ਭਾਰਤ ਨਹੀਂ ਇਸ ਦੇਸ਼ ’ਚ ਬਣੀ ਭਗਵਾਨ ਵਿਸ਼ਨੂੰ ਦੀ ਸਭ ਤੋਂ ਵੱਡੀ ਮੂਰਤੀ, ਵੇਖਣ ਵਾਲਾ ਵੇਖਦਾ ਰਹਿ ਜਾਵੇ

06/15/2021 4:39:01 PM

ਨੈਸ਼ਨਲ ਡੈਸਕ— ਹਿੰਦੂ ਧਰਮ ਵਿਚ ਭਗਵਾਨ ਵਿਸ਼ਨੂੰ ਨੂੰ ਧਰਤੀ ਦਾ ਪਾਲਣਹਾਰ ਮੰਨਿਆ ਜਾਂਦਾ ਹੈ। ਭਗਵਾਨ ਵਿਸ਼ਨੂੰ ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਭਾਰਤ ਦੇ ਹਰ ਕੋਨੇ ਵਿਚ ਉਨ੍ਹਾਂ ਦੇ ਮੰਦਰ ਅਤੇ ਮੂਰਤੀਆਂ ਹਨ, ਜਿੱਥੇ ਭਗਵਾਨ ਵਿਸ਼ਨੂੰ ਦੀ ਵੱਖ-ਵੱਖ ਨਾਵਾਂ ਤੋਂ ਪੂਜਾ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਭਗਵਾਨ ਵਿਸ਼ਨੂੰ ਦੀ ਸਭ ਤੋਂ ਉੱਚੀ ਮੂਰਤੀ ਕਿੱਥੇ ਹੈ? ਹੁਣ ਤੁਹਾਡੇ ਦਿਮਾਗ ਵਿਚ ਭਾਰਤ ਦੇ ਸਾਰੇ ਮੰਦਰ ਘੁੰਮ ਰਹੇ ਹੋਣਗੇ ਕਿ ਦੇਸ਼ ਦੇ ਕਿਸ ਹਿੱਸੇ ’ਚ ਵਿਸ਼ਨੂੰ ਜੀ ਦੀ ਮੂਰਤੀ ਹੈ ਤਾਂ ਤੁਸੀਂ ਆਪਣੇ ਦਿਮਾਗ ’ਤੇ ਜ਼ਿਆਦਾ ਜ਼ੋਰ ਨਾ ਪਾਓ ਕਿਉਂਕਿ ਭਗਵਾਨ ਵਿਸ਼ਨੂੰ ਦੀ ਸਭ ਤੋਂ ਉੱਚੀ ਮੂਰਤੀ ਭਾਰਤ ਵਿਚ ਨਹੀਂ ਸਗੋਂ ਮੁਸਲਿਮ ਬਹੁਲ ਦੇਸ਼ ਇੰਡੋਨੇਸ਼ੀਆ ’ਚ ਹੈ। 

ਇਹ ਮੂਰਤੀ ਇੰਨੀ ਉੱਚੀ ਹੈ ਕਿ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ। ਇਸ ਤੋਂ ਇਲਾਵਾ ਇਕ ਹੋਰ ਖ਼ਾਸ ਗੱਲ ਹੈ ਕਿ ਇਸ ਮੂਰਤੀ ਨੂੰ ਬਣਾਉਣ ’ਚ ਅਰਬਾਂ ਰੁਪਏ ਖਰਚ ਹੋਏ ਸਨ। ਭਗਵਾਨ ਵਿਸ਼ਨੂੰ ਦੀ ਇਸ ਮੂਰਤੀ ਦੇ ਨਿਰਮਾਣ ਲਈ ਤਾਂਬੇ ਅਤੇ ਪਿੱਤਲ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਮੂਰਤੀ ਕਰੀਬ 122 ਫੁੱਟ ਉੱਚੀ ਅਤੇ 64 ਫੁੱਟ ਚੌੜੀ ਹੈ। ਇਸ ਮੂਰਤੀ ਨੂੰ ਬਣਾਉਣ ਵਿਚ 2-3 ਸਾਲ ਨਹੀਂ ਸਗੋਂ ਕਰੀਬ 24 ਸਾਲ ਦਾ ਸਮਾਂ ਲੱਗਾ। ਸਾਲ 2018 ਵਿਚ ਇਹ ਮੂਰਤੀ ਬਣ ਕੇ ਤਿਆਰ ਹੋਈ ਸੀ। ਹੁਣ ਇਸ ਨੂੰ ਵੇਖਣ ਅਤੇ ਭਗਵਾਨ ਦੇ ਦਰਸ਼ਨਾਂ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ।

ਇਸ ਮੂਰਤੀ ਨੂੰ ਬਣਾਉਣ ਦੀ ਸ਼ੁਰੂਆਤ ਸਾਲ 1994 ਵਿਚ ਹੋਈ ਸੀ ਪਰ ਬਜਟ ਦੀ ਘਾਟ ਕਾਰਨ ਸਾਲ 2007 ਤੋਂ 2013 ਤੱਕ ਇਸ ਨੂੰ ਬਣਾਉਣ ਦਾ ਕੰਮ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਫਿਰ ਇਸ ਮੂਰਤੀ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਇਆ ਅਤੇ ਇਹ ਸਾਲ 2018 ਵਿਚ ਜਾ ਕੇ ਤਿਆਰ ਹੋ ਗਈ। ਇਹ ਮੂਰਤੀ ਸਟੈਚੂ ਆਫ਼ ਗਰੂਣਾ ਦੇ ਨਾਂ ਤੋਂ ਪ੍ਰਸਿੱਧ ਹੈ।

ਖ਼ਾਸ ਗੱਲ ਇਹ ਹੈ ਕਿ ਇਸ ਮੂਰਤੀ ਨੂੰ ਬਣਾਉਣ ਵਾਲੇ ਮੂਰਤੀਕਾਰ ਬੱਪਾ ਨਿਊਮਨ ਨੁਆਰਤਾ ਨੂੰ ਭਾਰਤ ਵਿਚ ਸਨਮਾਨਤ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ।

ਦੁਨੀਆ ਭਰ ਵਿਚ ਇਸ ਮੂਰਤੀ ਦੀ ਕਾਫੀ ਚਰਚਾ ਹੈ। ਮੂਰਤੀ ਨੂੰ ਬਹੁਤ ਹੀ ਖੂਬਸੂਰਤੀ ਨਾਲ ਬਣਾਇਆ ਗਿਆ ਹੈ। ਇੰਡੋਨੇਸ਼ੀਆ ਵਿਚ ਰਹਿਣ ਵਾਲੇ ਮੂਰਤੀਕਾਰ ਬੱਪਾ ਨੇ ਇਕ ਵਿਸ਼ਾਲ ਮੂਰਤੀ ਬਣਾਉਣ ਦਾ ਸੁਫ਼ਨਾ ਵੇਖਿਆ ਸੀ। ਇਕ ਅਜਿਹੀ ਮੂਰਤੀ, ਜਿਸ ਨੂੰ ਵੇਖਣ ਵਾਲਾ ਬਸ ਉਸ ਨੂੰ ਵੇਖਦਾ ਹੀ ਰਹਿ ਜਾਵੇ।

Tanu

This news is Content Editor Tanu