ਕੌਣ ਹਨ ਕੁਲਭੂਸ਼ਣ ਜਾਧਵ ''ਤੇ ਫੈਸਲਾ ਸੁਣਾਉਣ ਵਾਲੇ ਅਬਦੁਲਕਾਵੀ ਯੂਸੁਫ?

07/17/2019 2:54:12 PM

ਹੇਗ/ਨਵੀਂ ਦਿੱਲੀ— ਅੱਜ ਅੰਤਰਰਾਸ਼ਟਰੀ ਕੋਰਟ ਆਫ ਜਸਟਿਸ ਯਾਨੀ ਆਈ.ਸੀ.ਜੇ. 'ਚ ਭਾਰਤੀ ਨੇਵੀ ਤੋਂ ਰਿਟਾਇਰ ਅਫਸਰ ਕੁਲਭੂਸ਼ਣ ਜਾਧਵ 'ਤੇ ਵੱਡਾ ਫੈਸਲਾ ਹੈ। ਜਾਧਵ, ਜੋ ਇਸ ਵੇਲੇ ਪਾਕਿਸਤਾਨ ਦੀ ਜੇਲ 'ਚ ਬੰਦ ਹਨ, ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਆਈ.ਸੀ.ਜੇ. ਦੇ ਪ੍ਰੈਸੀਡੈਂਟ, ਜੱਜ ਅਬਦੁਲਕਾਵੀ ਅਹਿਮਦ ਯੂਸੁਫ, ਜਾਧਵ 'ਤੇ ਆਉਣ ਵਾਲੇ ਫੈਸਲੇ ਨੂੰ ਪੜਨਗੇ। ਭਾਰਤ ਨੂੰ ਉਮੀਦ ਹੈ ਕਿ ਆਈ.ਸੀ.ਜੇ. ਵਲੋਂ ਜਾਧਵ ਨੂੰ ਮਿਲੀ ਫਾਂਸੀ ਦੀ ਸਜ਼ਾ ਖਤਮ ਕੀਤੀ ਜਾਵੇਗੀ ਤੇ ਪਾਕਿਸਤਾਨ ਉਸ ਨੂੰ ਮੌਤ ਦੀ ਸਜ਼ਾ ਨਹੀਂ ਦੇ ਸਕੇਗਾ। ਅਜਿਹੇ 'ਚ ਅੱਜ ਯੂਸੁਫ ਦਾ ਕੀ ਰੁਖ ਹੋਵੇਗਾ, ਇਸ 'ਤੇ ਨੇੜੇਓਂ ਨਜ਼ਰ ਰੱਖੀ ਜਾਵੇਗੀ। ਆਓ ਜਾਣਦੇ ਹਾਂ ਕੌਣ ਹਨ ਆਈ.ਸੀ.ਜੇ. ਦੇ ਪ੍ਰੈਸੀਡੈਂਟ ਜੱਜ ਅਹਿਮਦ ਯੂਸੁਫ।

2018 'ਚ ਬਣੇ ਸਨ ਆਈ.ਸੀ.ਜੇ. ਪ੍ਰੈਸੀਡੈਂਟ
ਸੋਮਾਲੀਆ ਦੇ ਜੱਜ ਅਬਦੁਲ ਅਹਿਮਦ ਯੂਸੁਫ ਨੂੰ ਫਰਵਰੀ 2018 'ਚ ਆਈ.ਸੀ.ਜੇ. ਦਾ ਪ੍ਰੈਸੀਡੈਂਟ ਚੁਣਿਆ ਗਿਆ ਸੀ। ਆਈ.ਸੀ.ਜੇ. ਜੋ ਯੂਨਾਈਟਡ ਨੇਸ਼ਨਸ ਦੇ ਲਈ ਕੰਮ ਕਰਨ ਵਾਲੀ ਸੰਸਥਾ ਹੈ, ਜਦੋਂ ਉਸ ਲਈ ਯੂਸੁਫ ਨੂੰ ਚੁਣਿਆ ਗਿਆ ਤਾਂ ਉਨ੍ਹਾਂ ਦੇ ਦੇਸ਼ 'ਚ ਖੁਸ਼ੀ ਦੀ ਲਹਿਰ ਦੌੜ ਗਈ। 70 ਸਾਲ ਦੇ ਯੂਸੁਫ ਜਾ ਜਨਮ ਸੋਮਾਲੀਆ ਦੇ ਪੁਰਾਣੇ ਸ਼ਹਿਰ ਆਈਲ 'ਚ ਹੋਇਆ ਸੀ। ਉਨ੍ਹਾਂ ਨੇ ਸੋਮਾਲੀਆ ਦੀ ਸੋਮਾਲੀ ਨੈਸ਼ਨਲ ਯੂਨੀਵਰਸਿਟੀ ਤੋਂ ਜ਼ਿਊਰਿਸ ਡਾਕਟਰ ਦੀ ਡਿਗਰੀ ਕੀਤੀ। ਇਸ ਤੋਂ ਬਾਅਦ ਉਹ ਸਵਿਟਜ਼ਰਲੈਂਡ ਦੇ ਜਿਨੇਵਾ ਪਹੁੰਚੇ।

ਯੂ.ਐੱਨ. ਨਾਲ ਕੰਮ ਦਾ ਚੰਗਾ ਤਜ਼ਰਬਾ
ਜਿਨੇਵਾ ਤੋਂ ਉਨ੍ਹਾਂ ਨੇ ਗ੍ਰੇਜੂਏਟ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ਼ ਤੋਂ ਇੰਟਰਨੈਸ਼ਨਲ ਲਾ 'ਚ ਪੀ.ਐੱਚ.ਡੀ. ਕੀਤੀ। ਇਸ ਤੋਂ ਬਾਅਦ ਉਹ ਇਟਲੀ ਦੇ ਫਲੋਰੇਂਸ ਵੀ ਗਏ ਚੇ ਉਥੇ ਯੂਨੀਵਰਸਿਟੀ ਆਫ ਫਲੋਰੇਂਸ ਤੋਂ ਉਨ੍ਹਾਂ ਨੇ ਇੰਟਰਨੈਸ਼ਨਲ ਲਾਅ ਦੀ ਪੜਾਈ ਕੀਤੀ। ਯੂਸੁਫ ਨੂੰ ਸੋਮਾਲੀ, ਅਰਬੀ, ਇੰਗਲਿਸ਼, ਫ੍ਰੈਂਚ ਤੇ ਇਤਾਲਵੀ ਭਾਸ਼ਾ ਦਾ ਚੰਗਾ ਤਜ਼ਰਬਾ ਹੈ। ਯੂਸੁਫ ਨੂੰ ਯੂ.ਐੱਨ. ਦੀਆਂ ਕਈ ਸੰਸਥਾਵਾਂ, ਜਿਵੇਂ ਯੂਨੈਸਕੋ ਤੇ ਯੂਨਾਈਟਡ ਨੇਸ਼ਨ ਇੰਡਸਟ੍ਰੀਅਲ ਡੈਵਲਪਮੈਂਟ ਆਰਗੇਨਾਈਜ਼ੇਸ਼ਨ ਦੇ ਲਈ ਕੰਮ ਕਰਨ ਦਾ ਚੰਗਾ ਤਜ਼ਰਬਾ ਹੈ।

ਆਈ.ਸੀ.ਜੇ. ਜੱਜ ਬਣਨ ਵਾਲੇ ਤੀਜੇ ਅਫਰੀਕੀ
ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਅਫਰੀਕੀ ਕਾਨੂੰਨ ਦਾ ਵੀ ਚੰਗਾ ਤਜ਼ਰਬਾ ਹੈ। ਪਹਿਲੀ ਵਾਰ ਸਾਲ 2009 'ਚ ਯੂਸੁਫ ਨੂੰ ਆਈ.ਸੀ.ਜੇ. ਦਾ ਜੱਜ ਨਿਯੁਕਤ ਕੀਤਾ ਗਿਆ ਸੀ। 6 ਫਰਵਰੀ 2015 ਨੂੰ ਉਨ੍ਹਾਂ ਨੂੰ ਆਈ.ਸੀ.ਜੇ. ਦਾ ਵਾਈਸ ਪ੍ਰੈਸੀਡੈਂਟ ਨਿਯੁਕਤ ਕੀਤਾ ਗਿਆ ਸੀ। ਜੱਜ ਯੂਸੁਫ ਦੇ ਲਈ ਕਿਹਾ ਜਾਂਦਾ ਹੈ ਕਿ ਉਨ੍ਹਾਂ ਜਿਹਾ ਤਜ਼ਰਬੇਕਾਰ ਵਕੀਲ ਮਿਲਣਾ ਮੁਸ਼ਕਲ ਹੈ। ਆਈ.ਸੀ.ਜੇ. ਦੇ ਪ੍ਰੈਸੀਡੈਂਟ ਬਣਨ ਵਾਲੇ ਉਹ ਤੀਜੇ ਅਫਰੀਕੀ ਹਨ।

ਅਮਰੀਕਾ ਖਿਲਾਫ ਦਿੱਤਾ ਵੱਡਾ ਫੈਸਲਾ
ਅਬਦੁਲਕਾਵੀ ਯੂਸੁਫ ਪਿਛਲੇ ਦਿਨੀਂ ਉਸ ਵੇਲੇ ਚਰਚਾ 'ਚ ਆਏ ਸਨ ਜਦੋਂ ਆਈ.ਸੀ.ਜੇ. ਦੇ ਪ੍ਰੈਸੀਡੈਂਟ ਬਣਨ ਤੋਂ ਬਾਅਦ ਅਮਰੀਕਾ ਦੇ ਖਿਲਾਫ ਉਨ੍ਹਾਂ ਨੇ ਇਕ ਵੱਡਾ ਫੈਸਲਾ ਦਿੱਤਾ ਸੀ। ਯੂਸੁਫ ਦੀ ਅਗਵਾਈ 'ਚ ਆਈ.ਸੀ.ਜੇ. ਨੇ ਈਰਾਨ ਨੂੰ ਲੈ ਕੇ ਵੱਡਾ ਫੈਸਲਾ ਦਿੱਤਾ ਸੀ। ਆਈ.ਸੀ.ਜੇ. ਨੇ ਕਿਹਾ ਸੀ ਕਿ ਈਰਾਨ ਦਾ ਉਸ ਦੋ ਬਿਲੀਅਨ ਦੀ ਜਾਇਦਾਦ 'ਤੇ ਪੂਰਾ ਕਾਨੂੰਨੀ ਅਧਿਕਾਰ ਹੈ, ਜਿਸ ਨੂੰ ਅਮਰੀਕਾ ਨੇ ਫ੍ਰੀਜ਼ ਕੀਤਾ ਹੋਇਆ ਹੈ। ਇਸ ਤੋਂ ਕੁਝ ਹੀ ਦਿਨ ਬਾਅਦ ਆਈ.ਸੀ.ਜੇ. ਨੇ ਛਾਗੋਸ ਟਾਪੂ 'ਤੇ ਯੂਕੇ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਠਹਿਰਾਉਣ ਦਾ ਫੈਸਲਾ ਦਿੱਤਾ ਸੀ।

Baljit Singh

This news is Content Editor Baljit Singh