ਵਿਸ਼ਵ ਸਿਹਤ ਦਿਵਸ ''ਤੇ ਮੋਦੀ ਦਾ ਟਵੀਟ- ''ਕਰਮਵੀਰਾਂ'' ਦਾ ਕਰੋ ਧੰਨਵਾਦ, ਸੋਸ਼ਲ ਡਿਸਟੈਂਸਿੰਗ ਦਾ ਰੱਖੋ ਧਿਆਨ

04/07/2020 2:03:38 PM

ਨਵੀਂ ਦਿੱਲੀ— ਵਿਸ਼ਵ ਸਿਹਤ ਦਿਵਸ (World Health Day) 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਇਕ ਵਾਰ ਫਿਰ ਤੋਂ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਅੱਜ ਵਿਸ਼ਵ ਸਿਹਤ ਦਿਵਸ 'ਤੇ ਅਸੀਂ ਨਾ ਸਿਰਫ ਇਕ-ਦੂਜੇ ਦੀ ਭਲਾਈ, ਸਿਹਤ ਅਤੇ ਕਲਿਆਣ ਲਈ ਪ੍ਰਾਰਥਨਾ ਕਰਾਂਗੇ, ਸਗੋਂ ਕਿ ਉਨ੍ਹਾਂ ਸਾਰਿਆਂ ਪ੍ਰਤੀ ਧੰਨਵਾਦ ਵੀ ਜ਼ਾਹਰ ਕਰਾਂਗੇ, ਜਿਸ 'ਚ ਡਾਕਟਰ, ਨਰਸ, ਮੈਡੀਕਲ ਸਟਾਫ ਅਤੇ ਸਿਹਤ ਕਰਮਚਾਰੀ ਜੋ ਬਹਾਦਰੀ ਨਾਲ ਕੰਮ ਕਰ ਰਹੇ ਹਨ। ਇਹ ਸਾਰੇ ਕੋਰੋਨਾਵਾਇਰਸ (ਕੋਵਿਡ-19) ਦੇ ਖਤਰੇ ਵਿਰੁੱਧ ਮਜ਼ਬੂਤ ਥੰਮ੍ਹ ਵਾਂਗ ਡਟੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੇ ਨਾਲ ਹੀ ਕਿਹਾ ਕਿ ਸਾਨੂੰ ਅੱਜ ਸਿਹਤ ਕਰਮਚਾਰੀਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ। 

ਇਕ ਹੋਰ ਟਵੀਟ 'ਚ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਲੋਕ ਆਪਣੀ ਸਿਹਤ ਦਾ ਵੀ ਧਿਆਨ ਰੱਖਣ। ਇਸ ਵਿਸ਼ਵ ਸਿਹਤ ਦਿਵਸ 'ਤੇ ਸਾਰਿਆਂ ਨੂੰ ਇਹ ਯਕੀਨੀ ਕਰਨਾ ਹੈ ਕਿ ਸਾਨੂੰ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਨੂੰ ਬਣਾ ਕੇ ਰੱਖਣਾ ਹੈ, ਤਾਂ ਕਿ ਖੁਦ ਦੀ ਅਤੇ ਹੋਰਨਾਂ ਲੋਕਾਂ ਦੀ ਜਾਨ ਨੂੰ ਖਤਰਾ ਨਾ ਹੋਵੇ। ਪ੍ਰਧਾਨ ਮੰਤਰੀ ਨੇ ਲਿਖਿਆ ਕਿ ਆਸ ਕਰਦਾ ਹਾਂ ਕਿ ਇਹ ਦਿਨ ਤੁਸੀਂ ਆਪਣੀ ਫਿਟਨੈੱਸ ਨੂੰ ਸਮਰਪਿਤ ਕਰੋਗੇ, ਤਾਂ ਕਿ ਪੂਰੇ ਸਾਲ ਸਿਹਤਮੰਦ ਰਹੋ। ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਭਾਰਤ 'ਚ  ਹੁਣ ਤਕ ਕੋਰੋਨਾ ਮਰੀਜ਼ਾਂ ਦੀ ਗਿਣਤੀ 4421 'ਤੇ ਪਹੁੰਚ ਗਈ ਹੈ, ਜਦਕਿ 114 ਲੋਕਾਂ ਦੀ ਮੌਤ ਹੋ ਚੁੱਕੀ ਹੈ।

Tanu

This news is Content Editor Tanu