ਜਨਤਾ ਦਰਬਾਰ ’ਚ ਔਰਤ ਬੋਲੀ- ਮੈਂ ਮਾਰਿਆ ਆਪਣਾ ਪਤੀ, ਮੈਨੂੰ ਫਾਂਸੀ ਦਿਓ

12/25/2019 3:56:25 PM

ਅੰਬਾਲਾ- ਬੀਤੇ ਦਿਨੀਂ ਹਰਿਆਣਾ ਦੇ ਮੰਤਰੀ ਅਨਿਲ ਵਿਜ ਜਨਤਾ ਦਰਬਾਰ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ। ਇਸ ਦੌਰਾਨ ਜੋ ਹੋਇਆ, ਉਸ ਨੂੰ ਦੇਖ ਕੇ ਹਰ ਕੋਈ ਸੁੰਨ ਰਹਿ ਗਿਆ। ਜਨਤਾ ਦਰਬਾਰ ਵਿਚ ਮੁਲਾਕਾਤ ਦੌਰਾਨ ਔਰਤ ਨੇ ਵਿਜ ਨੂੰ ਇਕ ਚਿੱਠੀ ਸੌਂਪੀ। ਔਰਤ ਨੇ ਕਬੂਲ ਕੀਤਾ ਕਿ ਉਸ ਨੇ ਢਾਈ ਸਾਲ ਪਹਿਲਾਂ ਆਪਣੇ ਪੁਲਸ ਅਧਿਕਾਰੀ ਪਤੀ ਦਾ ਕਤਲ ਕਰ ਦਿੱਤਾ ਸੀ। ਔਰਤ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਅਪਰਾਧ ਲਈ ਉਸ ਨੂੰ ਫਾਂਸੀ ਦੀ ਸਜ਼ਾ ਹੋਵੇ। ਔਰਤ ਦੀ ਚਿੱਠੀ ਦੇ ਆਧਾਰ ਤੇ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ। ਅੰਬਾਲਾ ਦੇ ਐੱਸ. ਪੀ. ਅਭਿਸ਼ੇਕ ਜਰਵਾਲ ਨੇ ਦੱਸਿਆ ਕਿ ਮਰਹੂਮ ਸਹਾਇਕ ਪੁਲਸ ਐੱਸ. ਪੀ. ਦੀ ਪਤਨੀ ਸੁਨੀਲ ਕੁਮਾਰੀ ਨੇ ਮੰਤਰੀ ਵਿਜ ਨਾਲ ਉਨ੍ਹਾਂ ਦੇ ਆਵਾਸ ’ਤੇ ਉਸ  ਸਮੇਂ ਮੁਲਾਕਾਤ ਕੀਤੀ, ਜਦੋਂ ਉਹ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ। 

ਮੁਲਾਕਾਤ ਦੌਰਾਨ ਔਰਤ ਨੇ ਵਿਜ ਨੂੰ ਸੌਂਪੀ ਚਿੱਠੀ ਵਿਚ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਪਤੀ ਦਾ ਕਤਲ ਕੀਤਾ। ਔਰਤ ਨੇ ਦਾਅਵਾ ਕੀਤਾ ਕਿ ਉਸ ਦਾ ਪਤੀ ਨਸ਼ੇੜੀ ਸੀ। ਚਿੱਠੀ ਮੁਤਾਬਕ 15 ਜੁਲਾਈ 2017 ਉਸ ਵੇਲੇ ਉਸ ਦਾ ਪਤੀ ਨਸ਼ੇ ਵਿਚ ਘਰ ਪੁੱਜਿਆ ਅਤੇ ਉਲਟਾ-ਸਿੱਧਾ ਬੋਲਣ ਲੱਗਾ। ਡਿੱਗਣ ਤੋਂ ਬਾਅਦ ਉਨ੍ਹਾਂ ਨੂੰ ਉਲਟੀ ਹੋਣ ਲੱਗੀ ਤਾਂ ਉਸ ਨੇ ਆਪਣੇ ਪਤੀ ਦੇ ਮੂੰਹ ਵਿਚ ਕੱਪੜਾ ਪਾ ਦਿੱਤਾ। ਇਸ ਤਰਾਂ ਗਲੇ ਵਿਚ ਸ਼ਾਇਦ ਭੋਜਨ ਫਸ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। 

ਔਰਤ ਨੇ ਦੱਸਿਆ ਕਿ ਉਸ ਨੇ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ। ਉਹ ਗੁੰਮ-ਸੁੰਮ ਰਹਿਣ ਲੱਗੀ ਪਈ ਸੀ, ਇਸ ਲਈ ਉਸ ਨੇ ਇਹ ਫੈਸਲਾ ਲਿਆ। ਵਿਜ ਨੇ ਕਿਹਾ ਕਿ ਔਰਤ ਨੇ ਉਨ੍ਹਾਂ ਨੂੰ ਚਿੱਠੀ ਸੌਂਪ ਕੇ ਇਸ ਅਪਰਾਧ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਔਰਤ ਨੂੰ ਪੁਲਸ ਹਵਾਲੇ ਕਰ ਦਿੱਤਾ, ਔਰਤ ਵਿਰੁੱਧ ਗੈਰ-ਇਰਾਦਤਨ ਕਤਲ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਓਧਰ ਪੁਲਸ ਅਧਿਕਾਰੀਆ ਨੇ ਦਾਅਵਾ ਕੀਤਾ ਕਿ ਉਸ ਸਮੇਂ ਪੋਸਟਮਾਰਟਮ ਵਿਚ ਕੁਝ ਸ਼ੱਕੀ ਨਹੀਂ ਮਿਲਿਆ ਸੀ।
 


Tanu

Content Editor

Related News