ਜੀ. ਐੱਸ. ਟੀ. ''ਚ ਤਬਦੀਲੀ ਤੱਕ ਜਾਰੀ ਰਹੇਗਾ ਵਿਰੋਧ : ਰਾਹੁਲ

11/12/2017 9:23:38 AM

ਚਿਲੋਡਾ (ਗੁਜਰਾਤ) - ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਜੀ. ਐੱਸ. ਟੀ. 'ਚ ਵੱਧ ਤੋਂ ਵੱਧ ਦਰ ਨੂੰ ਮੌਜੂਦਾ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕੀਤੇ ਜਾਣ ਤੱਕ ਆਪਣਾ ਵਿਰੋਧ ਜਾਰੀ ਰੱਖੇਗੀ।
ਰਾਹੁਲ ਨੇ ਸ਼ਨੀਵਾਰ ਤੋਂ ਗੁਜਰਾਤ 'ਚ ਆਪਣੇ 3 ਦਿਨਾ ਚੋਣ ਦੌਰੇ ਦੀ ਸ਼ੁਰੂਆਤ ਗਾਂਧੀਨਗਰ ਜ਼ਿਲੇ ਦੇ ਚਿਲੋਡਾ ਅਤੇ ਗੁਆਂਢੀ ਸਾਬਰਕਾਂਠਾ ਜ਼ਿਲੇ ਦੇ ਪ੍ਰਾਂਤੀਜ਼ ਵਿਖੇ 2 ਜਲਸਿਆਂ 'ਚ ਕਿਹਾ ਕਿ ਗੁਜਰਾਤ ਦੇ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਨਾਲ ਅਸੀਂ ਸਰਕਾਰ 'ਤੇ ਜੀ. ਐੱਸ. ਟੀ. ਨੂੰ ਲੈ ਕੇ ਦਬਾਅ ਬਣਾਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਨਰਿੰਦਰ ਮੋਦੀ ਨੂੰ ਕਿਹਾ ਕਿ ਜੀ. ਐੱਸ. ਟੀ. ਸਿਰਫ ਇਕ ਟੈਕਸ ਅਤੇ ਵੱਧ ਤੋਂ ਵੱਧ 18 ਫੀਸਦੀ ਦੀ ਹੱਦ 'ਚ ਹੋਣਾ ਚਾਹੀਦਾ ਹੈ। ਹੁਣ ਮੈਂ ਬਹੁਤ ਖੁਸ਼ੀ ਨਾਲ ਕਹਿਣਾ ਚਾਹੁੰਦਾ ਹਾਂ ਕਿ ਅਰੁਣ ਜੇਤਲੀ ਨੇ ਬਹੁਤ ਸਾਰੀਆਂ ਚੀਜ਼ਾਂ 28 ਤੋਂ 18 ਫੀਸਦੀ ਦੀ ਬ੍ਰੈਕਟ ਵਿਚ ਪਾ ਦਿੱਤੀਆਂ ਹਨ। ਅਸੀਂ ਉਦੋਂ ਤੱਕ ਨਹੀਂ ਰੁਕਾਂਗੇ, ਜਦੋਂ ਤੱਕ ਸਰਕਾਰ 5 ਟੈਕਸਾਂ ਨੂੰ ਇਕ ਟੈਕਸ ਵਿਚ ਨਹੀਂ ਬਦਲ ਦਿੰਦੀ। ਜੇ ਇਹ ਕੰਮ ਮੋਦੀ ਸਰਕਾਰ ਨਹੀਂ ਕਰੇਗੀ ਤਾਂ ਜਿਵੇਂ ਹੀ ਕਾਂਗਰਸ ਦੀ ਸਰਕਾਰ ਆਏਗੀ ਤਾਂ ਅਸੀਂ ਇਹ ਤਬਦੀਲੀ ਕਰ ਦੇਵਾਂਗੇ। ਰਾਹੁਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਨੋਟਬੰਦੀ ਦੇ ਸਰਕਾਰ ਦੇ ਗਲਤ ਫੈਸਲੇ ਕਾਰਨ ਲੱਖਾਂ ਲੋਕ ਬੇਰੋਜ਼ਗਾਰ ਹੋ ਗਏ ਸਨ। ਜੀ. ਐੱਸ. ਟੀ. ਦੇ ਨਵੇਂ ਸਵਰੂਪ, ਜਿਸ ਨੂੰ ਮੈਂ 'ਗੱਬਰ ਸਿੰਘ ਟੈਕਸ' ਕਹਿੰਦਾ ਹਾਂ, ਕਾਰਨ ਵੀ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ।

ਜੀ. ਐੱਸ. ਟੀ. ਦੀਆਂ ਦਰਾਂ 'ਚ ਕਟੌਤੀ ਦਾ ਸਿਹਰਾ ਰਾਹੁਲ ਨੂੰ
ਕਾਂਗਰਸ ਨੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਵੱਖ-ਵੱਖ ਵਸਤਾਂ ਵਿਚ ਟੈਕਸ ਵਿਚ ਕਟੌਤੀ ਦੇ ਜੀ. ਐੱਸ. ਟੀ. ਕੌਂਸਲ ਦੇ ਫੈਸਲੇ ਦਾ ਸਿਹਰਾ ਰਾਹੁਲ ਗਾਂਧੀ ਨੂੰ ਦਿੱਤਾ ਹੈ। ਗੁਜਰਾਤ ਵਿਚ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਹੁਲ ਵਲੋਂ ਪਾਏ ਗਏ ਦਬਾਅ ਅਤੇ ਗੁਜਰਾਤ ਵਿਚ ਉਨ੍ਹਾਂ ਨੂੰ ਮਿਲ ਰਹੀ ਚੰਗੀ ਪ੍ਰਤੀਕਿਰਿਆ ਕਾਰਨ ਹੀ ਜੀ. ਐੱਸ. ਟੀ. ਕੌਂਸਲ ਨੇ ਟੈਕਸ ਦਰਾਂ ਵਿਚ ਕਟੌਤੀ ਕੀਤੀ ਹੈ।