ਤਿੰਨ ਤਲਾਕ ਪੀੜਤ ਔਰਤਾਂ ਨੂੰ ਸਲਾਨਾ 6 ਹਜ਼ਾਰ ਰੁਪਏ ਪੈਨਸ਼ਨ ਦੇਵੇਗੀ ਯੋਗੀ ਸਰਕਾਰ

12/28/2019 6:01:30 PM

ਲਖਨਊ— ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਯਨਾਥ ਸਰਕਾਰ ਤਿੰਨ ਤਲਾਕ ਨਾਲ ਪੀੜਤ ਔਰਤਾਂ ਅਤੇ ਹਿੰਦੂ ਔਰਤਾਂ (ਪਤੀਆਂ ਤੋਂ ਵੱਖ ਰਹਿ ਰਹੀਆਂ ਔਰਤਾਂ) ਲਈ ਪੈਨਸ਼ਨ ਦਾ ਪ੍ਰਸਤਾਵ ਲੈ ਕੇ ਆਈ ਹੈ। ਨਵੇਂ ਸਾਲ 'ਚ ਯੋਗੀ ਸਰਕਾਰ ਹਰ ਸਾਲ ਤਿੰਨ ਤਲਾਕ ਪੀੜਤ ਔਰਤਾਂ ਅਤੇ ਹਿੰਦੂ ਔਰਤਾਂ ਨੂੰ 6 ਹਜ਼ਾਰ ਰੁਪਏ ਦੇਣ ਜਾ ਰਹੀ ਹੈ। ਜਾਣਕਾਰੀ ਅਨੁਸਾਰ 500 ਰੁਪਏ ਮਹੀਨੇ ਦੇ ਤੌਰ 'ਤੇ ਇਹ ਰਕਮ ਤਿੰਨ ਤਲਾਕ ਪੀੜਤ ਅਤੇ ਪਤੀਆਂ ਤੋਂ ਵੱਖ ਰਹਿ ਰਹੀਆਂ ਔਰਤਾਂ ਨੂੰ ਦਿੱਤੀ ਜਾਵੇਗੀ। ਸਰਕਾਰ ਨੇ ਇਸ ਯੋਜਨਾ ਦਾ ਪੂਰਾ ਪ੍ਰਸਤਾਵ ਤਿਆਰ ਕਰ ਲਿਆ ਹੈ ਅਤੇ ਇਸ ਨੂੰ ਅਗਲੀ ਕੈਬਨਿਟ 'ਚ ਲਿਆਉਣ ਦੀ ਪੂਰੀ ਤਿਆਰੀ ਹੈ। ਫਿਲਹਾਲ ਤਿੰਨ ਤਲਾਕ ਤੋਂ ਪੀੜਤ ਔਰਤਾਂ ਅਤੇ ਪਤੀਆਂ ਤੋਂ ਵੱਖ ਰਹਿ ਰਹੀਆਂ ਔਰਤਾਂ ਦੀ 5 ਹਜ਼ਾਰ ਦੀ ਸੂਚਨਾ ਤਿਆਰ ਹੈ, ਜਿਨ੍ਹਾਂ ਨੂੰ ਮਾਰਚ ਦੇ ਅੰਤ ਤੱਕ ਪਹਿਲੀ ਕਿਸ਼ਤ ਦਿੱਤੀ ਜਾਵੇਗੀ।

ਬੀਤੇ ਸਤੰਬਰ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਐਲਾਨ ਕੀਤਾ ਸੀ ਕਿ ਤਿੰਨ ਤਲਾਕ ਪੀੜਤਾ ਦੇ ਨਾਲ-ਨਾਲ ਸਾਰੇ ਧਰਮਾਂ ਦੀਆਂ ਔਰਤਾਂ, ਜੋ ਪਤੀਆਂ ਤੋਂ ਵੱਖ ਰਹਿ ਰਹੀਆਂ ਔਰਤਾਂ ਨੂੰ 6 ਹਜ਼ਾਰ ਰੁਪਏ ਸਲਾਨਾ ਰਾਸ਼ੀ ਦਿੱਤੀ ਜਾਵੇਗੀ। ਉਸ ਦੌਰਾਨ ਤਿੰਨ ਤਲਾਕ ਨਾਲ ਪੀੜਤ ਔਰਤਾਂ ਨਾਲ ਗੱਲਬਾਤ 'ਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਤਿੰਨ ਤਲਾਕ ਪੀੜਤਾਂ ਦੀ ਮੁਫ਼ਤ ਪੈਰਵੀ ਕਰੇਗੀ।

ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਪੀੜਤ ਔਰਤਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ, ਯੋਗਤਾ ਅਨੁਸਾਰ ਉਨ੍ਹਾਂ ਨੂੰ ਕੇਂਦਰ ਅਤੇ ਪ੍ਰਦੇਸ਼ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ। ਨਾਲ ਹੀ ਪੀੜਤ ਔਰਤਾਂ ਦੇ ਮੁੜ ਵਸੇਬੇ ਲਈ 6 ਹਜ਼ਾਰ ਰੁਪਏ ਸਲਾਨਾ ਮੁਆਵਜ਼ਾ ਦੇਣ ਦੀ ਯੋਜਨਾ ਵੀ ਬਣੇਗੀ। ਉੱਥੇ ਹੀ ਸਿੱਖਿਅਤ ਔਰਤਾਂ ਲਈ ਰੋਜ਼ਗਾਰ ਦੀ ਵਿਵਸਥਾ ਕੀਤੀ ਜਾਵੇਗੀ। ਬੀਮਾ ਯੋਜਨਾਵਾਂ ਦਾ ਲਾਭ ਤਿੰਨ ਤਲਾਕ ਪੀੜਤ ਔਰਤਾਂ ਨੂੰ ਦਿੱਤਾ ਜਾਵੇਗਾ।

DIsha

This news is Content Editor DIsha