9 ਸਾਲਾ ਮਾਸੂਮ ਦੇ ਕਤਲ ਮਗਰੋਂ ਸਾੜੀ ਸੀ ਲਾਸ਼, ਕੋਰਟ ਨੇ ਮੁਲਜ਼ਮ ਨੂੰ ਸੁਣਾਈ ਮੌਤ ਦੀ ਸਜ਼ਾ

09/29/2023 5:09:40 PM

ਹੈਦਰਾਬਾਦ (ਭਾਸ਼ਾ)- ਤੇਲੰਗਾਨਾ ਦੇ ਮਹਿਬੂਬਾਬਾਦ ਜ਼ਿਲ੍ਹੇ ਦੀ ਇਕ ਅਦਾਲਤ ਨੇ ਅਕਤੂਬਰ 2020 'ਚ ਫਿਰੌਤੀ ਲਈ 9 ਸਾਲਾ ਇਕ ਬੱਚੇ ਨੂੰ ਅਗਵਾ ਕਰਨ ਅਤੇ ਇਸ ਤੋਂ ਬਾਅਦ ਉਸ ਦਾ ਕਤਲ ਕਰਨ ਦੇ ਮਾਮਲੇ 'ਚ 22 ਸਾਲਾ ਨੌਜਵਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਸੈਸ਼ਨ ਅਦਾਲਤ ਜੱਜ ਨੇ ਆਟੋਮੋਬਾਇਲ ਮੈਕੇਨਿਕ ਵਜੋਂ ਕੰਮ ਕਰਨ ਵਾਲੇ ਐੱਮ. ਸਾਗਰ ਨੂੰ ਭਾਰਤੀ ਦੰਡਾਵਲੀ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਦੋਸ਼ੀ ਪਾਇਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ।

ਇਹ ਵੀ ਪੜ੍ਹੋ : ਗੂਗਲ 'ਤੇ ਖੋਜ ਰਿਹਾ ਸੀ 'ਖ਼ੁਦਕੁਸ਼ੀ ਕਰਨ ਦਾ ਤਰੀਕਾ' ਪੁਲਸ ਨੇ ਇੰਝ ਬਚਾਈ ਜਾਨ

ਇਸਤਗਾਸਾ ਪੱਖ ਅਨੁਸਾਰ, ਦੋਸ਼ੀ ਨੇ 18 ਅਕਤੂਬਰ 2020 ਨੂੰ ਮਹਿਬੂਬਾਬਾਦ ਸ਼ਹਿਰ 'ਚ ਨਾਬਾਲਗ ਬੱਚੇ ਨੂੰ ਅਗਵਾ ਕਰ ਲਿਆ। ਦੋਸ਼ੀ ਵਿਅਕਤੀ ਪੀੜਤ ਦੇ ਪਿਤਾ ਨੂੰ ਜਾਣਦਾ ਸੀ, ਜੋ ਪੇਸ਼ੇ ਤੋਂ ਇਕ ਪੱਤਰਕਾਰ ਹੈ। ਇਸ ਤੋਂ ਬਾਅਦ ਦੋਸ਼ੀ ਮੁੰਡੇ ਨੂੰ ਆਪਣੀ ਬਾਈਕ 'ਤੇ ਬਿਠਾ ਕੇ ਅੰਨਾਰਾਮ ਪਿੰਡ ਦੀ ਇਕ ਪਹਾੜੀ 'ਤੇ ਲੈ ਗਿਆ ਅਤੇ ਉਸ ਨੇ ਉਸ ਨੂੰ ਨੀਂਦ ਦੀਆਂ ਗੋਲੀਆਂ ਦੇਣ ਤੋਂ ਬਾਅਦ ਇਸ ਡਰੋਂ ਗਲ਼ਾ ਘੁੱਟ ਕੇ ਮਾਰ ਦਿੱਤਾ ਕਿ ਮੁੰਡਾ ਉਸ ਦੀ ਪਛਾਣ ਕਰ ਲਵੇਗਾ। ਬਾਅਦ 'ਚ ਸਾਗਰ ਨੇ ਆਪਣੇ ਮੋਬਾਇਲ ਫ਼ੋਨ ਤੋਂ ਮੁੰਡੇ ਦੇ ਮਾਤਾ-ਪਿਤਾ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਦੇ ਪੁੱਤ ਨੂੰ ਛੱਡਣ ਲਈ 45 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਦੋਸ਼ੀ ਨੇ ਕਤਲ ਦੇ ਸਬੂਤ ਮਿਟਾਉਣ ਲਈ ਮੁੰਡੇ ਦੀ ਲਾਸ਼ ਸਾੜ ਦਿੱਤੀ। ਪੁਲਸ ਨੇ ਦੱਸਿਆ ਕਿ ਸਾਗਰ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਬੱਚੇ ਦੇ ਮਾਤਾ-ਪਿਤਾ ਨੇ ਇਕ ਜਾਇਦਾਦ ਖਰੀਦੀ ਹੈ, ਇਸ ਤੋਂ ਬਾਅਦ ਉਸ ਨੇ ਆਸਾਨੀ ਨਾਲ ਪੈਸਾ ਕਮਾਉਣ ਦੀ ਯੋਜਨਾ ਬਣਾਈ ਅਤੇ ਇਸ ਅਪਰਾਧ ਨੂੰ ਅੰਜਾਮ ਦਿੱਤਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

DIsha

This news is Content Editor DIsha