ਗਿਰਗਟ ਵਾਂਗ ਰੰਗ ਬਦਲਦੇ ਬਾਂਦਰ

11/02/2020 11:31:12 AM

ਵੈਸੇ ਤਾਂ ਖਾਸ ਤੌਰ ’ਤੇ ਅਫਰੀਕਾ ਦੇ ਸੰਘਣੇ ਜੰਗਲਾਂ ’ਚ ਅਜਿਹੇ ਬਾਂਦਰ ਦੇਖਣ ਨੂੰ ਮਿਲਦੇ ਹਨ ਜੋ ਮੌਸਮ ਦੇ ਹਿਸਾਬ ਨਾਲ ਰੰਗ ਬਦਲ ਲੈਂਦੇ ਹਨ ਪਰ ਅਫਰੀਕਾ ਤੋਂ ਇਲਾਵਾ ਵੀ ਦੁਨੀਆ ਦੇ ਅਨੇਕਾਂ ਹਿੱਸਿਆਂ ’ਚ ਪਲ-ਪਲ ਰੰਗ ਬਦਲਦੇ ਬਾਂਦਰ ਦੇਖਣ ਨੂੰ ਮਿਲਦੇ ਹਨ।

ਅਫਰੀਕਾ ਦੇ ਜੰਗਲਾਂ ’ਚ ਬਾਂਦਰਾਂ ਦੀਆਂ ਅਜਿਹੀਆਂ ਕਈ ਨਸਲਾਂ ਮੌਜੂਦ ਹਨ, ਜੋ ਮੌਸਮ ਦੇ ਆਧਾਰ ’ਤੇ ਆਪਣੇ ਸਰੀਰ ਦਾ ਰੰਗ ਬਦਲਦੀਆਂ ਹਨ। ਗਰਮੀ ਦੇ ਮੌਸਮ ’ਚ ਇਨ੍ਹਾਂ ਦੇ ਸਰੀਰ ਦਾ ਰੰਗ ਨੀਲਾ ਹੋ ਜਾਂਦਾ ਹੈ ਤਾਂ ਸਰਦੀ ’ਚ ਲਾਲ ਅਤੇ ਵਰਖਾ ਰੁੱਤ ’ਚ ਹਰਾ। ਪ੍ਰਾਚੀਨ ਮਿਸਰ ਦੇ ਖੰਡਰਾਂ ’ਚ ਤਾਂ ‘ਕੀਓ’ ਪ੍ਰਜਾਤੀ ਦੇ ਪਲ-ਪਲ ਰੰਗ ਬਦਲਣ ਵਾਲੇ ਬਾਂਦਰ ਵੀ ਪਾਏ ਜਾਂਦੇ ਹਨ ਜਿਨ੍ਹਾਂ ਨੂੰ ਹਰ ਪਲ ਸਰੀਰ ਦਾ ਰੰਗ ਬਦਲਣ ਦੀ ਵਿਸ਼ੇਸ਼ਤਾ ਦੇ ਹੀ ਕਾਰਨ ‘ਜਾਦੁਈ ਬਾਂਦਰ’ ਵੀ ਕਿਹਾ ਜਾਂਦਾ ਹੈ।

ਇਸੇ ਤਰ੍ਹਾਂ ਪੇਰੂ ਦੇ ਜੰਗਲਾਂ ’ਚ ‘ਸੀਸੋ’ ਪ੍ਰਜਾਤੀ ਦੇ ਅਜਿਹੇ ਲੰਗੂਰ ਪਾਏ ਜਾਂਦੇ ਹਨ ਜੋ ਆਪਣੀਆਂ ਅੱਖਾਂ ਦਾ ਰੰਗ ਬਦਲਣ ਲਈ ਮਸ਼ਹੂਰ ਹਨ। ਛੋਟੇ-ਛੋਟੇ ਇਹ ਲੰਗੂਰ ਜਦੋਂ ਬਹੁਤ ਭੁੱਖੇ ਹੁੰਦੇ ਹਨ ਤਾਂ ਇਨ੍ਹਾਂ ਦੀਆਂ ਅੱਖਾਂ ਦਾ ਰੰਗ ਲਾਲ ਹੋ ਜਾਂਦਾ ਹੈ ਪਰ ਜਦੋਂ ਇਨ੍ਹਾਂ ਦੀ ਭੁੱਖ ਸ਼ਾਂਤ ਹੋ ਜਾਂਦੀ ਹੈ ਤਾਂ ਇਨ੍ਹਾਂ ਦੀਆਂ ਅੱਖਾਂ ਦਾ ਰੰਗ ਬਦਲ ਕੇ ਕਾਲਾ ਹੋ ਜਾਂਦਾ ਹੈ। ‘ਸੀਸੋ’ ਲੰਗੂਰਾਂ ਵਾਂਗ ਹੀ ਕੋਰੀਆ ਦੇ ਪਹਾੜਾਂ ’ਤੇ ਵੀ ਅਜਿਹੇ ਲੰਗੂਰ ਪਾਏ ਜਾਂਦੇ ਹਨ, ਜੋ ਗੁੱਸੇ ਦੀ ਹਾਲਤ ’ਚ ਹੁੰਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਜਾਂ ਚਿਹਰੇ ਦਾ ਨਹੀਂ ਸਗੋਂ ਪੂੰਛ ਦਾ ਰੰਗ ਬਦਲ ਜਾਂਦਾ ਹੈ। ਜਦੋਂ ਇਹ ਲੰਗੂਰ ਗੁੱਸੇ ’ਚ ਹੁੰਦੇ ਹਨ ਤਾਂ ਇਨ੍ਹਾਂ ਦੀ ਪੂੰਛ ਦਾ ਰੰਗ ਗਿਰਗਟ ਵਾਂਗ ਬਦਲਣ ਲੱਗਦਾ ਹੈ।


Lalita Mam

Content Editor

Related News