾਸ਼ਨ ਤੋਂ ਬਾਅਦ ਆਇਆ ਹੈ, ਜਿਸ 'ਚ ਰਾਸ਼ਟਰ ਦੇ ਮਹੱਤਵਪੂਰਨ ਸਰਕਾਰੀ ਤੇ ਫੌਜੀ ਢਾਂਚਿਆਂ 'ਤੇ ਰਿਵਾਇਤੀ ਹਮਲੇ ਦੇ ਜਵਾਬ 'ਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਗੱਲ ਕਹੀ ਗਈ ਹੈ। ਕ੍ਰੈਸਨਿਆ ਜ਼ਵੇਜ਼ਦਾ 'ਚ ਪ੍ਰਕਾਸ਼ਿਤ ਲੇਖ 'ਚ ਰੂਸੀ ਫੌਜ ਦੇ ਜਨਰਲ ਸਟਾਫ ਦੇ ਉੱਚ ਅਧਿਕਾਰੀ ਜਨਰਲ ਐਂਡ੍ਰੇਈ ਸਟਰਲਿਨ ਅਤੇ ਕਰਨਲ ਐਲੇਕਜੈਂਡਰ ਕ੍ਰਿਯਾਪਿਨ ਨੇ ਕਿਹਾ ਕਿ ਇਹ ਤੈਅ ਕਰਨ ਦਾ ਕੋਈ ਤਰੀਕਾ ਨਹੀਂ ਹੈ ਕਿ ਆਉਣ ਵਾਲੀ ਬੈਲੇਸਟਿਕ ਮਿਜ਼ਾਇਲ ਪ੍ਰਮਾਣੂ ਨਾਲ ਲੈੱਸ ਹੈ ਜਾਂ ਫਿਰ ਰਿਵਾਇਤੀ, ਇਸ ਲਈ ਫ਼ੌਜ ਇਸ ਨੂੰ ਪ੍ਰਮਾਣੂ ਹਮਲੇ ਦੇ ਤੌਰ 'ਤੇ ਦੇਖੇਗੀ। ਲੇਖ 'ਚ ਕਿਹਾ ਗਿਆ ਹੈ, ''ਕਿਸੇ ਵੀ ਹਮਲੇ ਵਾਲੀ ਮਿਜ਼ਾਇਲ ਦੇ ਸੰਦਰਭ 'ਚ ਮੰਨਿਆ ਜਾਵੇਗਾ ਕਿ ਉਹ ਪ੍ਰਮਾਣੂ ਵਾਰਹੈੱਡ ਨਾਲ ਲੈੱਸ ਹੈ।''


Sanjeev

Content Editor

Related News