CAA ਹਿੰਸਾ ''ਤੇ ਯੋਗੀ ਸਰਕਾਰ ਦਾ ਵੱਡਾ ਐਕਸ਼ਨ, PFI ਦੇ 25 ਮੈਂਬਰ ਗ੍ਰਿਫਤਾਰ

01/01/2020 6:33:57 PM

ਲਖਨਊ — ਉੱਤਰ ਪ੍ਰਦੇਸ਼ ਪੁਲਸ ਨੇ ਪਾਪੁਲਰ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ਦੇ 25 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਹੋਈ ਹੈ। ਉਨ੍ਹਾਂ ਨੂੰ ਅਪਰਾਧਿਕ ਸਰਗਰਮੀਆਂ 'ਚ ਸ਼ਾਮਲ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਕੱਟੜਵਾਦ ਇਸਲਾਮੀ ਸੰਗਠਨ ਪਾਪੁਲਰ ਫਰੰਟ ਆਫ ਇੰਡੀਆ ਦਾ ਨਾਂ ਇਨ੍ਹਾਂ ਦਿਨੀਂ ਚਰਚਾ 'ਚ ਹੈ।
ਉੱਤਰ ਪ੍ਰਦੇਸ਼ 'ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ 'ਚ ਭੜਕੀ ਹਿੰਸਾ 'ਚ ਪੀ.ਐੱਫ.ਆਈ. ਦੇ ਨਾਂ ਮੁੱਖ ਰੂਪ ਨਾਲ ਸਾਹਮਣੇ ਆਇਆ ਸੀ। ਪੀ.ਐੱਫ.ਆਈ. 2006 'ਚ ਕੇਰਲ 'ਚ ਨੈਸ਼ਨਲ ਡਿਵੈਲਪਮੈਂਟ ਫਰੰਟ ਦੇ ਮੁੱਖ ਸੰਗਠਨ ਦੇ ਰੂਪ 'ਚ ਸ਼ੁਰੂ ਹੋਇਆ ਸੀ।
ਇਸ ਤੋਂ ਪਹਿਲਾਂ ਪਾਪੁਲਰ ਫਰੰਟ ਆਫ ਇੰਡੀਆ ਨੂੰ ਬੈਨ ਕਰਨ ਦਾ ਉੱਤਰ ਪ੍ਰਦੇਸ਼ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਪੱਤਰ ਭੇਜਿਆ ਸੀ। ਗ੍ਰਹਿ ਮੰਤਰਾਲਾ ਨੇ ਇਸ ਪੱਤਰ ਨੂੰ ਸਵੀਕਾਰ ਵੀ ਕਰ ਲਿਆ ਸੀ। ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਪੀ.ਐੱਫ.ਆਈ. ਨੂੰ ਬੈਨ ਕਰਨ ਦਾ ਪ੍ਰਸਤਾਵ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਭੇਜਿਆ ਸੀ। ਇਸ ਮਾਮਲੇ 'ਚ ਕੇਂਦਰੀ ਗ੍ਰਹਿ ਮੰਤਰਾਲਾ ਖੁਫੀਆ ਏਜੰਸੀਆ ਅਤੇ ਐੱਨ.ਆਈ.ਏ. ਤੋਂ ਇਨਪੁਟ ਲੈ ਸਕਦਾ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲਾ ਪਿਛਲੇ ਕੁਝ ਮਹੀਨਿਆਂ 'ਚ ਪੀ.ਐੱਫ.ਆਈ. ਨਾਲ ਜੁੜੀ ਸਰਗਰਮੀਆਂ ਦੀ ਸਮੀਖਿਆ ਕਰੇਗਾ।