ਕਸ਼ਮੀਰ ਵਿਚ ਕੜਾਕੇ ਦੀ ਠੰਡ, ਕਈ ਇਲਾਕਿਆਂ ’ਚ ਤਾਪਮਾਨ ਸਿਫ਼ਰ ਤੋਂ ਹੇਠਾਂ

01/19/2021 2:44:07 PM

ਸ਼੍ਰੀਨਗਰ (ਭਾਸ਼ਾ)— ਕਸ਼ਮੀਰ ਘਾਟੀ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਕਈ ਇਲਾਕਿਆਂ ਵਿਚ ਤਾਪਮਾਨ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਮੌਸਮ ਮਹਿਕਮੇ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਘਾਟੀ ਵਿਚ ਡਲ ਝੀਲ ਸਮੇਤ ਕਈ ਤਲਾਬ ਜੰਮ ਗਏ ਹਨ। ਸ਼੍ਰੀਨਗਰ ’ਚ ਕਈ ਮਾਰਗਾਂ ’ਤੇ ਬਰਫ਼ ਦੀ ਮੋਟੀ ਪਰਤ ਵਿਛੀ ਹੋਈ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕਸ਼ਮੀਰ ਘਾਟੀ ਦੇ ਕਈ ਹਿੱਸਿਆਂ ਦਾ ਵੀ ਅਜਿਹਾ ਹੀ ਹਾਲ ਹੈ। ਅਧਿਕਾਰੀ ਨੇ ਦੱਸਿਆ ਕਿ ਕਾਜੀਗੁੰਡ ’ਚ ਤਾਪਮਾਨ ਸਿਫ਼ਰ ਤੋਂ 8.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਸਭ ਤੋਂ ਠੰਡਾ ਸਥਾਨ ਰਿਹਾ।

ਅਧਿਕਾਰੀ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਕੱਲ੍ਹ ਰਾਤ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ 6.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਦੱਖਣੀ ਕਸ਼ਮੀਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਪਹਿਲਗਾਮ ਵਿਚ ਤਾਪਮਾਨ ਸਿਫ਼ਰ ਤੋਂ 8.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਉੱਥੇ ਹੀ ਕੁਪਵਾੜਾ ’ਚ ਤਾਪਮਾਨ ਸਿਫ਼ਰ ਤੋਂ 5.7 ਡਿਗਰੀ ਸੈਲਸੀਅਸ ਅਤੇ ਕੋਕਰਨਾਗ ’ਚ ਸਿਫ਼ਰ ਤੋਂ 7.4 ਸੈਲਸੀਅਸ ਹੇਠਾਂ ਦਰਜ ਹੋਇਆ। ਕਸ਼ਮੀਰ ਵਿਚ ਅਜੇ ਚਿੱਲਈ-ਕਲਾਂ (ਬਹੁਤ ਜ਼ਿਆਦਾ ਬਰਫ਼ਬਾਰੀ) ਦੀ ਲਪੇਟ ਵਿਚ ਹੈ। ਇਹ 40 ਦਿਨ ਦਾ ਸਮਾਂ ਹੈ, ਜਿਸ ਵਿਚ ਕੜਾਕੇ ਦੀ ਠੰਡ ਪੈਂਦੀ ਹੈ ਅਤੇ ਘਾਟੀ ਸੀਤ ਲਹਿਰ ਦੀ ਲਪੇਟ ’ਚ ਹੁੰਦੀ ਹੈ ਅਤੇ ਤਾਪਮਾਨ ਸਿਫ਼ਰ ਤੋਂ ਕਈ ਡਿਗਰੀ ਸੈਲਸੀਅਸ ਹੇਠਾਂ ਚੱਲਾ ਜਾਂਦਾ ਹੈ। ਅਜਿਹੀ ਸਥਿਤੀ ’ਚ ਇੱਥੇ ਤਲਾਬਾਂ ਅਤੇ ਪਾਣੀ ਦੀਆਂ ਪਾਈਪਾਂ ਵਿਚ ਪਾਣੀ ਜੰਮਣ ਲੱਗਦਾ ਹੈ। ਚਿੱਲਈ-ਕਲਾਂ 31 ਜਨਵਰੀ ਨੂੰ ਖਤਮ ਹੋਵੇਗੀ।


Tanu

Content Editor

Related News