ਵਿਸ਼ਵ ਕੱਪ 2019 : ਪਾਕਿ ਚੈਨਲ ਨੇ ਵਿੰਗ ਕਮਾਂਡਰ ਅਭਿਨੰਦਨ ਦਾ ਉਡਾਇਆ ਮਜ਼ਾਕ

06/11/2019 9:00:50 PM

ਨਵੀਂ ਦਿੱਲੀ (ਏਜੰਸੀ)- ਪਾਕਿ ਟੀਵੀ ਚੈਨਲ ਨੇ ਕ੍ਰਿਕਟ ਵਿਸ਼ਵ ਕੱਪ 2019 ਨੂੰ ਲੈ ਕੇ ਇਕ ਇਸ਼ਤਿਹਾਰ ਬਣਾਇਆ ਹੈ। ਇਸ ਵਿਚ ਉਨ੍ਹਾਂ ਨੇ ਭਾਰਤੀ ਏਅਰ ਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦਾ ਮਜ਼ਾਕ ਉਡਾਇਆ ਹੈ। ਮੰਗਲਵਾਰ ਨੂੰ ਇਸ ਇਸ਼ਤਿਹਾਰ ਦੀ ਕਲਿਪ ਦੇ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਟਵਿੱਟਰ ਯੂਜ਼ਰਸ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ।

16 ਜੂਨ ਨੂੰ ਓਲਡ ਟ੍ਰੈਫਰਡ ਵਿਚ ਕ੍ਰਿਕਟ ਵਿਸ਼ਵਕੱਪ ਮੁਕਾਬਲੇ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਆਰ.ਪੀ.ਜੀ. ਐਂਟਰਪ੍ਰਾਈਜ਼ਿਸ ਦੇ ਚੇਅਰਮੈਨ ਹਰਸ਼ ਗੋਇਨਕਾ ਨੇ ਟਵਿੱਟਰ 'ਤੇ ਲਿਖਿਆ ਕਿ ਪਾਕਿਸਤਾਨ ਨੂੰ ਵਿਸ਼ਵਕੱਪ ਵਿਚ ਹੋਣ ਵਾਲੇ ਭਾਰਤ-ਪਾਕਿ ਮੈਚ ਤੋਂ ਪਹਿਲਾਂ ਸਾਡੇ ਹੀਰੋ ਅਭਿਨੰਦਨ ਦਾ ਮਜ਼ਾਕ ਉਡਾਣ 'ਤੇ ਸ਼ਰਮ ਆਉਣੀ ਚਾਹੀਦੀ ਹੈ। ਸਾਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।

ਦਰਅਸਲ ਇਹ ਵਿਗਿਆਪਨ ਉਸ ਵੀਡੀਓ ਦੀ ਨਕਲ ਹੈ ਜਿਸ ਵਿਚ ਪਾਕਿਸਤਾਨੀ ਫੌਜ ਦੇ ਅਧਿਕਾਰੀ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਤੋਂ ਪੁੱਛਗਿਛ ਕਰਦੇ ਨਜ਼ਰ ਆਏ ਸਨ। ਉਸੇ ਤਰਜ 'ਤੇ ਇਸ ਵੀਡੀਓ ਵਿਚ ਇਕ ਵਿਅਕਤੀ ਨੇ ਅਭਿਨੰਦਨ ਵਰਗੀ ਮੂਛ ਰੱਖੀ ਹੈ। ਟੀਮ ਇੰਡੀਆ ਦੇ ਰੰਗ ਵਾਲੀ ਜਰਸੀ ਪਹਿਨੀ ਹੈ। ਇਸ ਸ਼ਾਰਟ ਕਲਿੱਪ ਨੂੰ ਪਾਕਿਸਤਾਨੀ ਚੈਨਲ ਜੈਜ਼ ਟੀ.ਵੀ. ਨੇ ਜਾਰੀ ਕੀਤਾ ਹੈ।

ਜਾਰੀ ਕੀਤੀ ਗਈ ਕਲਿੱਪ ਵਿਚ ਵਿਅਕਤੀ ਤੋਂ ਸਵਾਲ ਪੁੱਛੇ ਜਾ ਰਹੇ ਹਨ ਕਿ ਪਲੇਇੰਗ ਇਲੈਵਨ ਕੀ ਹੋਵੇਗੀ? ਜੇਕਰ ਉਹ ਟਾਸ ਜਿੱਤ ਗਏ ਤਾਂ ਕੀ ਕਰੋਗੇ? ਇਸ 'ਤੇ ਭਾਰਤੀ ਟੀਮ ਦੀ ਜਰਸੀ ਪਹਿਨੇ ਵਿਅਕਤੀ ਕਹਿੰਦਾ ਹੈ ਮੈਨੂੰ ਮੁਆਫ ਕਰੋ। ਮੈਂ ਤੁਹਾਨੂੰ ਇਹ ਗੱਲ ਨਹੀਂ ਦੱਸ ਸਕਦਾ। ਹੋਰ ਟਵਿੱਟਰ ਯੂਜ਼ਰ ਨੇ ਲਿਖਿਆ ਇਹ ਸ਼ਰਮਨਾਕ ਹੈ। ਪਾਇਲਟ ਅਭਿਨੰਦਨ ਸਰ ਸਾਡੇ ਹੀਰੋ ਹਨ। ਭਾਰਤ ਵਿਸ਼ਵਕੱਪ ਮੁਕਾਬਲੇ ਵਿਚ ਪਾਕਿਸਤਾਨ ਨੂੰ ਜ਼ਰੂਰ ਸਬਕ ਸਿਖਾਉਣਗੇ।

ਦੱਸਣਯੋਗ ਹੈ ਕਿ 27 ਫਰਵਰੀ ਨੂੰ ਭਾਰਤੀ ਏਅਰ ਫੋਰਸ ਨੇ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ 'ਤੇ ਏਅਰਸਟ੍ਰਾਈਕ ਕੀਤੀ ਸੀ। ਇਸ ਤੋਂ ਬਾਅਦ ਪਾਕਿਸਤਾਨੀ ਏਅਰ ਫੋਰਸ ਦੇ ਜਹਾਜ਼ਾਂ ਨੇ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਏਅਰ ਫੋਰਸ ਨੇ ਨਾਕਾਮ ਕਰ ਦਿੱਤਾ। ਪਾਇਲਟ ਅਭਿਨੰਦਨ ਵਰਤਮਾਨ ਨੇ ਮਿਗ-21 ਜਹਾਜ਼ ਤੋਂ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਖਦੇੜਿਆ ਸੀ। ਹਾਲਾਂਕਿ ਅਭਿਨੰਦਨ ਦਾ ਜਹਾਜ਼ ਪਾਕਿ ਸਰਹੱਦ ਵਿਚ ਕ੍ਰੈਸ਼ ਹੋ ਗਿਆ ਸੀ। ਅਭਿਨੰਦਨ ਪਾਕਿਸਤਾਨੀ ਫੌਜ ਦੇ ਕਬਜ਼ੇ ਵਿਚ ਸੀ। ਬਾਅਦ ਵਿਚ ਭਾਰਤ ਸਰਕਾਰ ਦੇ ਚਲਦੇ ਪਾਕਿਸਤਾਨ ਨੇ ਅਭਿਨੰਦਨ ਨੂੰ ਰਿਹਾਅ ਕਰ ਦਿੱਤਾ ਸੀ।

Sunny Mehra

This news is Content Editor Sunny Mehra