ਭਾਰਤ ਤੇ ਕਤਰ ਸੁਰੱਖਿਆ ਤੇ ਆਰਥਿਕ ਰਿਸ਼ਤੇ ਵਧਾਉਣ ਲਈ ਹੋਏ ਸਹਿਮਤ

12/29/2020 11:31:56 PM

ਦੋਹਾ- ਕਤਰ ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਉੱਥੋਂ ਦੇ ਅਮੀਰ ਸ਼ੇਖ ਤਮੀਮ ਬਿਨ ਹਮਾਦ ਅਲ-ਥਾਨੀ ਨਾਲ ਮੁਲਾਕਾਤ ਕਰਕੇ ਦੋਵਾਂ ਮੁਲਕਾਂ ਵਿਚਕਾਰ ਆਰਥਿਕ ਤੇ ਸੁਰੱਖਿਆ ਸਹਿਯੋਗ ਵਧਾਉਣ ’ਤੇ ਗੱਲ ਕੀਤੀ। ਇਸ ’ਤੇ ਦੋਵੇਂ ਦੇਸ਼ ਆਪਣੇ ਰਿਸ਼ਤੇ ਵਧਾਉਣ ’ਤੇ ਸਹਿਮਤ ਹੋ ਗਏ। 

ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਤਰ ਵੀ ਸ਼ੇਖ ਤਮੀਮ ਨੂੰ ਸੌਂਪਿਆ, ਜਿਸ ਵਿੱਚ ਉਨ੍ਹਾਂ ਨੂੰ ਭਾਰਤ ਯਾਤਰਾ ਲਈ ਸੱਦਾ ਦਿੱਤਾ ਗਿਆ ਹੈ। ਅਮੀਰ ਸ਼ੇਖ ਨੇ ਭਾਰਤ ਯਾਤਰਾ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ, ਜਲਦ ਹੀ ਉਨ੍ਹਾਂ ਦੀ ਭਾਰਤ ਫੇਰੀ ਸਬੰਧੀ ਐਲਾਨ ਹੋਵੇਗਾ। ਪੀ. ਐੱਮ. ਮੋਦੀ ਨੇ ਕਤਰ ਵਿਚ ਭਾਰਤੀ ਭਾਈਚਾਰੇ ਦੀਆਂ ਸਹੂਲਤਾਂ ਲਈ ਕਾਰਜ ਕਰਨ ਲਈ ਸ਼ੇਖ ਤਮੀਮ ਦਾ ਧੰਨਵਾਦ ਵੀ ਕੀਤਾ। ਕਤਰ ਵਿਚ ਦੇਸ਼ ਦੇ ਮੁਖੀ ਨੂੰ ਅਮੀਰ ਕਹਿੰਦੇ ਹਨ। 

ਜੈਸ਼ੰਕਰ ਦੋ ਦਿਨ ਦੀ ਕਤਰ ਯਾਤਰਾ ’ਤੇ ਐਤਵਾਰ ਨੂੰ ਦੋਹਾ ਪਹੁੰਚੇ ਸਨ। ਉਨ੍ਹਾਂ ਨਾਲ ਮੁਲਾਕਾਤ ਵਿੱਚ ਸ਼ੇਖ ਤਮੀਮ ਨੇ ਹਾਲ ਹੀ ਵਿੱਚ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ ਨੂੰ ਵੀ ਯਾਦ ਕੀਤਾ। ਇਸ ਗੱਲਬਾਤ ਵਿੱਚ ਦੋਵਾਂ ਨੇਤਾਵਾਂ ਨੇ ਊਰਜਾ ਖੇਤਰ ਵਿੱਚ ਨਿਵੇਸ਼ ਲਈ ਸਾਂਝੀ ਟਾਸਕ ਫੋਰਸ ਬਣਾਉਣ ਦਾ ਫ਼ੈਸਲਾ ਕੀਤਾ ਸੀ। ਜੈਸ਼ੰਕਰ ਨੇ ਅਮੀਰ ਸ਼ੇਖ ਦੇ ਪਿਤਾ ਸ਼ੇਖ ਹਮਾਦ ਬਿਨ ਖਲੀਫ਼ਾ ਅਲ-ਥਾਨੀ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ 2013 ਵਿੱਚ ਸੱਤਾ ਆਪਣੇ ਪੁੱਤਰ ਸ਼ੇਖ ਤਮੀਮ ਨੂੰ ਸੌਂਪ ਦਿੱਤੀ ਸੀ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰਦਿਆਂ ਕਿਹਾ ਕਿ ਸ਼ੇਖ ਹਮਾਦ ਨਾਲ ਸ਼ਾਨਦਾਰ ਮੁਲਾਕਾਤ ਹੋਈ। ਉਹ ਦੋਵਾਂ ਦੇਸ਼ਾਂ ਦੇ ਸਬੰਧ ਵਿੱਚ ਵਿਸਥਾਰ ਲਈ ਹਮੇਸ਼ਾ ਰਾਹ-ਦਸੇਰੇ ਬਣੇ ਹਨ। ਵਿਸ਼ਵ ਪੱਧਰ ਦੇ ਮਸਲਿਆਂ ’ਤੇ ਉਨ੍ਹਾਂ ਦੀ ਸੋਚ ਬਹੁਤ ਸਕਾਰਾਤਾਮਕ ਹੈ। ਮੁਲਾਕਾਤ ਵਿੱਚ ਸ਼ੇਖ ਹਮਾਦ ਨੇ ਕਤਰ ਵਿੱਚ ਭਾਰਤੀ ਭਾਈਚਾਰੇ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਜੈਸ਼ੰਕਰ ਨੇ ਦੋਹਾ ਵਿੱਚ ਪ੍ਰਧਾਨ ਮੰਤਰੀ ਖਾਲਿਦ ਬਿਨ ਖਲੀਫਾ ਬਿਨ ਅਬਦੁਲਅਜੀਜ ਅਲ ਥਾਨੀ ਨਾਲ ਵੀ ਮੁਲਾਕਾਤ ਕੀਤੀ। ਉਹ ਕਤਰ ਦੇ ਗ੍ਰਹਿ ਮੰਤਰੀ ਵੀ ਹਨ।


Sanjeev

Content Editor

Related News