ਮਰ ਗਈ ਇਨਸਾਨੀਅਤ: 10 ਸਾਲ ਤੱਕ ਜੰਜ਼ੀਰਾਂ ’ਚ ਕੈਦ ਰਿਹਾ ਸ਼ਖ਼ਸ, ਪਰਿਵਾਰ ਕਰਦਾ ਰਿਹੈ ਜਾਨਵਰਾਂ ਵਾਂਗ ਸਲੂਕ

08/10/2021 1:33:07 PM

ਅੰਬਾਲਾ— ਹਰਿਆਣਾ ਦੇ ਅੰਬਾਲਾ ਤੋਂ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਇੱਥੇ ਇਕ ਸ਼ਖ਼ਸ ਨੂੰ ਉਸ ਦੇ ਹੀ ਪਰਿਵਾਰ ਨੇ ਜੰਜ਼ੀਰਾਂ ਨਾਲ ਜਕੜ ਕੇ ਰੱਖਿਆ ਸੀ। ਦਰਅਸਲ ਦਿਮਾਗੀ ਹਾਲਤ ਠੀਕ ਨਾ ਹੋਣ ਦੀ ਵਜ੍ਹਾ ਕਰ ਕੇ ਪਰਿਵਾਰ ਨੇ ਉਸ ਨੂੰ 10 ਸਾਲਾਂ ਤੱਕ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ। ਸ਼ਖ਼ਸ ਨਾਲ ਪਰਿਵਾਰ ਜਾਨਵਰਾਂ ਵਰਗਾ ਵਤੀਰਾ ਕਰਦਾ ਸੀ।

ਅੰਬਾਲਾ ਦੇ ਫਤਿਹਪੁਰ ਪਿੰਡ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਹ ਘਟਨਾ ਹੈ, ਜਿੱਥੇ ਰਹਿਣ ਵਾਲਾ ਸ਼ਖ਼ਸ ਦਿਮਾਗੀ ਤੌਰ ’ਤੇ ਬੀਮਾਰ ਹੈ। ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਪਿਛਲੇ 10 ਸਾਲਾਂ ਤੋਂ ਉਹ ਇੰਨੀ ਕਠੋਰ ਸਜ਼ਾ ਭੁਗਤ ਰਿਹਾ ਸੀ। ਇਕ ਸਮਾਜ ਸੇਵੀ ਸੰਸਥਾ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਹੋਈ ਤਾਂ ਇਸ ਸ਼ਖ਼ਸ ਨੂੰ ਜੰਜ਼ੀਰਾਂ ਦੇ ਬੰਧਨ ਤੋਂ ਮੁਕਤ ਕਰਵਾਇਆ ਗਿਆ।

ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰ ਕੇ ਉਸ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ ਸੀ। ਉਸ ਦੀ ਦੇਖਭਾਲ ਕਰਨ ਲਈ ਵੀ ਪਰਿਵਾਰ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਸਨ ਅਤੇ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹ ਦਿੱਤਾ। ਪਿੰਡ ਵਾਲਿਆਂ ਦੀ ਸੂਚਨਾ ਮਗਰੋਂ ਜੰਜ਼ੀਰਾਂ ’ਚ ਜੀਵਨ ਗੁਜ਼ਾਰ ਰਹੇ ਨੌਜਵਾਨ ਦੀ ਮਦਦ ਲਈ ਇਕ ਸਮਾਜ ਸੇਵੀ ਸੰਸਥਾ ਨੇ ਕਦਮ ਅੱਗੇ ਵਧਾਏ। 

ਸੰਸਥਾ ਦੀ ਟੀਮ ਦੇ ਮੈਂਬਰ ਪਿੰਡ ਪਹੁੰਚੇ। ਪਰਿਵਾਰ ਦੇ ਲੋਕਾਂ ਨਾਲ ਗੱਲ ਕਰਨ ਮਗਰੋਂ ਪੀੜਤ ਨੌਜਵਾਨ ਨੂੰ ਜੰਜ਼ੀਰਾਂ ਤੋਂ ਮੁਕਤ ਕਰਵਾਇਆ। ਸੰਸਥਾ ਦੇ ਇਕ ਮੈਂਬਰ ਨੇ ਦੱਸਿਆ ਕਿ ਪੀੜਤ ਨੌਜਵਾਨ ਦੀ ਦੇਖਭਾਲ ਹੁਣ ਸੰਸਥਾ ਵਲੋਂ ਕੀਤੀ ਜਾਵੇਗੀ। ਟੀਮ ਦੇ ਮੈਂਬਰ ਪੀੜਤ ਨੂੰ ਆਪਣੇ ਨਾਲ ਲੈ ਗਏ। ਉਕਤ ਨੌਜਵਾਨ ਦੇ ਭਰਾ ਅਤੇ ਮਾਂ ਨੇ ਦੱਸਿਆ ਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਪਿਛਲੇ ਕਈ ਸਾਲਾਂ ਤੋਂ ਉਸ ਦੀ ਦੇਖਭਾਲ ਕਰ ਸਕਣਾ ਮੁਸ਼ਕਲ ਹੋ ਰਿਹਾ ਸੀ। ਕਿਉਂਕਿ ਪੈਸੇ ਨਹੀਂ ਸਨ, ਇਸ ਲਈ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ। 

Tanu

This news is Content Editor Tanu