ਭਾਰਤ ਦੀ ਮਦਦ ਦਾ ਅਸਰ, ਨੇਪਾਲ ਤੋਂ ਉਖੜੇ ਚੀਨ ਦੇ ਜੰਮੇ ਪੈਰ

06/09/2022 12:06:12 PM

ਚੀਨ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਨੂੰ ਆਪਣੇ ਹੱਥੋਂ ਤਿਲਕਦਾ ਦੇਖ ਇਕ ਵਾਰ ਫਿਰ ਉਸ ਨੂੰ ਆਪਣੇ ਕਬਜ਼ੇ ’ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਹਿਲਾਂ ਚੀਨ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰ ਕੇ ਨੇਪਾਲ ’ਚ ਕਮਿਊਨਿਸਟ ਪਾਰਟੀ ਦੇ ਨੇਤਾ ਕੇ. ਪੀ. ਸ਼ਰਮਾ ਓਲੀ ਨੂੰ ਨੇਪਾਲ ਦਾ ਪ੍ਰਧਾਨ ਮੰਤਰੀ ਬਣਵਾਇਆ ਪਰ ਸਮਾਂ ਰਹਿੰਦੇ ਨੇਪਾਲੀ ਜਨਤਾ ਨੇ ਆਪਣੀ ਪਸੰਦ ਦਾ ਪੀ. ਐੱਮ. ਚੁਣ ਕੇ ਓਲੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਪਰ ਚੀਨ ਦੀ ਮੱਕਾਰੀ ਭਰੀ ਚਾਲ ’ਚ ਇਕ ਗੱਲ ਖਾਸ ਹੈ ਕਿ ਉਹ ਬਾਜ਼ੀ ਹਾਰਨ ਦੇ ਬਾਅਦ ਵੀ ਕੋਸ਼ਿਸ਼ ਕਰਨੀ ਨਹੀਂ ਛੱਡਦਾ।ਹਾਲ ਹੀ ’ਚ ਬੁੱਧ ਜਯੰਤੀ ’ਤੇ ਨੇਪਾਲ ਦੇ ਲੁੰਬਿਨੀ ’ਚ ਭਗਵਾਨ ਬੁੱਧ ਦੇ ਜਨਮ ਉਤਸਵ ’ਤੇ ਇਕ ਵੱਡਾ ਸਮਾਗਮ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਦੀ ਯਾਤਰਾ ਕੀਤੀ ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ ਤੇ ਨੇਪਾਲ ਦੇ ਮਹਾਮਾਯਾ ਦੇਵੀ ਮੰਦਿਰ ’ਚ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ੇਸ਼ ਪੂਜਾ ਅਰਚਨਾ ਕੀਤੀ। ਇਸ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਓਬਾ ਆਪਣੀ ਪਤਨੀ ਨਾਲ ਮੌਜੂਦ ਸਨ।

ਇਸ ਪੂਰੇ ਕਾਂਡ ’ਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਚੀਨ ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਤੋਂ ਬੜਾ ਪ੍ਰੇਸ਼ਾਨ ਰਿਹਾ। ਚੀਨ ਦੀ ਪ੍ਰੇਸ਼ਾਨੀ ਦਾ ਸਬੱਬ ਇਹ ਹੈ ਕਿ ਕਦੀ ਨੇਪਾਲ ’ਚ ਚੀਨ ਨੇ ਆਪਣੀ ਫੰਡਿੰਗ ਨਾਲ ਕਮਿਊਨਿਸਟ ਪਾਰਟੀ ਨੂੰ ਖੜ੍ਹਾ ਕੀਤਾ ਸੀ, ਬਾਅਦ ’ਚ ਨੇਪਾਲ ’ਚ ਚੀਨ ਨੇ ਆਪਣੇ ਪੈਸਿਆਂ ਦੇ ਦਮ ’ਤੇ ਸੱਤਾ ਪਰਿਵਰਤਨ ਵੀ ਕਰਵਾਇਆ ਪਰ ਸਮਾਂ ਬਦਲਿਆ ਤੇ ਲੋਕਾਂ ਨੂੰ ਚੀਨ ਦੀ ਚਾਲਬਾਜ਼ੀ ਸਮਝ ’ਚ ਆਉਣ ਦੇ ਬਾਅਦ ਉਨ੍ਹਾਂ ਨੇ ਨੇਪਾਲ ਤੋਂ ਕਮਿਊਨਿਸਟ ਪਾਰਟੀ ਦੀ ਸੱਤਾ ਨੂੰ ਪੁੱਟ ਸੁੱਟਿਆ ਅਤੇ ਸ਼ੇਰ ਬਹਾਦਰ ਦੇਓਬਾ ਨੂੰ ਗੱਦੀਨਸ਼ੀਨ ਕੀਤਾ। ਓਲੀ ਦੇ ਉਲਟ ਦੇਓਬਾ ਭਾਰਤ ਦੇ ਮਿੱਤਰ ਅਤੇ ਪੱਖੀ ਕਹੇ ਜਾਂਦੇ ਹਨ ਪਰ ਹੁਣ ਨੇਪਾਲ ’ਚ ਚੀਨ ਦੀ ਬਾਜ਼ੀ ਪੁੱਠੀ ਪੈ ਰਹੀ ਹੈ ਅਤੇ ਭਾਰਤ ਦਾ ਵਿਰੋਧ ਨੇਪਾਲ ’ਚ ਖਤਮ ਹੋ ਚੱਲਿਆ ਹੈ। ਦੇਓਬਾ ਦੇ ਸੱਤਾ ’ਚ ਆਉਣ ਦੇ ਬਾਅਦ ਭਾਰਤ ਦੇ ਨੇਪਾਲ ਨਾਲ ਸਬੰਧ ਸੁਧਰ ਰਹੇ ਹਨ। ਇਹ ਸਾਰੀਆਂ ਗੱਲਾਂ ਚੀਨ ਨੂੰ ਚੰਗੀਆਂ ਨਹੀਂ ਲੱਗ ਰਹੀਆਂ।

ਚੀਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਨੇਪਾਲ ਯਾਤਰਾ ’ਤੇ ਪੂਰੀ ਤਰ੍ਹਾਂ ਨਜ਼ਰ ਟਕਾ ਕੇ ਰੱਖੀ ਸੀ। ਅਜਿਹੇ ’ਚ ਮੋਦੀ ਨੇ ਚੀਨ ਨੂੰ ਇਕ ਜ਼ੋਰਦਾਰ ਝਟਕਾ ਦਿੱਤਾ ਅਤੇ ਚੀਨ ਵੱਲੋਂ ਬਣਾਏ ਲੁੰਬਿਨੀ ਹਵਾਈ ਅੱਡੇ ’ਤੇ ਨਾ ਉਤਰ ਕੇ ਦਿੱਲੀ ਤੋਂ ਕੁਸ਼ੀਨਗਰ ਤੱਕ ਯਾਤਰਾ ਦੇ ਬਾਅਦ ਮੋਦੀ ਨੇ ਕੁਸ਼ੀਨਗਰ ਤੋਂ ਹੈਲੀਕਾਪਟਰ ਨਾਲ ਯਾਤਰਾ ਕੀਤੀ ਅਤੇ ਲੁੰਬਿਨੀ ਪਹੁੰਚੇ। ਇਸ ਨਾਲ ਭਾਰਤ ਨੇ ਚੀਨ ਨੂੰ ਸਾਫ ਸੰਦੇਸ਼ ਿਦੱਤਾ ਕਿ ਭਾਰਤ ਨੇਪਾਲ ’ਚ ਚੀਨ ਦੀ ਦਖਲਅੰਦਾਜ਼ੀ ਤੋਂ ਖੁਸ਼ ਨਹੀਂ ਹੈ। ਇਸ ਨਾਲ ਚੀਨ ਦੀ ਬੇਚੈਨੀ ਵਧਣੀ ਲਾਜ਼ਮੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਨੇਪਾਲ ਯਾਤਰਾ ਨੇਪਾਲੀ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਓਬਾ ਦੀ ਭਾਰਤ ਯਾਤਰਾ ਦੇ ਠੀਕ ਬਾਅਦ ਹੋਈ।ਦਰਅਸਲ ਚੀਨ ਨੂੰ ਭਾਰਤ ਅਤੇ ਨੇਪਾਲ ਦੇ ਬਿਹਤਰ ਸਬੰਧਾਂ ਤੋਂ ਪ੍ਰੇਸ਼ਾਨੀ ਹੈ। ਚੀਨ ਭਾਰਤ ਦੇ ਗੁਆਂਢੀ ਦੇਸ਼ਾਂ ’ਚ ਸੰਨ੍ਹ ਲਾ ਕੇ ਭਾਰਤ ਨੂੰ ਪੂਰੇ ਉਪ ਮਹਾਦੀਪ ਖੇਤਰ ’ਚ ਅਲੱਗ-ਥਲੱਗ ਕਰਨ ਦੀ ਰਣਨੀਤੀ ’ਤੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ। ਓਧਰ ਭਾਰਤ ਨੇ ਨੇਪਾਲ ’ਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਪਕੜ ਨੂੰ ਢਿੱਲੀ ਕਰਨ ਲਈ ਸਾਊਥ ਬਲਾਕ ਦੇ ਅਧਿਕਾਰੀ ਨਵੀਨ ਸ਼੍ਰੀਵਾਸਤਵ ਨੂੰ ਨੇਪਾਲ ’ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਹੈ। ਸ਼੍ਰੀਵਾਸਤਵ ਚੀਨ ਦੇ ਬਾਰੇ ’ਚ ਚੰਗੀ ਪਕੜ ਰੱਖਦੇ ਹਨ। ਦੇਓਬਾ ਦੇ ਨੇਪਾਲ ਦਾ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਚੀਨ ਦੀ ਨੇਪਾਲ ’ਤੇ ਪਕੜ ਕਮਜ਼ੋਰ ਹੋਈ ਹੈ, ਓਧਰ ਭਾਰਤ ਨਾਲ ਨੇਪਾਲ ਦੇ ਗਰੀਬੀ ਰਿਸ਼ਤੇ ਬਣਨ ਲੱਗੇ ਹਨ।

ਨੇਪਾਲ ਇਨ੍ਹੀਂ ਦਿਨੀਂ ਅਮਰੀਕਾ ਅਤੇ ਚੀਨ ਦੀ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਨੇਪਾਲ ਨੇ ਦੇਸ਼ ਦੀ ਤਰੱਕੀ ਲਈ ਵੱਖ-ਵੱਖ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਲਈ ਅਮਰੀਕਾ ਦੇ ਐੱਮ. ਸੀ. ਸੀ. ਪ੍ਰਾਜੈਕਟ ਨੂੰ ਨੇਪਾਲ ’ਚ ਲਿਆਉਣ ਦਾ ਮਨ ਬਣਾਇਆ ਹੈ। ਓਧਰ ਚੀਨ ਨੇ ਨੇਪਾਲ ਨੂੰ ਐੱਮ. ਸੀ. ਸੀ. ਨੂੰ ਇਜਾਜ਼ਤ ਨਾ ਦੇਣ ਦੀ ਖੁੱਲ੍ਹੀ ਚਿਤਾਵਨੀ ਤੱਕ ਦੇ ਦਿੱਤੀ। ਚੀਨ ਨੇਪਾਲ ’ਚ ਆਪਣੇ ਬੀ. ਆਰ. ਆਈ. ਪ੍ਰਾਜੈਕਟ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ। ਨੇਪਾਲ ਨੇ ਚੀਨ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅਮਰੀਕੀ ਐੱਮ. ਸੀ. ਸੀ. ਨੂੰ ਮਨਜ਼ੂਰੀ ਦੇ ਿਦੱਤੀ ਜਿਸ ਦੇ ਬਾਅਦ ਚੀਨ ਨੇ ਆਪਣੇ ਵਿਦੇਸ਼ ਮੰਤਰੀ ਵਾਂਗ ਯੀ ਨੂੰ ਨੇਪਾਲ ਭੇਜ ਕੇ ਦੇਓਬਾ ਨਾਲ ਚੀਨ ਦੀ ਬੀ. ਆਰ. ਆਈ. ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਦਬਾਅ ਬਣਾਇਆ ਸੀ, ਨਾਲ ਹੀ ਨੇਪਾਲ ਨੂੰ ਆਸਾਨ ਕਿਸ਼ਤਾਂ ’ਤੇ ਕਰਜ਼ਾ ਦੇਣ ਦੀ ਪੇਸ਼ਕਸ਼ ਵੀ ਕੀਤੀ ਪਰ ਨੇਪਾਲ ਨੇ ਸ਼੍ਰੀਲੰਕਾ ਦੇ ਤਾਜ਼ਾ ਹਾਲਾਤ ਤੋਂ ਸਬਕ ਲੈਂਦੇ ਹੋਏ ਚੀਨ ਦੇ ਮਤੇ ਨੂੰ ਠੁਕਰਾ ਦਿੱਤਾ।

ਇਸ ਪਿਛੋਕੜ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨੇਪਾਲ ਦੌਰਾ ਬੜਾ ਅਹਿਮ ਮੰਨਿਆ ਜਾ ਰਿਹਾ ਹੈ। ਇਕ ਪਾਸੇ ਚੀਨ ਭਾਰਤ ਤੋਂ ਖਾਰ ਖਾਈ ਬੈਠਾ ਹੈ, ਓਧਰ ਨੇਪਾਲ ਚੀਨ ਦੇ ਜ਼ਖਮਾਂ ’ਤੇ ਨਮਕ ਲਾਉਂਦੇ ਹੋਏ ਆਪਣੇ ਕਈ ਅਹਿਮ ਪ੍ਰਾਜੈਕਟਾਂ ਨੂੰ ਭਾਰਤੀ ਕੰਪਨੀਆਂ ਨੂੰ ਦੇਣ ਦਾ ਮਨ ਬਣਾ ਚੁੱਕਾ ਹੈ। ਇਸ ਸਬੰਧ ’ਚ ਪ੍ਰਧਾਨ ਮੰਤਰੀ ਮੋਦੀ ਅਤੇ ਦੇਓਬਾ ਦਰਮਿਆਨ ਰਸਮੀ ਗੱਲਬਾਤ ਪੂਰੀ ਹੋ ਚੁੱਕੀ ਹੈ। ਨੇਪਾਲ ਤੋਂ ਆਪਣਾ ਵਪਾਰ ਹੱਥੋਂ ਨਿਕਲ ਜਾਣ ਕਾਰਨ ਚੀਨ ਬਿਫਰ ਚੁੱਕਾ ਹੈ। ਉਪਰੋਂ ਨੇਪਾਲ ਦੇ ਪੀ. ਐੱਮ. ਦੇਓਬਾ ਖੁੱਲ੍ਹੇਆਮ ਕਹਿ ਚੁੱਕੇ ਹਨ ਕਿ ਸੇਤੀ ਜਲਬਿਜਲੀ ਪ੍ਰਾਜੈਕਟ ਲਈ ਭਾਰਤ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਹਾਲਾਂਕਿ ਨੇਪਾਲ ਨੇ ਇਸ ਪ੍ਰਾਜੈਕਟ ਲਈ ਸਾਲ 2012 ਅਤੇ 2017 ’ਚ ਚੀਨ ਨਾਲ ਸਮਝੌਤਾ ਕੀਤਾ ਸੀ।

ਓਲੀ ਦੇ ਨੇਪਾਲ ਦਾ ਪ੍ਰਧਾਨ ਮੰਤਰੀ ਬਣਨ ਦੇ ਦੌਰਾਨ ਚੀਨ ਉੱਥੇ ਬੜਾ ਸਰਗਰਮ ਸੀ ਅਤੇ ਨੇਪਾਲ ’ਚ ਉਸ ਦੀ ਰਾਜਦੂਤ ਹੋਊ ਯਾਂਗ ਛੀ ਸਿੱਧੇ ਤੌਰ ’ਤੇ ਨੇਪਾਲ ਦੀ ਅੰਦਰੂਨੀ ਸਿਆਸਤ ’ਚ ਦਖਲਅੰਦਾਜ਼ੀ ਕਰਦੀ ਸੀ। ਉਸ ਦੌਰ ’ਚ ਕੇ. ਪੀ. ਸ਼ਰਮਾ ਓਲੀ ਵੀ ਭਾਰਤ ਦੇ ਵਿਰੁੱਧ ਖੁੱਲ੍ਹ ਕੇ ਜ਼ਹਿਰ ਉਗਲਦੇ ਹੁੰਦੇ ਸਨ। ਇਸ ਤੋਂ ਵੀ ਇਕ ਕਦਮ ਅੱਗੇ ਵਧ ਕੇ ਨੇਪਾਲ ਨੇ ਭਾਰਤ ਦੇ ਸਰਹੱਦੀ ਇਲਾਕੇ ਲਿੰਪਿਆਧੁਰਾ, ਕਾਲਾਪਾਣੀ ਅਤੇ ਲਿਪੁਲੇਖ ਨੂੰ ਆਪਣੇ ਨਕਸ਼ੇ ’ਚ ਦਿਖਾਉਣਾ ਸ਼ੁਰੂ ਕਰ ਿਦੱਤਾ ਸੀ। ਇਹ ਕੰਮ ਨੇਪਾਲ ਚੀਨ ਦੀ ਸ਼ਹਿ ਅਤੇ ਤਰਜ਼ ’ਤੇ ਕਰ ਰਿਹਾ ਸੀ ਪਰ ਓਲੀ ਦੀ ਸਰਕਾਰ ਡਿੱਗਣ ਅਤੇ ਸ਼ੇਰ ਬਹਾਦਰ ਦੇਓਬਾ ਦੇ ਸੱਤਾ ’ਚ ਵਾਪਸ ਆਉਣ ਦੇ ਬਾਅਦ ਮੋਦੀ ਨੇ ਨੇਪਾਲ ਦੀ ਯਾਤਰਾ ਕਰ ਕੇ ਭਾਰਤ ਦੀ ਸਾਫਟ ਪਾਵਰ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਲੁੰਬਿਨੀ ਰਾਹੀਂ ਨੇਪਾਲ ਅਤੇ ਭਾਰਤ ਦਰਮਿਆਨ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ’ਚ ਆਪਣੇ ਕਦਮ ਅੱਗੇ ਵਧਾਏ ਹਨ।

ਭਾਰਤ ਹੁਣ ਆਪਣੇ ਗੁਆਂਢੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ। ਜਦੋਂ ਉਹ ਮੁਸੀਬਤ ’ਚ ਹੋਣ ਤਾਂ ਭਾਰਤ ਮਦਦ ਲਈ ਤੇਜ਼ੀ ਨਾਲ ਅੱਗੇ ਆਉਣ ਲੱਗਾ ਹੈ। ਇਹ ਕਦਮ ਗੁਆਂਢੀਆਂ ਨੂੰ ਭਾਰਤ ਦੇ ਵੱਧ ਨੇੜੇ ਰੱਖੇਗਾ। ਕੋਈ ਵੀ ਹੋਰ ਦੇਸ਼ ਆਪਣੇ ਪੈਸਿਆਂ ਦੇ ਦਮ ’ਤੇ ਭਾਰਤ ਦੇ ਗੁਆਂਢੀਆਂ ਨੂੰ ਖਰੀਦਣ ਦੀ ਕੋਸ਼ਿਸ਼ ਨਹੀਂ ਕਰੇਗਾ ਕਿਉਂਕਿ ਪਿਛਲੇ ਕੁਝ ਸਾਲਾਂ ’ਚ ਚੀਨ ਦੇ ਜਾਲ ’ਚ ਫਸਣ ਦੇ ਬਾਅਦ ਇਨ੍ਹਾਂ ਦੇਸ਼ਾਂ ਦਾ ਬੁਰਾ ਹਾਲ ਹੋ ਚੁੱਕਾ ਹੈ। ਅਜਿਹੇ ’ਚ ਭਾਰਤ ਦੇ ਬਚੇ ਹੋਏ ਗੁਆਂਢੀ ਉਨ੍ਹਾਂ ਦੇਸ਼ਾਂ ਤੋਂ ਸਬਕ ਲੈਣਗੇ ਅਤੇ ਆਪਣੇ ਗੁਆਂਢੀ ਦੇਸ਼ਾਂ ਨਾਲ ਵੱਧ ਸਹਿਯੋਗ ਕਰਨਗੇ।


Vandana

Content Editor

Related News