ਵਿਸ਼ਵ ਕੱਪ ਫਾਈਨਲ 'ਚ ਵੱਡੀ ਚੂਕ... ਮੈਦਾਨ 'ਚ ਦਾਖਲ ਹੋਇਆ ਫਲਸਤੀਨ ਸਮਰਥਕ, ਕੋਹਲੀ ਨੂੰ ਪਿੱਛਿਓਂ ਫੜਿਆ

11/19/2023 5:32:35 PM

ਇੰਟਰਨੈਸ਼ਨਲ ਡੈਸਕ- ਭਾਰਤ ਦੀ ਮੇਜ਼ਬਾਨੀ ਵਿਚ ਖੇਡੇ ਜਾ ਰਹੇ ਵਨਡੇ ਵਰਲਡ ਕੱਪ 2023 ਲਈ ਅੱਜ (19 ਨਵੰਬਰ) ਬਹੁਤ ਖਾਸ ਦਿਨ ਹੈ। ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਮੈਚ 'ਚ ਟਾਸ ਹਾਰ ਕੇ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈ। ਮੈਚ ਦੌਰਾਨ ਇਕ ਦਰਸ਼ਕ ਅਚਾਨਕ ਮੈਦਾਨ 'ਚ ਆ ਗਿਆ ਅਤੇ ਵਿਰਾਟ ਕੋਹਲੀ ਦੇ ਨੇੜੇ ਜਾ ਕੇ ਉਸ ਨੂੰ ਪਿੱਛੇ ਤੋਂ ਫੜ ਲਿਆ।

ਫਿਲਸਤੀਨ ਪੱਖੀ ਦਰਸ਼ਕ ਨੂੰ ਤੁਰੰਤ ਮੈਦਾਨ ਤੋਂ ਬਾਹਰ ਕੱਢ ਦਿੱਤਾ ਗਿਆ

ਦਰਅਸਲ ਇਹ ਦਰਸ਼ਕ ਫਲਸਤੀਨ ਪੱਖੀ ਸੀ। ਉਸ ਨੇ ਫਲਸਤੀਨ ਦੇ ਝੰਡੇ ਵਾਲਾ ਮਾਸਕ ਵੀ ਪਾਇਆ ਹੋਇਆ ਸੀ। ਇਹ ਘਟਨਾ ਭਾਰਤੀ ਪਾਰੀ ਦੌਰਾਨ 14ਵੇਂ ਓਵਰ ਦੀ ਤੀਜੀ ਗੇਂਦ ਤੋਂ ਬਾਅਦ ਵਾਪਰੀ। ਇਸ ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਕਰਮਚਾਰੀ ਆਏ ਅਤੇ ਉਸ ਦਰਸ਼ਕ ਨੂੰ ਫੜ ਕੇ ਬਾਹਰ ਕੱਢ ਦਿੱਤਾ। ਇਸ ਘਟਨਾ ਦੇ ਵੀਡੀਓ ਅਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਘਟਨਾ ਦੌਰਾਨ ਵਿਰਾਟ ਕੋਹਲੀ 29 ਦੌੜਾਂ 'ਤੇ ਅਤੇ ਕੇਐੱਲ ਰਾਹੁਲ 6 ਦੌੜਾਂ 'ਤੇ ਖੇਡ ਰਹੇ ਸਨ। ਜਦੋਂ ਕਿ ਇਹ 14ਵਾਂ ਓਵਰ ਸਪਿਨਰ ਐਡਮ ਜ਼ਾਂਪਾ ਵੱਲੋਂ ਸੁੱਟਿਆ ਜਾ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਵਿਸ਼ਵ ਕੱਪ ਤੋਂ ਪਹਿਲਾਂ ਵੀ ਕਈ ਵਾਰ ਹਮਾਸ ਅਤੇ ਇਜ਼ਰਾਈਲ ਵਿਚਾਲੇ ਜਾਰੀ ਜੰਗ ਨਾਲ ਜੁੜੇ ਕੁਝ ਮਾਮਲੇ ਸਾਹਮਣੇ ਆਏ ਹਨ।

ਪਾਕਿਸਤਾਨੀ ਖਿਡਾਰੀਆਂ ਨੇ ਕੀਤਾ ਸੀ ਗਾਜ਼ਾ ਦਾ ਸਮਰਥਨ

ਪਾਕਿਸਤਾਨ ਟੀਮ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਵਿਸ਼ਵ ਕੱਪ ਦੇ ਮੱਧ ਵਿਚ ਇਸ ਜੰਗ ਦਾ ਮੁੱਦਾ ਸਭ ਤੋਂ ਪਹਿਲਾਂ ਉਠਾਇਆ ਸੀ। ਸ਼੍ਰੀਲੰਕਾ ਖ਼ਿਲਾਫ਼ ਮੈਚ ਜੇਤੂ ਸੈਂਕੜਾ ਲਗਾਉਣ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਆਪਣਾ ਸੈਂਕੜਾ ਗਾਜ਼ਾ ਦੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਤੋਂ ਬਾਅਦ ਪਾਕਿਸਤਾਨ ਟੀਮ ਦੇ ਕਈ ਖਿਡਾਰੀਆਂ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਫਲਸਤੀਨ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਦੂਜੀ ਘਟਨਾ ਉਦੋਂ ਸਾਹਮਣੇ ਆਈ ਜਦੋਂ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ।

ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ-ਹਮਾਸ ਸ਼ਾਂਤੀ ਸਮਝੌਤੇ ਦੇ ਕਰੀਬ! 50 ਬੰਧਕਾਂ ਦੀ ਰਿਹਾਈ ਬਦਲੇ ਗਾਜ਼ਾ 'ਚ 5 ਦਿਨ ਦੀ ਜੰਗਬੰਦੀ

ਕੋਲਕਾਤਾ ਮੈਚ ਵਿੱਚ ਲੱਗੇ ਸਨ ਫਲਸਤੀਨ ਦੇ ਨਾਅਰੇ 

ਫਿਰ ਇਸ ਮੈਚ ਦੌਰਾਨ ਇੱਕ ਦਰਸ਼ਕ ਨੂੰ ਸਟੈਂਡ ਵਿੱਚ ਇੱਕ ਪੋਸਟਰ ਲਹਿਰਾਉਂਦੇ ਹੋਏ ਦਿਖਾਇਆ ਗਿਆ। ਉਸ ਦੀ ਫੋਟੋ ਵੀ ਕਾਫੀ ਵਾਇਰਲ ਹੋ ਰਹੀ ਹੈ। ਉਸ ਦਰਸ਼ਕ ਨੇ ਪੋਸਟਰ ਵਿੱਚ ਲਿਖਿਆ, 'ਅੱਤਵਾਦ ਵਿਰੁੱਧ ਇਸ ਜੰਗ ਵਿੱਚ ਭਾਰਤ ਇਜ਼ਰਾਈਲ ਦੇ ਨਾਲ ਖੜ੍ਹਾ ਹੈ।' ਫਿਰ 31 ਅਕਤੂਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਗਿਆ। ਇਸ ਦੌਰਾਨ 3 ਤੋਂ 4 ਲੜਕੇ ਫਲਸਤੀਨ ਦਾ ਝੰਡਾ ਲਹਿਰਾਉਂਦੇ ਦੇਖੇ ਗਏ। ਉਹ ਫਲਸਤੀਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਵੀ ਨਜ਼ਰ ਆਏ। ਇਸ ਮਾਮਲੇ ਤੋਂ ਬਾਅਦ ਵਿਵਾਦ ਕਾਫੀ ਵਧ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  

Vandana

This news is Content Editor Vandana