ਦਿੱਲੀ 'ਤੇ ਹੜ੍ਹ ਦਾ ਖਤਰਾ, ਕੇਜਰੀਵਾਲ ਨੇ ਹੇਠਲੇ ਇਲਾਕੇ ਖਾਲੀ ਕਰਨ ਦੇ ਦਿੱਤੇ ਨਿਰਦੇਸ਼

08/19/2019 4:07:26 PM

ਨਵੀਂ ਦਿੱਲੀ— ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ 40 ਸਾਲ ਬਾਅਦ ਯਮੁਨਾ ਨਦੀ ਵਿਚ ਸਭ ਤੋਂ ਵਧ ਪਾਣੀ ਛੱਡੇ ਜਾਣ ਤੋਂ ਬਾਅਦ ਦਿੱਲੀ 'ਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। ਪਾਣੀ ਦਾ ਪੱਧਰ 207 ਮੀਟਰ ਤਕ ਜਾਣ ਦਾ ਅਨੁਮਾਨ ਹੈ, ਜਿਸ ਕਾਰਨ ਹੇਠਲੇ ਇਲਾਕਿਆਂ ਵਿਚ ਸਥਿਤੀ ਭਿਆਨਕ ਹੋ ਸਕਦੀ ਹੈ। ਇਸ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਹੜ੍ਹ ਦੇ ਖਤਰੇ ਨੂੰ ਦੇਖਦਿਆਂ ਕੇਜਰੀਵਾਲ ਨੇ ਹੇਠਲੇ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਥਾਂ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਗਲੇ 2 ਦਿਨਾਂ ਤਕ ਖਤਰਾ ਵਧ ਸਕਦਾ ਹੈ। ਜਨਤਾ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਸਰਕਾਰ ਟੈਂਟਾਂ ਦੀ ਸਹੂਲਤ ਦੇਵੇਗੀ, ਲੋਕ ਇੱਥੇ ਆ ਕੇ ਰਹਿਣ। 

ਪਹਾੜੀ ਖੇਤਰਾਂ ਅਤੇ ਯਮੁਨਾ ਨਦੀ ਦੇ ਦਾਇਰੇ ਵਿਚ ਆਉਣ ਵਾਲੇ ਖੇਤਰਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਕਾਰਨ ਹਥਨੀਕੁੰਡ ਬੈਰਾਜ ਤੋਂ ਐਤਵਾਰ ਨੂੰ 8.72 ਕਿਊਸਿਕ ਪਾਣੀ ਛੱਡਿਆ ਗਿਆ। ਯਮੁਨਾ ਨਦੀ 'ਤੇ ਬਣੇ ਲੋਹੇ ਵਾਲੇ ਪੁਲ 'ਤੇ ਸੋਮਵਾਰ ਦੀ ਸਵੇਰ ਨੂੰ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨੇ ਨੂੰ ਪਾਰ ਕਰ ਗਿਆ। ਇਸ ਨੂੰ ਦੇਖਦੇ ਹੋਏ ਲੋਹੇ ਵਾਲੇ ਪੁੱਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਕੇਜਰੀਵਾਲ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੇ ਸਬੰਧਤ ਵਿਭਾਗਾਂ ਨੂੰ ਖਤਰੇ ਨਾਲ ਨਜਿੱਠਣ ਲਈ ਉੱਚਿਤ ਕਦਮ ਚੁੱਕਣ ਲਈ ਕਿਹਾ ਹੈ। ਇੱਥੇ ਦੱਸ ਦੇਈਏ ਕਿ ਲੋਹੇ ਵਾਲੇ ਪੁੱਲ 'ਤੇ ਚਿਤਾਵਨੀ ਦਾ ਨਿਸ਼ਾਨ 204.50 ਮੀਟਰ ਹੈ ਅਤੇ ਅੱਜ ਸਵੇਰੇ 10 ਵਜੇ ਤਕ ਪਾਣੀ ਦਾ ਪੱਧਰ 204.80 ਮੀਟਰ ਹੋ ਗਿਆ। ਇਸ ਕਾਰਨ ਯਮੁਨਾ ਤੱਟ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਜਾਣ ਨੂੰ ਕਿਹਾ ਗਿਆ ਹੈ। 12 ਵਜੇ ਪਾਣੀ ਦਾ ਪੱਧਰ 204.88 ਮੀਟਰ ਨੂੰ ਪਾਰ ਕਰ ਗਿਆ ਹੈ। ਓਧਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਬੁਲਾਰਾ ਨੇ ਟਵੀਟ ਕਰ ਕੇ ਕਿਹਾ ਕਿ ਯਮੁਨਾ ਦੇ ਦਾਇਰੇ ਵਿਚ ਆਉਣ ਵਾਲੇ ਖੇਤਰਾਂ 'ਚ ਭਾਰੀ ਮੀਂਹ ਕਾਰਨ ਯਮੁਨਾ ਨਦੀ ਵਿਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। ਬੁਲਾਰੇ ਮੁਤਾਬਕ ਅੱਜ ਸ਼ਾਮ 6 ਵਜੇ ਤਕ ਲੋਹੇ ਵਾਲੇ ਪੁਲ 'ਤੇ ਪਾਣੀ ਦਾ ਪੱਧਰ 205.33 ਮੀਟਰ ਤਕ ਪਹੁੰਚਣ ਦਾ ਖਦਸ਼ਾ ਹੈ। 

ਦੱਸਣਯੋਗ ਹੈ ਕਿ ਸਾਲ 1978 'ਚ ਹਥਨੀਕੁੰਡ ਬੈਰਾਜ ਤੋਂ 7 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ, ਜਿਸ ਕਾਰਨ ਦਿੱਲੀ ਵਿਚ ਭਿਆਨਕ ਹੜ੍ਹ ਆਇਆ ਸੀ। ਯਮੁਨਾ ਵਿਚ ਸੰਭਾਵਿਤ ਹੜ੍ਹ ਨੂੰ ਦੇਖਦਿਆਂ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਪ੍ਰਸ਼ਾਸਨ ਨੇ 44 ਕਿਸ਼ਤੀਆਂ ਨਾਲ 27 ਗੋਤਾਖੋਰਾਂ ਦੀਆਂ ਟੀਮਾਂ ਨੂੰ ਵੱਖ-ਵੱਖ ਤਾਇਨਾਤ ਕਰ ਦਿੱਤਾ ਹੈ। ਅਧਿਕਾਰੀ ਖੁਦ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ, ਜਿਸ ਨਾਲ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਟਾਲਿਆ ਜਾ ਸਕੇ।

Tanu

This news is Content Editor Tanu