ਰੋਂਦੇ ਬੱਚੇ ਨੂੰ ਚੁੱਪ ਕਰਵਾਉਣਾ ਪਿਆ ਭਾਰੀ, ਭੀੜ ਨੇ ਬੱਚਾ ਚੋਰ ਸਮਝ ਕੀਤੀ ਔਰਤ ਦੀ ਕੁੱਟਮਾਰ

08/27/2019 10:06:39 AM

ਰਾਂਚੀ— ਝਾਰਖੰਡ ’ਚ ਬੱਚਾ ਚੋਰੀ ਨੂੰ ਲੈ ਕੇ ਲਗਾਤਾਰ ਭੀੜ ਵਲੋਂ ਕਾਨੂੰਨ ਹੱਥ ’ਚ ਲੈਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਰਾਜ ਦੇ ਗਿਰੀਡੀਹ ਜ਼ਿਲੇ ਦਾ ਹੈ। ਜਿੱਥੇ ਬੱਚਾ ਚੋਰੀ ਦੇ ਦੋਸ਼ ’ਚ ਭੀੜ ਨੇ ਔਰਤ ਦੀ ਕੁੱਟਮਾਰ ਕਰ ਦਿੱਤੀ। ਇਹ ਘਟਨਾ ਉਸ ਸਮੇਂ ਹੋਈ, ਜਦੋਂ ਇਕ ਔਰਤ ਆਪਣੇ ਬੱਚੇ ਨਾਲ ਪੈਸੇ ਕੱਢਣ ਲਈ ਬੈਂਕ ਗਈ ਸੀ। ਪੁਲਸ ਨੇ ਦੱਸਿਆ ਕਿ ਇਕ ਔਰਤ ਆਪਣੇ ਬੱਚੇ ਨਾਲ ਪੈਸੇ ਕੱਢਣ ਲਈ ਬੈਂਕ ਗਈ। ਔਰਤ ਬੱਚੇ ਨੂੰ ਬਾਹਰ ਖੜ੍ਹਾ ਕਰ ਕੇ ਪੈਸੇ ਕੱਢਣ ਲਈ ਬੈਂਕ ਦੇ ਅੰਦਰ ਚੱਲੀ ਗਈ। ਮਾਂ ਦੀ ਗੈਰ-ਹਾਜ਼ਰੀ ਕਾਰਨ ਬੱਚਾ ਰੋਣ ਲੱਗਾ, ਜਿਸ ਨੂੰ ਦੇਖ ਕੇ ਇਕ ਔਰਤ ਉਸ ਕੋਲ ਆਈ ਅਤੇ ਉਸ ਨੂੰ ਚੁੱਪ ਕਰਵਾਉਣ ਲੱਗੀ। ਨਾਲ ਹੀ ਔਰਤ ਨੇ ਬੱਚੇ ਨਾਲ ਖੇਡਣਾ ਸ਼ੁਰੂ ਕਰ ਦਿੱਤਾ।
ਪੁਲਸ ’ਤੇ ਕੀਤਾ ਗਿਆ ਪਥਰਾਅ
ਜਦੋਂ ਬੱਚੇ ਦੀ ਮਾਂ ਬੈਂਕ ’ਚੋਂ ਬਾਹਰ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਬੱਚਾ ਇਕ ਔਰਤ ਨਾਲ ਖੇਡ ਰਿਹਾ ਹੈ। ਇਹ ਦੇਖ ਕੇ ਉਸ ਨੂੰ ਲੱਗਾ ਕਿ ਉਹ ਔਰਤ ਇਕ ਬੱਚਾ ਚੋਰ ਹੈ। ਜਿਸ ਤੋਂ ਬਾਅਦ ਬੱਚੇ ਦੀ ਮਾਂ ਨੇ ਲੋਕਾਂ ਨੂੰ ਆਵਾਜ਼ ਲਗਾਈ, ਜਿਸ ’ਤੇ ਭੀੜ ਨੇ ਉਸ ਔਰਤ ਦੀ ਕੁੱਟਮਾਰ ਕਰ ਦਿੱਤੀ। ਜਿਸ ਤੋਂ ਬਾਅਦ ਔਰਤ ਨੂੰ ਪੁਲਸ ਵਲੋਂ ਭੀੜ ਤੋਂ ਬਚਾਇਆ ਗਿਆ। ਪੁਲਸ ਨੇ ਦੱਸਿਆ ਕਿ ਬੱਚਾ ਚੋਰੀ ਦੇ ਸ਼ੱਕ ’ਚ ਪਹਿਲਾਂ ਔਰਤ ਦੀ ਲੋਕਾਂ ਨੇ ਕੁੱਟਮਾਰ ਕੀਤੀ ਅਤੇ ਬਾਅਦ ’ਚ ਉਸ ਨੂੰ ਬੰਧਕ ਵੀ ਬਣਾ ਲਿਆ ਗਿਆ। ਸੂਚਨਾ ਮਿਲਣ ’ਤੇ ਅਸੀਂ ਮੌਕੇ ’ਤੇ ਪੁੱਜੇ ਪਰ ਲੋਕਾਂ ਨੇ ਸਾਡੇ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਪਥਰਾਅ ਨਾਲ ਪੁਲਸ ਵਾਹਨ ਨੁਕਸਾਨਿਆ ਗਿਆ। ਕਾਫੀ ਮਿਹਨਤ ਤੋਂ ਬਾਅਦ ਪੁਲਸ ਨੇ ਭੀੜ ਤੋਂ ਔਰਤ ਨੂੰ ਬਚਾਇਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸਿਰਫ਼ ਗਲਤਫਹਿਮੀ ਦੇ ਆਧਾਰ ’ਤੇ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

DIsha

This news is Content Editor DIsha