ਸੌਂਦੇ ਸਮੇਂ ਬਿਸਤਰ ਗਿੱਲਾ ਕਰਦੀ ਸੀ 9 ਸਾਲ ਦੀ ਬੱਚੀ, ਔਰਤ ਨੇ ਦਿੱਤੀ ਖ਼ੌਫਨਾਕ ਸਜ਼ਾ

07/25/2022 1:47:39 PM

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਔਰਤ ਨੇ ਗੋਦ ਲਈ 9 ਸਾਲਾ ਬੱਚੀ ਦੇ ਪ੍ਰਾਈਵੇਟ ਪਾਰਟ ਨੂੰ ਇਸ ਲਈ ਦਾਗ਼ ਦਿੱਤਾ, ਕਿਉਂਕਿ ਉਹ ਰਾਤ ਨੂੰ ਸੌਂਦੇ ਸਮੇਂ ਬਿਸਤਰ ਗਿੱਲਾ ਕਰਦੀ ਸੀ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਮ.ਆਈ.ਜੀ. ਪੁਲਸ ਥਾਣੇ ਦੇ ਇੰਚਾਰਜ ਅਜੇ ਵਰਮਾ ਨੇ ਦੱਸਿਆ ਕਿ ਰਾਤ ਨੂੰ ਸੌਂਦੇ ਸਮੇਂ ਬਿਸਤਰ ਗਿੱਲਾ ਕਰਨ ਦੀ ਸਜ਼ਾ ਦੇ ਨਾਮ 'ਤੇ 40 ਸਾਲਾ ਔਰਤ ਦੇ ਅੱਤਿਆਚਾਰ ਦੀ ਸ਼ਿਕਾਰ ਕੁੜੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਵਰਮਾ ਨੇ ਦੱਸਿਆ ਕਿ ਔਰਤ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 294 (ਗਾਲ੍ਹਾਂ ਕੱਢਣ), 323 (ਕੁੱਟਮਾਰ), 324 (ਖ਼ਤਰਨਾਕ ਤਰੀਕੇ ਨਾਲ ਜਾਣਬੁੱਝ ਕੇ ਸੱਟ ਮਾਰਨ) ਅਤੇ 506 (ਧਮਕਾਉਣ) ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਥਾਣਾ ਇੰਚਾਰਜ ਮੁਤਾਬਕ ਦੋਸ਼ੀ ਔਰਤ ਪੀੜਤ ਕੁੜੀ ਦੀ ਕਰੀਬੀ ਰਿਸ਼ਤੇਦਾਰ ਹੈ ਅਤੇ ਉਸ ਦੇ ਪਰਿਵਾਰ ਨੇ ਕੁੜੀ ਨੂੰ ਗੋਦ ਲਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਹਾਲੇ ਤੱਕ ਦੋਸ਼ੀ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਇਸ ਵਿਚ, ਬਾਲ ਕਲਿਆਣ ਕਮੇਟੀ ਦੀ ਚੇਅਰਪਰਸਨ ਪੱਲਵੀ ਪੋਰਵਾਲ ਨੇ ਦੱਸਿਆ ਕਿ ਪੀੜਤ ਕੁੜੀ ਦੇ ਜਣਨ ਅੰਗਾਂ 'ਤੇ ਕਿਸੇ ਬਲਦੀ ਚੀਜ਼ ਨਾਲ ਦਾਗ਼ੇ ਜਾਣ ਦਾ ਗੰਭੀਰ ਜ਼ਖ਼ਮ ਹੈ। ਉਸ ਦੇ ਸਿਰ ਦੇ ਕੁਝ ਵਾਲ ਉੱਖੜ ਗਏ ਹਨ ਅਤੇ ਉਸ ਦੇ ਸਰੀਰ 'ਤੇ ਨਹੁੰਆਂ ਦੇ ਨਿਸ਼ਾਨ ਵੀ ਹਨ। ਪੋਰਵਾਲ ਨੇ ਕਿਹਾ,''ਕੁੜੀ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਉਸ ਨੂੰ ਗੋਦ ਲੈਣ ਵਾਲੀ ਔਰਤ ਮਾਨਸਿਕ ਬੀਮਾਰੀ ਦੀ ਸ਼ਿਕਾਰ ਹੈ, ਜਿਸ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।'' ਬਾਲ ਕਲਿਆਣ ਕਮੇਟੀ ਦੀ ਚੇਅਰਪਰਸਨ ਨੇ ਕਿਹਾ ਕਿ ਪੁਲਸ ਨੇ ਇਸ ਔਰਤ 'ਤੇ ਹਲਕੀਆਂ ਧਾਰਾਵਾਂ ਦੇ ਅਧੀਨ ਸ਼ਿਕਾਇਤ ਦਰਜ ਕੀਤੀ ਹੈ ਅਤੇ ਮਾਮਲੇ 'ਚ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਅਤੇ ਹੋਰ ਗੰਭੀਰ ਧਾਰਾਵਾਂ ਜੋੜੀਆਂ ਜਾਣੀਆਂ ਚਾਹੀਦੀਆਂ ਹਨ। ਐੱਮ.ਆਈ.ਜੀ. ਥਾਣਾ ਇੰਚਾਰਜ ਵਰਮਾ ਨੇ ਕਿਹਾ ਕਿ ਕੁੜੀ ਦੇ ਬਿਆਨ ਅਤੇ ਉਸ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਰਿਪੋਰਟ ਦੇ ਆਧਾਰ 'ਤੇ ਸ਼ਿਕਾਇਤ 'ਚ ਉੱਚਿਤ ਧਾਰਾਵਾਂ ਜੋੜੀਆਂ ਜਾਣਗੀਆਂ।

DIsha

This news is Content Editor DIsha