ਔਰਤਾਂ ਵਿਰੁੱਧ ਅਪਰਾਧਾਂ ''ਤੇ ਰਾਸ਼ਟਰਪਤੀ ਵੀ ਚਿੰਤਤ, ਦਿੱਤਾ ਵੱਡਾ ਬਿਆਨ

12/06/2019 3:57:32 PM

ਮਾਊਂਟ ਆਬੂ— ਦੇਸ਼ ਭਰ 'ਚ ਔਰਤਾਂ ਵਿਰੁੱਧ ਵਧਦੇ ਅਪਰਾਧਾਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਪਾਕਸੋ ਐਕਟ ਦੇ ਅਧੀਨ ਅਜਿਹੇ ਅਪਰਾਧੀਆਂ ਲਈ ਦਯਾ ਪਟੀਸ਼ਨ ਦਾ ਬਦਲ ਖਤਮ ਹੋਣਾ ਚਾਹੀਦਾ। ਰਾਜਸਥਾਨ ਦੇ ਮਾਊਂਟ ਆਬੂ 'ਚ ਬ੍ਰਹਿਮਕੁਮਾਰੀਜ ਸੰਸਥਾ ਦੇ ਪ੍ਰੋਗਰਾਮ 'ਚ ਉਨ੍ਹਾਂ ਨੇ ਕਿਹਾ,''ਪਾਕਸੋ ਐਕਟ 'ਚ ਮੁਆਫ਼ੀ ਦਾ ਪ੍ਰਬੰਧ ਖਤਮ ਹੋਣਾ ਚਾਹੀਦਾ।''

ਮੁੰਡਿਆਂ 'ਚ ਔਰਤਾਂ ਪ੍ਰਤੀ ਸਨਮਾਨ ਦੀ ਭਾਵਨਾ
ਉਨ੍ਹਾਂ ਨੇ ਕਿਹਾ ਕਿ ਸੰਸਦ ਨੂੰ ਇਸ ਸੰਬੰਧ 'ਚ ਵਿਚਾਰ ਕਰਨਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਔਰਤਾਂ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਅਸੀਂ ਮੁੰਡਿਆਂ ਦੇ ਮਨ 'ਚ ਬੇਟੀਆਂ ਅਤੇ ਔਰਤਾਂ ਦੇ ਪ੍ਰਤੀ ਸਨਮਾਨ ਦਾ ਭਾਵ ਪੈਦਾ ਕਰੀਏ। ਉਨ੍ਹਾਂ ਨੇ ਕਿਹਾ,''ਮਹਿਲਾ ਸੁਰੱਖਿਆ ਇਕ ਗੰਭੀਰ ਵਿਸ਼ਾ ਹੈ। ਇਸ 'ਤੇ ਬਹੁਤ ਕੰਮ ਹੋਇਆ ਹੈ ਪਰ ਬਹੁਤ ਸਾਰੇ ਕੰਮ ਹੋਣੇ ਬਾਕੀ ਹਨ। ਮੁੰਡਿਆਂ 'ਚ ਔਰਤਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਦੇਸ਼ ਦੇ ਹਰ ਮਾਤਾ-ਪਿਤਾ ਦੀ ਮੇਰੀ ਅਤੇ ਤੁਹਾਡੀ ਵੀ ਹੈ।''

ਪਹਿਲਾ ਨਾਗਰਿਕ ਹੋਣ ਦਾ ਅਰਥ
ਰਾਮਨਾਥ ਕੋਵਿੰਦ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਪਹਿਲਾ ਨਾਗਰਿਕ ਮੰਨੇ ਜਾਣ ਦੀ ਇਸ ਦੌਰਾਨ ਨਵੀਂ ਪਰਿਭਾਸ਼ਾ ਵੀ ਦਿੱਤੀ। ਉਨ੍ਹਾਂ ਨੇ ਕਿਹਾ,''ਜੇਕਰ ਇਸ ਦੇਸ਼ 'ਚ 135 ਕਰੋੜ ਲੋਕ ਹਨ ਤਾਂ ਉਨ੍ਹਾਂ ਨੂੰ ਪਹਿਲਾ ਨਾਗਰਿਕ ਹੋਣ ਦਾ ਅਰਥ ਕੀ ਹੈ। ਮੰਨ ਲਵੋ ਇਕ ਗੋਲੇ 'ਚ 135 ਕਰੋੜ ਲੋਕ ਖੜ੍ਹੇ ਹੋ ਜਾਣ ਤਾਂ ਫਿਰ ਮੈਂ ਹੀ ਨਹੀਂ ਸਗੋਂ ਮੇਰੇ ਤੋਂ ਹਟ ਕੇ ਜਿਸ 'ਤੇ ਵੀ ਉਂਗਲੀ ਰੱਖੀ ਜਾਵੇਗੀ, ਉਹ ਪਹਿਲਾ ਨਾਗਰਿਕ ਹੀ ਹੋਵੇਗਾ।''

ਰਾਸ਼ਟਰਪਤੀ ਕੋਲ ਪੁੱਜੀ ਦਯਾ ਪਟੀਸ਼ਨ
ਇਸ ਦੌਰਾਨ 16 ਦਸੰਬਰ 2012 ਨੂੰ ਨਿਰਭਿਆ ਨਾਲ ਦਿੱਲੀ 'ਚ ਗੈਂਗਰੇਪ ਅਤੇ ਕਤਲ ਦੇ ਦੋਸ਼ੀਆਂ ਦੀ ਦਯਾ ਪਟੀਸ਼ਨ ਨੂੰ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਇਸ ਪਟੀਸ਼ਨ ਨੂੰ ਖਾਰਜ ਕਰਨ ਦੀ ਵੀ ਗੁਜਾਰਿਸ਼ ਕੀਤੀ ਹੈ। ਦੱਸਣਯੋਗ ਹੈ ਕਿ ਪਟੀਸ਼ਨ ਦੀ ਇਹ ਫਾਈਲ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਤੋਂ ਹੁੰਦੇ ਹੋਏ ਗ੍ਰਹਿ ਮੰਤਰਾਲੇ ਪਹੁੰਚੀ ਸੀ।

DIsha

This news is Content Editor DIsha