ਨੌਜਵਾਨ ਨੇ ਦਾਜ ’ਚ ਮਿਲੀ 50 ਲੱਖ ਦੀ ਜਾਇਦਾਦ ਕੀਤੀ ਵਾਪਸ

11/19/2019 9:19:31 PM

ਬੈਤੂਲ — ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਅੱਜ ਵੀ ਈਮਾਨਦਾਰ ਅਤੇ ਮਿਸਾਲੀ ਨੌਜਵਾਨ ਮੌਜੂਦ ਹਨ। ਬੈਤੂਲ ਸ਼ਹਿਰ ਦੇ ਮੋਤੀ ਵਾਰਡ ਨਿਵਾਸੀ ਈ. ਡਬਲਯੂ. ਡੀ. ਵਿਭਾਗ ਵਿਚ ਕੰਪਿਊਟਰ ਆਪਰੇਟਰ ਜਤਿੰਦਰ ਉਰਫ ਜਗਦੀਸ਼ ਭਾਰਤੀ ਨੇ ਦੱਸਿਆ ਕਿ 4 ਸਾਲ ਦੀ ਉਮਰ ਵਿਚ ਘਰ ਦੇ ਬਜ਼ੁਰਗਾਂ ਨੇ ਉਸ ਦਾ ਵਿਆਹ ਪਿੰਡ ਗਜਪੁਰ ਨਿਵਾਸੀ ਗੰਗਾ ਯਾਦਵ ਨਾਲ ਤੈਅ ਕੀਤਾ ਸੀ। ਉਸ ਸਮੇਂ ਗੰਗਾ ਦੇ ਰਿਸ਼ਤੇਦਾਰਾਂ ਨੇ ਮੰਗਣੀ ਵਿਚ 10 ਏਕੜ ਜ਼ਮੀਨ ਦੀ ਰਜਿਸਟਰੀ ਜਤਿੰਦਰ ਦੇ ਨਾਂ ਕੀਤੀ ਸੀ। ਮਗਰੋਂ ਇਹ ਵਿਆਹ ਨੇਪਰੇ ਨਹੀਂ ਚੜ੍ਹ ਸਕਿਆ। ਜਿਸ ਸਮੇਂ ਲੜਕੀ ਦੇ ਰਿਸ਼ਤੇਦਾਰ ਉਸ ਦਾ ਵਿਆਹ ਕਰਨਾ ਚਾਹੁੰਦੇ ਸਨ, ਉਸ ਸਮੇਂ ਜਤਿੰਦਰ ਪੜ੍ਹਾਈ ਕਰ ਰਿਹਾ ਸੀ। ਇਸ ਲਈ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ।

ਜਤਿੰਦਰ ਦੇ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਰਿਸ਼ਤੇਦਾਰਾਂ ਨੇ ਗੰਗਾ ਦਾ ਵਿਆਹ ਕਿਸੇ ਹੋਰ ਥਾਂ ਕਰ ਦਿੱਤਾ ਅਤੇ ਬਾਅਦ ਵਿਚ ਜਤਿੰਦਰ ਦਾ ਵਿਆਹ ਵੀ ਕਿਸੇ ਹੋਰ ਲੜਕੀ ਨਾਲ ਹੋ ਗਿਆ ਪਰ ਉਸ 10 ਏਕੜ ਜ਼ਮੀਨ ਬਾਰੇ ਦੋਹਾਂ ਪਰਿਵਾਰਾਂ ਵਿਚਕਾਰ ਕਦੇ ਕੋਈ ਗੱਲਬਾਤ ਨਹੀਂ ਹੋਈ। ਇਸ ਘਟਨਾ ਤੋਂ 45 ਸਾਲ ਬਾਅਦ ਜਤਿੰਦਰ ਨੇ ਗੰਗਾ ਦੇ ਭਰਾ ਨੂੰ ਕਲ ਪੂਰੀ ਜ਼ਮੀਨ ਦੇ ਕਾਗਜ਼ ਪੱਤਰ ਵਾਪਸ ਕਰ ਦਿੱਤੇ।

ਜਤਿੰਦਰ ਨੇ ਦੱਸਿਆ ਕਿ ਸੋਮਵਾਰ ਨੂੰ ਤਹਿਸੀਲਦਾਰ ਦੇ ਦਫਤਰ ਵਿਚ ਦੋਵਾਂ ਪਰਿਵਾਰਾਂ ਦੇ ਮੈਂਬਰ ਮੌਜੂਦ ਸਨ। ਗੰਗਾ ਦੇ ਭਰਾ ਨੂੰ ਜਤਿੰਦਰ ਨੇ ਉਹ ਸਾਰੀ 10 ਏਕੜ ਜ਼ਮੀਨ ਵਾਪਸ ਕਰ ਦਿੱਤੀ ਜਿਸ ਦੀ ਅਜੋਕੇ ਸਮੇਂ ’ਚ ਕੀਮਤ 50 ਲੱਖ ਰੁਪਏ ਤੋਂ ਜ਼ਿਆਦਾ ਹੈ।

Inder Prajapati

This news is Content Editor Inder Prajapati