370 ਦਾ ਖਾਤਮਾ ਤੇ 2019 ਦੀਆਂ ਉਹ ਵੱਡੀਆਂ ਘਟਨਾਵਾਂ, ਜਿਨ੍ਹਾਂ ਨੇ ਬਦਲ ਦਿੱਤਾ ਕਈ ਕੁਝ

12/19/2019 11:49:26 AM

ਨਵੀਂ ਦਿੱਲੀ— ਸਾਲ 2019 ਸਾਨੂੰ ਅਲਵਿਦਾ ਕਹਿਣ ਵਾਲਾ ਹੈ ਅਤੇ ਹਰ ਕੋਈ ਨਵੇਂ ਸਾਲ ਯਾਨੀ ਕਿ 2020 ਦੇ ਸੁਆਗਤ ਲਈ ਤਿਆਰ ਹੈ। ਸਾਲ 2019 ਸਿਆਸੀ ਨਜ਼ਰੀਏ ਤੋਂ ਇਤਿਹਾਸਕ ਸਾਲ ਰਿਹਾ, ਜਿਸ ਨੇ ਦੇਸ਼ ਦੀ ਸਿਆਸਤ 'ਚ ਭੂਚਾਲ ਲੈ ਆਉਂਦਾ। ਸਿਆਸਤ 'ਚ ਕਈ ਅਜਿਹੀਆਂ ਘਟਨਾਵਾਂ ਨੇ ਦੇਸ਼ ਹੀ ਨਹੀਂ ਦੁਨੀਆ 'ਤੇ ਅਸਰ ਪਾਇਆ। ਖਾਸ ਗੱਲ ਇਹ ਸੀ ਕਿ ਲੋਕ ਸਭਾ ਚੋਣਾਂ 'ਚ ਵੱਡੀ ਲੀਡ ਨਾਲ ਜਿੱਤ ਹਾਸਲ ਕਰ ਕੇ ਨਰਿੰਦਰ ਮੋਦੀ ਇਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਨਾ ਸਿਰਫ ਮੋਦੀ ਸਰਕਾਰ ਸਗੋਂ ਕਿ ਕਾਂਗਰਸ ਲਈ ਵੀ ਇਹ ਸਾਲ ਕਈ ਮਾਇਨਿਆਂ ਵਾਲਾ ਰਿਹਾ। ਗਾਂਧੀ ਪਰਿਵਾਰ ਦੀ ਮੌਜੂਦਾ ਪੀੜ੍ਹੀ ਦੀ ਇਕ ਹੋਰ ਨੇਤਾ ਪ੍ਰਿਅੰਕਾ ਗਾਂਧੀ ਦੀ ਰਾਜਨੀਤੀ 'ਚ ਐਂਟਰੀ ਹੋਈ। ਉੱਥੇ ਹੀ ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਅਸਤੀਫਾ ਦੇ ਦਿੱਤਾ। ਅਜਿਹੇ ਹੀ ਕੁਝ ਖਾਸ ਮੁੱਦੇ ਹਨ, ਜਿਨ੍ਹਾਂ ਦਾ ਸਿਆਸੀ ਮਹੱਤਵ ਹੈ। ਆਓ ਇਨ੍ਹਾਂ ਮੁੱਦਿਆਂ 'ਤੇ ਪਾਉਂਦੇ ਹਾਂ ਇਕ ਝਾਤ—

PunjabKesari

ਨਰਿੰਦਰ ਮੋਦੀ ਦੀ ਸੱਤਾ 'ਚ ਮੁੜ ਵਾਪਸੀ—
2019 ਚੋਣਾਵੀ ਸਾਲ ਰਿਹਾ। ਅਪ੍ਰੈਲ ਤੋਂ ਮਈ ਤਕ ਚਲੀਆਂ ਲੋਕ ਸਭਾ ਚੋਣਾਂ 'ਚ ਇਕ ਵਾਰ ਫਿਰ ਸਿਆਸੀ ਵਿਰੋਧੀਆਂ ਨੂੰ ਪਛਾੜਦੇ ਹੋਏ ਨਰਿੰਦਰ ਮੋਦੀ ਸਭ ਤੋਂ ਵੱਡੇ ਨੇਤਾ ਉਭਰੇ ਅਤੇ ਆਪਣੇ ਦਮ 'ਤੇ ਚੋਣਾਂ ਜਿੱਤੀਆਂ। 23 ਮਈ ਨੂੰ ਆਏ ਨਤੀਜਿਆਂ ਤੋਂ ਪਹਿਲਾਂ ਜਿੰਨੇ ਵੀ ਸਰਵੇ ਆਏ, ਉਸ ਵਿਚ ਭਾਜਪਾ ਬਹੁਮਤ ਤੋਂ ਦੂਰ ਸੀ ਪਰ ਜਦੋਂ ਅਸਲ ਨਤੀਜੇ ਆਏ ਤਾਂ ਹਰ ਕੋਈ ਹੈਰਾਨ ਹੋ ਗਿਆ। ਭਾਜਪਾ ਨੇ ਇਕੱਲੇ ਆਪਣੇ ਦਮ 'ਤੇ 300 ਦਾ ਅੰਕੜਾ ਪਾਰ ਕੀਤਾ। ਮੋਦੀ ਇਕ ਅਜਿਹੀ ਗੈਰ-ਕਾਂਗਰਸੀ ਸਰਕਾਰ ਦੇ ਪ੍ਰਧਾਨ ਮੰਤਰੀ ਬਣੇ ਜੋ ਲਗਾਤਾਰ ਦੋ ਵਾਰ ਬਹੁਮਤ ਨਾਲ ਸੱਤਾ 'ਚ ਆਈ।

ਜੰਮੂ-ਕਸ਼ਮੀਰ ਤੋਂ ਧਾਰਾ-370 ਦਾ ਖਾਤਮਾ—
ਦੇਸ਼ ਦੀ ਆਜ਼ਾਦੀ ਤੋਂ ਲੈ ਕੇ 2019 ਤਕ ਜੰਮੂ-ਕਸ਼ਮੀਰ ਦਾ ਮੁੱਦਾ ਦੇਸ਼ ਵਿਚ ਸਭ ਤੋਂ ਉੱਪਰ ਰਿਹਾ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਈ ਗਈ। ਨਰਿੰਦਰ ਮੋਦੀ 2.0 ਨੇ ਆਪਣੇ ਕਾਰਜਕਾਲ ਦੇ ਪਹਿਲੇ ਲੋਕ ਸਭਾ ਸੈਸ਼ਨ 'ਚ ਇਸ ਮੁੱਦੇ 'ਤੇ ਜਿੱਤ ਪ੍ਰਾਪਤ ਕਰ ਲਈ। ਗ੍ਰਹਿ ਮੰਤਰੀ ਅਮਿਤ ਸ਼ਾਹ 5 ਅਗਸਤ ਨੂੰ ਲੋਕ ਸਭਾ 'ਚ ਪ੍ਰਸਤਾਵ ਲੈ ਕੇ ਆਏ, ਜਿਸ 'ਚ ਜੰਮੂ-ਕਸ਼ਮੀਰ ਤੋਂ 370 ਦਾ ਹਟਣਾ, ਸੂਬਿਆਂ ਦੀ ਵੰਡ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਪ੍ਰਸਤਾਵ ਸ਼ਾਮਲ ਸੀ। ਅਮਰਨਾਥ ਯਾਤਰਾ ਰੋਕ ਦਿੱਤੀ ਗਈ, ਇੰਟਰਨੈੱਟ ਨੂੰ ਬੰਦ ਕਰ ਦਿੱਤਾ ਗਿਆ ਅਤੇ ਰਾਜ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ, ਜਿਸ ਕਾਰਨ ਘਾਟੀ ਦੀ ਸੁਰੱਖਿਆ 'ਚ ਵਾਧੇ ਕਾਰਨ ਸਿਆਸੀ ਹੱਲ-ਚੱਲ ਵਧ ਗਈ। ਮੋਦੀ ਸਰਕਾਰ ਨੇ ਦੋਹਾਂ ਸਦਨਾਂ 'ਚ ਬਿੱਲ ਨੂੰ ਆਸਾਨੀ ਨਾਲ ਪਾਸ ਕਰਵਾਇਆ। 31 ਅਕਤੂਬਰ 2019 ਨੂੰ ਜੰਮੂ-ਕਸ਼ਮੀਰ, ਲੱਦਾਖ ਵੱਖਰੇ-ਵੱਖਰੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਏ।

ਅਮੇਠੀ 'ਚ ਰਾਹੁਲ ਗਾਂਧੀ ਦੀ ਹਾਰ—
ਕਾਂਗਰਸ ਨੇ 2014 ਅਤੇ 2019 ਦੀਆਂ ਚੋਣਾਂ ਰਾਹੁਲ ਗਾਂਧੀ ਨੂੰ ਅੱਗੇ ਰੱਖ ਕੇ ਲੜੀਆਂ ਪਰ ਦੋਵੇਂ ਵਾਰ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਇਹ ਹਾਰ ਹੋਰ ਵੀ ਬੁਰੀ ਸੀ ਕਿਉਂਕਿ ਖੁਦ ਪ੍ਰਧਾਨ ਰਹਿੰਦੇ ਹੋਏ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰ ਗਏ। ਭਾਜਪਾ ਪਾਰਟੀ ਦੇ ਨੇਤਾ ਸਮਰਿਤੀ ਇਰਾਨੀ ਨੇ ਉਨ੍ਹਾਂ ਨੂੰ ਅਮੇਠੀ ਤੋਂ ਸਖਤ ਟੱਕਰ ਦਿੱਤੀ। ਹਾਲਾਂਕਿ ਇਸ ਵਾਰ ਰਾਹੁਲ ਨੇ ਸਿਰਫ ਅਮੇਠੀ ਨਹੀਂ ਸਗੋਂ ਕਿ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਲੜੀ ਸੀ। ਭਾਵੇਂ ਹੀ ਰਾਹੁਲ ਅਮੇਠੀ ਤੋਂ ਚੋਣ ਹਾਰ ਗਏ ਹੋਣ ਪਰ ਵਾਇਨਾਡ ਤੋਂ ਜਿੱਤ ਗਏ। ਅਮੇਠੀ ਲੋਕ ਸਭਾ ਸੀਟ ਨੂੰ ਗਾਂਧੀ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ।

ਪ੍ਰਿਅੰਕਾ ਦੀ ਸਿਆਸਤ 'ਚ ਐਂਟਰੀ—
ਚੋਣ ਨਤੀਜਿਆਂ ਦੇ ਲਿਹਾਜ ਨਾਲ ਭਾਵੇਂ ਹੀ 2019 ਕਾਂਗਰਸ ਲਈ ਚੰਗਾ ਨਾ ਰਿਹਾ ਹੋਵੇ ਪਰ ਪਾਰਟੀ ਦੇ ਹਿਸਾਬ ਨਾਲ ਇਤਿਹਾਸਕ ਹੀ ਰਿਹਾ। ਗਾਂਧੀ ਪਰਿਵਾਰ ਦੀ ਇਕ ਹੋਰ ਪੀੜ੍ਹੀ ਦੀ ਮੈਂਬਰ ਯਾਨੀ ਕਿ ਪ੍ਰਿਅੰਕਾ ਗਾਂਧੀ ਇਸ ਸਾਲ ਅਧਿਕਾਰਤ ਰੂਪ ਨਾਲ ਸਿਆਸਤ 'ਚ ਸ਼ਾਮਲ ਹੋ ਗਈ। ਪ੍ਰਿਅੰਕਾ ਗਾਂਧੀ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਦਿੱਤੀ ਗਈ, ਉਨ੍ਹਾਂ ਨੇ ਲਗਾਤਾਰ ਹਰ ਸੀਟ 'ਤੇ ਜਾ ਕੇ ਪ੍ਰਚਾਰ ਕੀਤਾ। ਹਾਲਾਂਕਿ ਕਾਂਗਰਸ ਨੂੰ ਉਮੀਦ ਮੁਤਾਬਕ ਨਤੀਜੇ ਨਹੀਂ ਮਿਲ ਸਕੇ। ਹੁਣ ਰਸਮੀ ਤੌਰ 'ਤੇ ਸਿਆਸਤ 'ਚ ਆ ਗਈ ਅਤੇ ਸੋਸ਼ਲ ਮੀਡੀਆ ਜ਼ਰੀਏ ਮੋਦੀ ਸਰਕਾਰ 'ਤੇ ਹਮਲਾਵਰ ਹਨ।

ਪ੍ਰਧਾਨ ਅਹੁਦੇ ਤੋਂ ਰਾਹੁਲ ਗਾਂਧੀ ਦਾ ਹਟਣਾ—
ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਸੀ ਪਰ ਪਾਰਟੀ 'ਚ ਇਸ ਨਾਲ ਹੜਕੰਪ ਮਚ ਗਿਆ। ਕਈ ਦਿਨਾਂ ਤਕ ਰਾਹੁਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਦੇਸ਼ ਭਰ 'ਚ ਪ੍ਰਦੇਸ਼ ਪੱਧਰ 'ਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਆਪਣੇ ਅਸਤੀਫੇ ਸੌਂਪੇ ਪਰ ਰਾਹੁਲ ਗਾਂਧੀ ਨਹੀਂ ਮੰਨੇ ਅਤੇ ਆਪਣੇ ਅਸਤੀਫੇ 'ਤੇ ਅੜੇ ਰਹੇ, ਜਿਸ ਤੋਂ ਬਾਅਦ ਕਾਂਗਰਸ ਕਾਰਜ ਕਮੇਟੀ ਨੇ ਉਸ ਸਥਿਤੀ ਨੂੰ ਸਵੀਕਾਰ ਵੀ ਕੀਤਾ। ਜਦੋਂ ਰਾਹੁਲ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਕਾਂਗਰਸ ਕੋਲ ਅਗਵਾਈ ਦਾ ਸੰਕਟ ਸੀ ਅਤੇ ਅਜਿਹੇ ਵਿਚ ਸੋਨੀਆ ਗਾਂਧੀ ਨੇ ਇਕ ਵਾਰ ਫਿਰ ਕਾਂਗਰਸ ਪ੍ਰਧਾਨ ਦੀ ਕਮਾਨ ਸੰਭਾਲੀ।

ਨਾਗਰਿਕਤਾ ਸੋਧ ਬਿੱਲ ਦਾ ਪਾਸ ਹੋਣਾ—
ਸਰਦ ਰੁੱਤ ਸੈਸ਼ਨ 'ਚ ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਬਿੱਲ ਨੂੰ ਪਾਸ ਕਰਵਾਇਆ। ਇਹ ਬਿੱਲ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਹਿੰਦੂ, ਜੈਨ, ਬੌਧ, ਸਿੱਖ, ਈਸਾਈ ਅਤੇ ਪਾਰਸੀ ਸ਼ਰਣਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਵਿਚ ਆਸਾਨੀ ਦਿੰਦਾ ਹੈ। ਵਿਰੋਧੀ ਧਿਰ ਨੇ ਇਸ ਬਿੱਲ ਨੂੰ ਸੰਵਿਧਾਨ ਅਤੇ ਘੱਟ ਗਿਣਤੀ ਵਿਰੋਧੀ ਦੱਸਿਆ ਪਰ ਸਰਕਾਰ ਨੇ ਇਸ ਬਿੱਲ ਨੂੰ ਆਸਾਨੀ ਨਾਲ ਦੋਹਾਂ ਸਦਨਾਂ 'ਚ ਪਾਸ ਕਰਵਾ ਲਿਆ।

ਮਹਾਰਾਸ਼ਟਰ ਦੀ ਨਵੀਂ ਸਿਆਸੀ ਤਸਵੀਰ—
ਸੱਤਾ ਵਿਚ ਰਹਿ ਕੇ ਭਾਜਪਾ ਪਾਰਟੀ ਨੂੰ ਕੋਸਣ ਵਾਲੀ ਉਸ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਇਸ ਵਾਰ ਮਹਾਰਾਸ਼ਟਰ 'ਚ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਭਾਜਪਾ ਅਤੇ ਸ਼ਿਵ ਸੈਨਾ ਦਾ 25 ਸਾਲ ਪੁਰਾਣਾ ਗਠਜੋੜ ਟੁੱਟ ਗਿਆ। ਦੋਹਾਂ ਪਾਰਟੀਆਂ ਨੇ ਵਿਧਾਨ ਸਭਾ ਚੋਣਾਂ ਇਕੱਠੀਆਂ ਲੜੀਆਂ ਪਰ ਚੋਣ ਨਤੀਜਿਆਂ ਤੋਂ ਬਾਅਦ ਸ਼ਿਵ ਸੈਨਾ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਅੜ ਗਈ ਅਤੇ ਉਸ ਨੇ ਭਾਜਪਾ ਨਾਲੋਂ ਗਠਜੋੜ ਤੋੜ ਦਿੱਤਾ। ਜਿਸ ਤੋਂ ਬਾਅਦ ਸ਼ਿਵ ਸੈਨਾ, ਕਾਂਗਰਸ ਅਤੇ ਐੱਨ. ਸੀ. ਪੀ. ਨਾਲ ਮਿਲ ਗਈ। ਇਕ ਲੰਬੇ ਸਮੇਂ ਤਕ ਚਲੇ ਸਿਆਸੀ ਡਰਾਮੇ ਤੋਂ ਬਾਅਦ ਤਿੰਨਾਂ ਨੇ ਸਾਂਝੀ ਸਰਕਾਰ ਬਣਾਈ। ਊਧਵ ਠਾਕਰੇ ਨੇ ਗਠਜੋੜ ਸਰਕਾਰ ਦੀ ਕਮਾਨ ਸੰਭਾਲੀ ਅਤੇ ਸੂਬੇ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।

ਅਮਿਤ ਸ਼ਾਹ ਦਾ ਚੋਣਾਂ ਲੜਨਾ—
ਲੋਕ ਸਭਾ ਚੋਣਾਂ 2019 'ਚ ਭਾਜਪਾ ਪਾਰਟੀ ਨੇ ਕਈ ਅਜਿਹੇ ਦਾਅ ਚਲੇ ਜੋ ਕਿ ਹੈਰਾਨ ਕਰਨ ਵਾਲੇ ਸਨ। ਇਨ੍ਹਾਂ 'ਚੋਂ ਸਭ ਤੋਂ ਵੱਡਾ ਦਾਅ ਪਾਰਟੀ ਪ੍ਰਧਾਨ ਮੰਨੇ ਜਾਣ ਵਾਲੇ ਅਮਿਤ ਸ਼ਾਹ 'ਤੇ ਲਾਇਆ ਗਿਆ, ਜਿਨ੍ਹਾਂ ਨੇ ਗਾਂਧੀਨਗਰ ਤੋਂ ਚੋਣਾਂ ਲੜੀਆਂ। ਇਹ ਸੀਟ ਅਜੇ ਤਕ ਭਾਜਪਾ ਦੇ ਲਾਲਕ੍ਰਿਸ਼ਨ ਅਡਵਾਨੀ ਦੀ ਸੀ ਪਰ ਇਸ ਵਾਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਉਸ ਦੀ ਥਾਂ ਅਮਿਤ ਸ਼ਾਹ ਨੂੰ ਖੜ੍ਹਾ ਕੀਤਾ। ਅਮਿਤ ਸ਼ਾਹ ਨੇ ਲੱਖਾਂ ਵੋਟਾਂ ਦੇ ਫਰਕ ਨਾਲ ਚੋਣਾਂ ਜਿੱਤ ਕੇ ਲੋਕ ਸਭਾ 'ਚ ਆਏ ਅਤੇ ਮੋਦੀ ਸਰਕਾਰ ਵਿਚ ਗ੍ਰਹਿ ਮੰਤਰੀ ਬਣੇ। ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਮਿਤ ਸ਼ਾਹ ਨੇ ਕਈ ਵੱਡੇ ਕੰਮ ਕੀਤੇ, ਜਿਸ ਵਿਚ ਧਾਰਾ-370 ਦਾ ਖਾਤਮਾ, ਨਾਗਰਿਕਤਾ ਸੋਧ ਬਿੱਲ ਲਾਗੂ ਕਰਨਾ ਸ਼ਾਮਲ ਹੈ।


Tanu

Content Editor

Related News