ਸੁਪਰੀਮ ਕੋਰਟ ਨੇ ਕਿਹਾ-ਸਿਰਫ ਅਣਵਿਆਹੀ ਹੋਣ ਕਾਰਨ ਔਰਤ ਨੂੰ ਗਰਭਪਾਤ ਤੋਂ ਨਹੀਂ ਰੋਕ ਸਕਦੇ

07/22/2022 10:07:26 AM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਸਿਰਫ਼ ਅਣਵਿਆਹੀ ਹੋਣ ਕਾਰਨ ਕਿਸੇ ਔਰਤ ਨੂੰ ਗਰਭਪਾਤ ਤੋਂ ਨਹੀਂ ਰੋਕਿਆ ਜਾ ਸਕਦਾ। ਜਸਟਿਸ ਡੀ. ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੀ ਬੈਂਚ ਨੇ 25 ਸਾਲਾ ਇਕ ਅਣਵਿਆਹੀ ਔਰਤ ਵਲੋਂ ਦਿੱਲੀ ਹਾਈ ਕੋਰਟ ਦੇ 16 ਜੁਲਾਈ ਦੇ ਇਕ ਫੈਸਲੇ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਆਪਣਾ ਇਹ ਫ਼ੈਸਲਾ ਸੁਣਾਇਆ। ਪਟੀਸ਼ਨਕਰਤਾ ਨੇ ਹਾਈ ਕੋਰਟ ਦੇ ਹੁਕਮ ’ਤੇ ਸਵਾਲ ਉਠਾਇਆ ਸੀ, ਜਿਸ ਵਿਚ 24 ਹਫਤਿਆਂ ਦੇ ਭਰੂਣ ਨੂੰ ਉਸ ਦੀ (ਔਰਤ ਦੀ) ਸਹਿਮਤੀ ਨਾਲ ਸੰਬੰਧ ਦੇ ਆਧਾਰ ’ਤੇ ਗਰਭਪਾਤ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਠੁਕਰਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਪਟਨਾ ਏਅਰਪੋਰਟ 'ਤੇ ਇੰਡੀਗੋ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਯਾਤਰੀ ਨੇ ਕੀਤਾ ਸੀ ਬੰਬ ਹੋਣ ਦਾ ਦਾਅਵਾ

ਔਰਤ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਉਸ ਦੇ ਲਈ ਬੱਚੇ ਨੂੰ ਪਾਲਣਾ ਮੁਸ਼ਕਿਲ ਸੀ, ਕਿਉਂਕਿ ਉਸ ਦੇ ਸਾਥੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਟੀਸ਼ਨਕਰਤਾ ਨੇ ਇਹ ਵੀ ਕਿਹਾ ਸੀ ਕਿ ਉਹ ਆਪਣੇ ਕਿਸਾਨ ਮਾਤਾ-ਪਿਤਾ ਦੇ 5 ਭਰਾ-ਭੈਣਾਂ ਵਿਚੋਂ ਇਕ ਹੈ। ਔਰਤ ਨੇ ਕਿਹਾ ਸੀ ਕਿ ਅਣਵਿਆਹੀ ਹੋਣ ’ਤੇ ਬੱਚੇ ਨੂੰ ਜਨਮ ਦੇਣ ਕਾਰਨ ਸਮਾਜਿਕ ਬਾਇਕਾਟ ਅਤੇ ਮਾਨਸਿਕ ਪੀੜਾ ਦਾ ਵੀ ਉਸ ਨੂੰ ਸਾਹਮਣਾ ਕਰਨਾ ਪਵੇਗਾ। ਉਸ ਨੇ ਇਹ ਵੀ ਕਿਹਾ ਸੀ ਕਿ ਉਸ ਕੋਲ ਰੋਜ਼ਗਾਰ ਦਾ ਕੋਈ ਜ਼ਰੀਆ ਨਹੀਂ ਹੈ। ਲਿਹਾਜ਼ਾ ਉਹ ਬੱਚੇ ਦੇ ਪਾਲਣ-ਪੋਸ਼ਣ ਲਈ ਲੋੜੀਂਦੇ ਸਾਧਨ ਨਹੀਂ ਜੁਟਾ ਸਕੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha