ਲਾਕਡਾਊਨ : 30 ਕਿਲੋਮੀਟਰ ਦਾ ਪੈਦਲ ਸਫਰ, ਫਿਰ ਵੀ ਨਾ ਆਏ ਜਨ-ਧਨ ਖਾਤੇ 'ਚ 500 ਰੁਪਏ

05/04/2020 3:20:01 PM

ਆਗਰਾ— ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਗੂ ਲਾਕਡਾਊਨ ਕਾਰਨ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਹਨਾਂ ਦੀ ਆਵਾਜਾਈ ਬੰਦ ਹੈ ਅਤੇ ਇਸ ਦਾ ਅਸਰ ਆਮ ਜਨਤਾ 'ਤੇ ਵਧੇਰੇ ਪਿਆ। ਲੋਕ ਪੈਦਲ ਹੀ ਕਈ ਮੀਲ ਦੂਰੀ ਦਾ ਸਫਰ ਤੈਅ ਕਰ ਰਹੇ ਹਨ। ਲੰਬਾ ਪੈਂਡਾ ਤੈਅ ਕਰਨ ਵਾਲੇ ਗਰੀਬ ਲੋਕਾਂ ਦੇ ਹੱਥ ਫਿਰ ਵੀ ਖਾਲੀ ਹਨ। ਫਿਰੋਜ਼ਾਬਾਦ ਤੋਂ ਪੈਦਲ ਆਗਰਾ ਆਈ ਰਾਧਾ ਦੇਵੀ ਨਾਂ ਦੀ ਔਰਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਸ ਹੋ ਰਿਹਾ ਹੈ। ਫਿਰੋਜ਼ਾਬਾਦ ਦੇ ਹਿੰਮਤਪੁਰ ਪਿੰਡ ਦੀ ਵਾਸੀ ਰਾਧਾ ਦੇਵੀ ਦਿਹਾੜੀ-ਮਜ਼ਦੂਰੀ ਲਈ ਆਗਰਾ ਦੇ ਸ਼ੰਭੂ ਨਗਰ ਇਲਾਕੇ ਵਿਚ ਰਹਿੰਦੀ ਹੈ। ਰਾਧਾ ਮੁਤਾਬਕ ਸਾਡੀ ਬਸਤੀ 'ਚ ਘੋਸ਼ਣਾ ਹੋਈ ਸੀ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਬੈਂਕ ਖਾਤੇ ਵਿਚ 500 ਰੁਪਏ ਪਾ ਜਾ ਰਹੇ ਹਨ। ਲਾਕਡਾਊਨ ਕਾਰਨ ਮੈਂ 15 ਸਾਲ ਦੇ ਬੇਟੇ ਨਾਲ 30 ਕਿਲੋਮੀਟਰ ਪੈਦਲ ਹੀ ਗਈ। ਉੱਥੇ ਸਟੇਟ ਬੈਂਕ ਵਿਚ ਜ਼ੀਰੋ ਬੈਲੇਂਸ ਖਾਤਾ ਖੁੱਲ੍ਹਿਆ ਸੀ। ਉੱਥੇ ਪਹੁੰਚ ਕੇ ਜਦੋਂ ਰਾਧਾ ਨੂੰ ਪਤਾ ਲੱਗਾ ਕਿ ਉਸ ਦਾ ਖਾਤਾ ਜਨ-ਧਨ ਖਾਤਾ ਨਹੀਂ ਹੈ ਅਤੇ ਉਨ੍ਹਾਂ ਦੇ ਪੈਸੇ ਨਹੀਂ ਆਏ ਤਾਂ ਉਹ ਮਾਯੂਸ ਹੋ ਗਈ।

ਰਾਧਾ ਨੇ ਦੱਸਿਆ ਕਿ ਮੈਨੂੰ ਕਿਹਾ ਗਿਆ ਕਿ ਪੈਸਾ ਉਨ੍ਹਾਂ ਖਾਤਿਆਂ ਵਿਚ ਜਾ ਰਿਹਾ ਹੈ, ਜੋ ਜਨ-ਧਨ ਯੋਜਨਾ ਤਹਿਤ ਖੁੱਲ੍ਹੇ ਹਨ। ਮੇਰਾ ਜਨ-ਧਨ ਖਾਤਾ ਨਹੀਂ ਹੈ। ਆਖਰਕਾਰ ਨਿਰਾਸ਼ ਹੋ ਕੇ ਰਾਧਾ ਦੇਵੀ ਪੈਦਲ ਹੀ ਆਪਣੇ ਪਿੰਡ ਪਰਤ ਆਈ। ਇਸ ਤਰ੍ਹਾਂ ਉਨ੍ਹਾਂ ਨੇ ਇਕ ਹੀ ਦਿਨ ਵਿਚ 60 ਕਿਲੋਮੀਟਰ ਦਾ ਪੈਦਲ ਸਫਰ ਤੱਕ ਕੀਤਾ। ਇਹ ਪੂਰਾ ਰਸਤਾ ਤੈਅ ਕਰਨ 'ਚ ਉਸ ਨੂੰ 15 ਘੰਟੇ ਲੱਗ ਗਏ ਪਰ 500 ਰੁਪਏ ਫਿਰ ਵੀ ਨਾ ਮਿਲੇ। ਰਾਧਾ ਨੇ ਕਿਹਾ ਕਿ ਜੇਕਰ ਮੈਨੂੰ ਜਨ-ਧਨ ਖਾਤੇ ਬਾਰੇ ਪਤਾ ਹੁੰਦਾ ਤਾਂ ਮੈਂ ਇੰਨੀ ਤਕਲੀਫ ਨਾ ਝੱਲਦੀ। ਮੈਂ ਪਿਛਲੇ ਦੋ ਮਹੀਨੇ ਤੋਂ ਬੀਮਾਰ ਹਾਂ ਅਤੇ ਦਿਹਾੜੀ ਵੀ ਨਹੀਂ ਕਰ ਪਾ ਰਹੀ ਹਾਂ।

ਓਧਰ ਇਸ ਘਟਨਾ ਬਾਰੇ ਸਟੇਟ ਬੈਂਕ ਦੇ ਮੈਨੇਜਰ ਲਕਸ਼ਮਣ ਸਿੰਘ ਨੇ ਕਿਹਾ ਕਿ ਮੈਂ ਵਾਇਰਲ ਵੀਡੀਓ ਦੇਖਿਆ ਹੈ ਪਰ ਰਾਧਾ ਮੈਨੂੰ ਨਹੀਂ ਮਿਲੀ। ਉਹ ਸਾਡੀ ਬਰਾਂਚ ਦੇ ਗਾਹਕ ਸੇਵਾ ਕੇਂਦਰ 'ਤੇ ਗਈ ਸੀ ਅਤੇ ਉੱਥੇ ਉਸ ਦੀ ਮੁਲਾਕਾਤ ਬੈਂਕ ਦੇ ਸ਼ਿਆਮ ਪਾਠਕ ਨਾਲ ਹੋਈ ਸੀ। ਸ਼ਿਆਮ ਨੇ ਦੱਸਿਆ ਕਿ ਜਦੋਂ ਰਾਧਾ ਨੂੰ ਪਤਾ ਲੱਗਾ ਕਿ ਉਸ ਦੇ ਖਾਤੇ 'ਚ 500 ਰੁਪਏ ਨਹੀਂ ਆਉਣਗੇ ਤਾਂ ਉਹ ਰੋ ਪਈ। ਇਨਸਾਨੀਅਤ ਦੇ ਨਾਤੇ ਮੈਂ ਉਨ੍ਹਾਂ ਨੂੰ ਕੁਝ ਪੈਸੇ ਦਿੱਤੇ, ਜਿਸ ਤੋਂ ਬਾਅਦ ਉਹ ਪੈਦਲ ਹੀ ਆਪਣੇ ਘਰ ਚਲੀ ਗਈ।

Tanu

This news is Content Editor Tanu