ਜੁਰਮ ਦੀ ਹੱਦ ਕੀਤੀ ਪਾਰ, ਤਨਖਾਹ ਮੰਗਣ ''ਤੇ ਨੌਕਰਾਣੀ ਦੀ ਹੱਤਿਆ, ਵੱਢੇ ਹੱਥ-ਪੈਰ

10/20/2018 3:04:37 PM

ਨਵੀਂ ਦਿੱਲੀ (ਏਜੰਸੀ)— ਕਹਿੰਦੇ ਨੇ ਜੁਰਮ ਚਾਹੇ ਵੱਡਾ ਹੋਵੇ ਜਾਂ ਛੋਟਾ ਉਹ ਇਕ ਨਾ ਇਕ ਦਿਨ ਸਾਹਮਣੇ ਜ਼ਰੂਰ ਆਉਂਦਾ। ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ, ਜੋ ਕਿ ਦੋਸ਼ੀ ਨੂੰ ਫੜ ਹੀ ਲੈਂਦੇ ਹਨ। ਦਿੱਲੀ ਵਿਚ ਇਕ 38 ਸਾਲਾ ਔਰਤ ਨੂੰ ਘਰ ਵਿਚ ਕੰਮ ਕਰਨ ਵਾਲੀ ਨੌਕਰਾਣੀ ਦੀ ਹੱਤਿਆ ਦੇ ਜੁਰਮ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਨੌਕਰਾਣੀ ਦੀ ਉਮਰ 16 ਸਾਲ ਸੀ। ਦਰਅਸਲ ਬਾਹਰੀ ਦਿੱਲੀ ਦੇ ਇਲਾਕੇ ਵਿਚ ਪੁਲਸ ਨੂੰ ਬੀਤੀ 4 ਮਈ ਨੂੰ ਧੜ ਤੋਂ ਵੱਖ ਸਿਰ ਅਤੇ ਕੱਟੇ ਹੋਏ ਹੱਥ-ਪੈਰ ਇਕ ਨਾਲੇ ਵਿਚ ਮਿਲੇ ਸਨ। ਖੋਜਬੀਨ ਦੌਰਾਨ ਪੁਲਸ ਨੇ ਸਰੀਰ ਦਾ ਬਾਕੀ ਹਿੱਸਾ ਵੀ ਇਕ ਬੋਰੇ ਵਿਚ ਭਰਿਆ ਹੋਇਆ ਮਿਲਿਆ। ਇਸ ਮਾਮਲੇ 'ਚ ਮਨਜੀਤ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਦੂਜੇ ਦੋਸ਼ੀ ਸ਼ਾਲੂ, ਰਾਕੇਸ਼ ਅਤੇ ਗੌਰੀ ਵੀ ਦੋਸ਼ੀ ਹਨ।

ਇਹ ਸਾਰੇ ਦੋਸ਼ੀ ਘੋਸ਼ਿਤ ਅਪਰਾਧੀ ਸਨ ਅਤੇ ਇਨ੍ਹਾਂ ਸਾਰਿਆਂ ਉੱਪਰ 50 ਹਜ਼ਾਰ ਰੁਪਏ ਦਾ ਇਨਾਮ ਹੈ। ਪੁਲਸ ਦੇ ਡਿਪਟੀ ਕਮਿਸ਼ਨਰ ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ 18 ਅਕਤੂਬਰ ਨੂੰ ਪੁਲਸ ਨੂੰ ਪਤਾ ਲੱਗਾ ਕਿ ਪੱਛਮੀ ਬੰਗਾਲ ਦੀ ਰਹਿਣ ਵਾਲੀ ਗੌਰੀ ਨੇ ਕਰਤਾਰ ਸਿੰਘ ਨਾਂ ਦੇ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ, ਤਾਂ ਕਿ ਆਪਣੀ ਪਛਾਣ ਨੂੰ ਲੁਕਾ ਸਕੇ। ਵਿਆਹ ਤੋਂ ਬਾਅਦ ਦੋਵੇਂ ਹਰਿਆਣਾ ਦੇ ਜੀਂਦ ਜ਼ਿਲੇ ਦੇ ਰੱਟਾ ਖੇੜਾ ਵਿਚ ਰਹਿਣ ਲੱਗੇ ਸਨ। ਬਾਅਦ ਵਿਚ ਦੋਸ਼ੀ ਔਰਤ ਗੌਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੌਰੀ ਇਕ ਪਲੇਸਮੈਂਟ ਏਜੰਸੀ ਚਲਾਉਂਦੀ ਸੀ ਅਤੇ ਪੀੜਤਾ ਨੂੰ ਝਾਰਖੰਡ ਤੋਂ ਨੌਕਰਾਣੀ ਦੇ ਰੂਪ ਵਿਚ ਕੰਮ ਕਰਨ ਲਈ ਲਿਆਂਦਾ ਗਿਆ ਸੀ ਪਰ ਉਸ ਨੂੰ ਇਕ ਸਾਲ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ ਸੀ। ਜਦੋਂ ਪੀੜਤਾ ਨੇ ਤਨਖਾਹ ਮੰਗੀ ਤਾਂ ਗੌਰੀ ਨੇ ਉਸ ਦੀ ਹੱਤਿਆ ਕਰ ਦਿੱਤੀ।