WWE ਰੈਸਲਰ ਕਵਿਤਾ ਦਲਾਲ ਨੂੰ ਮਿਲੇਗਾ ''ਫਸਟ ਲੇਡੀਜ਼ ਅਵਾਰਡ"

01/08/2018 3:51:21 PM

ਚੰਡੀਗੜ੍ਹ — ਪਿਛਲੇ ਦਿਨੀਂ ਅਮਰੀਕਾ ਦੇ ਫਲੋਰਿਡਾ 'ਚ WWE ਪ੍ਰਤੀਯੋਗਿਤਾ 'ਚ ਹਿੱਸਾ ਲੈਣ ਵਾਲੀ ਮਾਲਵੀ ਦੀ ਰੈਸਲਰ ਕਵੀਤਾ ਦਲਾਲ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ 20 ਜਨਵਰੀ ਨੂੰ ਫਸਟ ਲੇਡੀਜ਼ ਦਾ ਅਵਾਰਡ ਦੇ ਕੇ ਸਨਮਾਨਿਤ ਕਰਨਗੇ। ਇਸ ਦੌਰਾਨ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ਵਿਚ ਮਹਿਲਾ ਅਤੇ ਵਿਕਾਸ ਮੰਤਰਾਲੇ ਵਲੋਂ ਇਕ ਪ੍ਰੋਗਰਾਮ ਅਯੋਜਿਤ ਕੀਤਾ ਜਾਵੇਗਾ। ਇਸ ਸਬੰਧ ਵਿਚ ਐਤਵਾਰ ਨੂੰ ਮਹਿਲਾ ਅਤੇ ਵਿਕਾਸ ਮੰਤਰਾਲੇ ਵਲੋਂ ਕਵਿਤਾ ਨੂੰ ਸੱਦਾ ਭੇਜਿਆ ਗਿਆ ਹੈ। ਕਵੀਤਾ ਦੇ ਭਰਾ ਸੰਜੇ ਦਲਾਲ ਨੇ ਦੱਸਿਆ ਕਿ ਇਸ ਸੰਦੇਸ਼ ਕਾਰਨ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ।


ਪੰਜ ਭੈਣ-ਭਰਾਵਾਂ 'ਚੋਂ ਸਭ ਤੋਂ ਛੋਟੀ ਹੈ ਕਵਿਤਾ
ਕਵੀਤਾ ਦਲਾਲ ਜੀਂਦ ਦੇ ਮਾਲਵੀ ਪਿੰਡ ਦੀ ਰਹਿਣ ਵਾਲੀ ਹੈ। ਕਿਸਾਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਕਵੀਤਾ ਪੰਜ ਭੈਣ-ਭਰਾਵਾਂ 'ਚੋਂ ਸਭ ਤੋਂ ਛੋਟੀ ਹੈ। ਕਵੀਤਾ ਸੀਨੀਅਰ ਸੈਕੰਡਰੀ ਸਕੂਲ 'ਚ 12ਵੀਂ ਜਮਾਤ ਤੱਕ ਪੜ੍ਹੀ ਹੈ। ਇਸ ਤੋਂ ਬਾਅਦ ਉਸਨੇ 2004 ਵਿਚ ਲਖਨਊ ਤੋਂ ਆਪਣੀ ਟ੍ਰੇਨਿੰਗ ਸ਼ੁਰੂ ਕੀਤੀ। ਟ੍ਰੇਨਿੰਗ ਦੌਰਾਨ ਉਸਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਸਾਲ 2005 ਤੱਕ ਆਪਣੀ ਬੀ.ਏ. ਦੀ ਪੜ੍ਹਾਈ ਵੀ ਪੂਰੀ ਕਰ ਲਈ। ਪੜ੍ਹਾਈ ਅਤੇ ਟ੍ਰੇਨਿੰਗ ਤੋਂ ਬਾਅਦ ਸਾਲ 2008 'ਚ ਕਵਿਤਾ ਨੇ ਬਤੌਰ ਕਾਂਨਸਟੇਬਲ ਐੱਸ.ਐੱਸ.ਬੀ. 'ਚ ਨੌਕਰੀ ਜਵਾਇਨ ਕਰ ਲਈ। ਨੌਕਰੀ ਲੱਗਣ ਤੋਂ ਬਾਅਦ ਸਾਲ 2009 'ਚ ਉਸਦਾ ਵਿਆਹ ਹੋ ਗਿਆ। ਕਵਿਤਾ ਦੇ ਪਤੀ ਗੌਰਵ ਵੀ ਐੱਸ.ਐੱਸ.ਬੀ. 'ਚ ਕਾਂਨਸਟੇਬਲ ਹਨ ਅਤੇ ਵਾਲੀਬਾਲ ਦੇ ਖਿਡਾਰੀ ਹਨ।


ਚਾਰ ਸਾਲ ਲਈ ਲੱਗਾ ਸੀ ਬੈਨ
ਪਟਿਆਲਾ ਸਪੋਰਟਸ ਸੈਂਟਰ 'ਚ ਤਿਆਰੀ ਦੌਰਾਨ ਉਹ ਜਪਾਨ ਇਕ ਪ੍ਰਤੀਯੋਗਿਤਾ 'ਚ ਸ਼ਾਮਲ ਹੋਣ ਜਾ ਰਹੀ ਸੀ। ਉਸ ਦੌਰਾਨ ਉਸਨੂੰ ਇਕ ਦਵਾਈ ਖਵਾ ਦਿੱਤੀ ਗਈ ਅਤੇ ਬਾਅਦ 'ਚ ਡੋਪ ਟੈਸਟ 'ਚ ਫਸ ਕੇ ਚਾਰ ਸਾਲ ਦਾ ਬੈਨ ਲੱਗ ਗਿਆ ਸੀ। ਬੈਨ ਤੋਂ ਬਾਅਦ ਹੁਣ ਦੋਗੁਣੀ ਤਾਕਤ ਨਾਲ ਵਾਪਸ ਆਈ। ਸਖਤ ਮਿਹਨਤ ਅਤੇ ਕਈ ਪ੍ਰਤੀਯੋਗਿਤਾਵਾਂ 'ਚ ਮੈਡਲ ਜਿੱਤੇ ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਨੂੰ ਨੌਕਰੀ ਲਈ ਦਰ-ਦਰ 'ਤੇ ਭਟਕਣਾ ਪਿਆ। ਇਕ ਵਾਰ ਮੁੱਖ ਮੰਤਰੀ ਨੂੰ ਮਿਲਣ ਲਈ ਪੁੱਜੀ। ਉਸ ਦੀ ਗੱਲ ਸੁਣੀ ਗਈ ਪਰ ਨੌਕਰੀ 'ਚ ਉਮਰ ਰਸਤੇ 'ਚ ਆ ਗਈ। ਉਸ ਦੇ ਮੈਡਲ ਦੇਖ ਕੇ ਵੀ ਉਮਰ ਨੂੰ ਨਜ਼ਰਅੰਦਾਜ ਨਹੀਂ ਕੀਤਾ ਗਿਆ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੋ ਗਈ।


ਸਲਵਾਰ ਸੂਟ 'ਚ ਰੈਸਲਰ ਨੂੰ ਚਿੱਤ ਕਰਕੇ ਪ੍ਰਸਿੱਧ ਹੋਈ ਕਵਿਤਾ
ਇਸ ਤੋਂ ਬਾਅਦ ਗ੍ਰੇਟ ਖਲੀ ਨੇ ਉਨ੍ਹਾਂ ਨੂੰ ਰੈਸਲਿੰਗ ਲਈ ਸੱਦਾ ਦਿੱਤਾ। ਕਵਿਤਾ ਨੇ ਇਕ ਸਾਲ ਤੱਕ ਜਲੰਧਰ ਰਹਿ ਕੇ ਟ੍ਰੇਨਿੰਗ ਲਈ। ਜਲੰਧਰ ਸਥਿਤ ਖਲੀ ਦੀ ਅਕੈਡਮੀ 'ਚ ਨੈਸ਼ਨਲ ਰੈਸਲਰ ਬੁਲਬੁਲ ਨੂੰ ਸੂਟ ਪਾ ਕੇ ਚਿੱਤ ਕਰ ਦਿੱਤਾ ਅਤੇ ਰਾਤੋ-ਰਾਤ ਮਸ਼ਹੂਰ ਹੋ ਗਈ। ਇਸ ਤੋਂ ਬਾਅਦ ਉਸਨੇ WWE ਟ੍ਰਾਇਲ ਦਿੱਤਾ। ਟ੍ਰਾਇਲ 'ਚ ਸਿਲੈਕਟ ਹੋਣ ਤੋਂ ਬਾਅਦ ਉਸਦਾ ਕੰਨਟ੍ਰੈਕਟ ਹੋਇਆ। ਕਵਿਤਾ ਨੇ ਕਿਹਾ ਕਿ ਵੇਟ ਲਿਫਟਿੰਗ 'ਚ ਪੈਸਾ ਨਾ ਮਿਲਣ ਅਤੇ ਸਰਕਾਰ ਵਲੋਂ ਸਹਾਇਤਾ ਨਾ ਮਿਲਣ 'ਤੇ ਹੀ ਉਸਨੇ WWE 'ਚ ਜਾਣ ਦਾ ਫੈਸਲਾ ਲਿਆ।


ਸੂਟ ਪਾ ਕੇ ਕਰਦੀ ਹੈ ਫਾਈਟ
ਸੂਟ ਪਾ ਕੇ ਫਾਈਟ ਕਰਨ ਦੇ ਪਿੱਛੇ ਕਵਿਤਾ ਆਪਣਾ ਮਕਸਦ ਦੱਸਦੀ ਹੈ ਕਿ ਸਮਾਜ 'ਚ ਲੜਕੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਜ਼ਰੂਰੀ ਨਹੀਂ ਕਿ ਲੜਕੀਆਂ ਰੈਸਲਿੰਗ ਕਾਸਟਿਊਮ ਪਾ ਕੇ ਹੀ ਫਾਈਟ ਕਰ ਸਕਦੀਆਂ ਹਨ। ਪਿੰਡ ਦੇਹਾਤ ਦੀਆਂ ਕੁੜੀਆਂ ਵੀ ਸੂਟ ਪਾ ਕੇ ਫਾਈਟ ਕਰਦੀਆਂ ਹਨ।