ਸਿੰਗਾਪੁਰ ਤੋਂ ਮਹਿਲਾ ਦਾ ਪਿੱਛਾ ਕਰਦਾ ਨੋਇਡਾ ਪਹੁੰਚਿਆ ਨੌਜਵਾਨ

07/25/2019 12:24:51 PM

ਨੋਇਡਾ—ਸਿੰਗਾਪੁਰ ਤੋਂ 42 ਸਾਲਾ ਮਹਿਲਾ ਦਾ ਪਿੱਛਾ ਕਰਦਾ ਹੋਇਆ ਇੱਕ ਨੌਜਵਾਨ ਨੋਇਡਾ ਪਹੁੰਚ ਗਿਆ ਹੈ। ਮਹਿਲਾ ਨੇ ਪੁਲਸ ਥਾਣੇ ਪਹੁੰਚ ਕੇ ਉਕਤ ਨੌਜਵਾਨ 'ਤੇ ਛੇੜਛਾੜ ਦਾ ਮਾਮਲਾ ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਹੈ ਕਿ ਇਸ ਨੌਜਵਾਨ ਦੇ ਕਾਰਨ ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਰਹੀ ਹੈ। ਪੁਲਸ ਨੇ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਮਹਿਲਾ ਦੇ ਮ੍ਰਿਤਕ ਪਤੀ ਦੀ ਆਤਮਾ ਉਸ ਦੇ ਸਰੀਰ ਅੰਦਰ ਦਾਖਲ ਹੋ ਗਈ ਹੈ। ਦੱਸ ਦੇਈਏ ਕਿ ਮਹਿਲਾ ਸੈਕਟਰ 50 'ਚ ਰਹਿੰਦੀ ਹੈ ਅਤੇ ਉਸ ਦੇ ਪਤੀ ਦੀ ਲਗਭਗ 11 ਸਾਲ ਪਹਿਲਾਂ ਸਿੰਗਾਪੁਰ 'ਚ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਮੌਤ ਹੋ ਗਈ ਸੀ।

ਇਹ ਹੈ ਪੂਰਾ ਮਾਮਲਾ—
ਅਸਲ 'ਚ ਮਾਮਲਾ ਦਰਜ ਕਰਵਾਉਣ ਵਾਲੀ ਮਹਿਲਾ ਨੇ ਦੱਸਿਆ ਹੈ ਕਿ ਉਕਤ ਨੌਜਵਾਨ ਜਿਸ ਦਾ ਨਾਂ ਕੁਲਦੀਪ ਸਿੰਘ ਹੈ ਅਤੇ ਮੇਰਠ ਦਾ ਰਹਿਣ ਵਾਲਾ ਹੈ, ਉਸ ਨਾਲ ਸਿੰਗਾਪੁਰ 'ਚ ਆਰਕੁਟ ਚੈਟ ਰਾਹੀਂ ਦੋਸਤੀ ਹੋਈ ਸੀ। ਇਸ ਤੋਂ ਬਾਅਦ ਉਹ ਦੋਵੇਂ ਇੱਕ-ਦੂਜੇ ਨਾਲ ਮਿਲਦੇ ਰਹੇ ਪਰ ਕੁਝ ਸਮਾਂ ਪਹਿਲਾਂ ਦੋਵਾਂ 'ਚ ਗੱਲਬਾਤ ਬੰਦ ਹੋ ਗਈ ਅਤੇ ਮਹਿਲਾਂ ਸਿੰਗਾਪੁਰ ਤੋਂ ਨੋਇਡਾ ਆ ਗਈ। ਉਸ ਤੋਂ ਬਾਅਦ ਨੌਜਵਾਨ ਨੇ ਕਾਫੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਨੇ ਇਹ ਵੀ ਦੱਸਿਆ ਹੈ ਕਿ ਉਸ ਨੌਜਵਾਨ ਨੇ ਫੇਸਬੁੱਕ 'ਤੇ ਮੈਸੇਜ ਭੇਜਦਾ ਸੀ। ਜਵਾਬ ਨਾ ਮਿਲਣ ਕਾਰਨ ਉਹ ਨੋਇਡਾ ਆ ਗਿਆ ਅਤੇ ਹੁਣ ਉਹ ਉਸਦਾ ਪਿੱਛਾ ਕਰ ਰਿਹਾ ਹੈ। ਦੂਜੇ ਪਾਸੇ ਨੌਜਵਾਨ ਕੁਲਦੀਪ ਸਿੰਘ ਸਿੰਗਾਪੁਰ ਤੋਂ ਆ ਕੇ ਸੈਕਟਰ 34 ਦੇ ਇੱਕ ਹੋਟਲ 'ਚ ਰੁਕਿਆ ਹੋਇਆ ਹੈ। ਉਸ ਦਾ ਕਹਿਣਾ ਹੈ  ਕਿ ਮਹਿਲਾ ਦੇ ਪਤੀ ਦੀ ਆਤਮਾ ਉਸ ਦੇ ਸਰੀਰ 'ਚ ਆ ਗਈ ਹੈ ਅਤੇ ਜਿਸ ਦੇ ਕਾਰਨ ਸਿੰਗਾਪੁਰ 'ਚ ਉਹ ਦੋਵੇਂ ਮਿਲੇ ਸਨ ਅਤੇ ਰਿਲੇਸ਼ਨ 'ਚ ਵੀ ਰਹੇ ਸਨ। 

Iqbalkaur

This news is Content Editor Iqbalkaur