ਭਾਜਪਾ ''ਚ ਕੋਈ ਨਾਰਾਜ਼ਗੀ ਨਹੀਂ, ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ, ਨੂੰ ਮਿਲਣਗੇ ਸਰਕਾਰ ''ਚ ਅਹੁਦੇ : ਧੂਮਲ

Thursday, Oct 26, 2017 - 09:43 AM (IST)

ਹਮੀਰਪੁਰ (ਰਾਜੀਵ) — ਸਾਬਕਾ ਮੁੱਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਨੇ ਕਿਹਾ ਹੈ ਕਿ ਹਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ 60 ਤੋਂ 70 ਵਰਕਰ ਅਜਿਹੇ ਹਨ, ਜੋ ਵਿਧਾਇਕ ਬਣਨ ਦੇ ਯੋਗ ਹਨ ਪਰ ਟਿਕਟ ਤਾਂ ਸਿਰਫ ਇਕ ਨੂੰ ਹੀ ਮਿਲਣੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਨਾ ਤਾਂ ਕੋਈ ਨਾਰਾਜ਼ ਹੈ ਅਤੇ ਨਾ ਹੀ ਧੜੇਬੰਦੀ ਹੈ, ਜਿਸ ਨੂੰ ਪਾਰਟੀ ਦੀ ਟਿਕਟ ਨਹੀਂ ਮਿਲੀ ਹੈ, ਨੂੰ ਭਾਜਪਾ ਸਰਕਾਰ ਬਣਨ 'ਤੇ ਵਧੀਆ ਅਹੁਦੇ ਦਿੱਤੇ ਜਾਣਗੇ।  ਉਨ੍ਹਾਂ ਕਿਹਾ ਕਿ ਵਧੇਰੇ ਥਾਵਾਂ 'ਤੇ ਭਾਜਪਾ ਦੇ ਨਾਰਾਜ਼ ਲੋਕਾਂ ਨੂੰ ਮਨਾ ਲਿਆ ਗਿਆ ਹੈ ਅਤੇ ਆਉਂਦੇ ਇਕ-ਦੋ ਦਿਨਾਂ ਵਿਚ ਜਿੱਥੇ ਹੋਰ ਲੋਕ ਨਾਰਾਜ਼ ਹਨ, ਨੂੰ ਵੀ ਮਨਾ ਲਿਆ ਜਾਵੇਗਾ।  ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਸੁਜਾਨਪੁਰ ਵਿਧਾਨ ਸਭਾ ਖੇਤਰ ਦੇ ਚਨਿਆਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 
ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਜੇ ਤਾਂ ਹਿਮਾਚਲ ਚੋਣਾਂ ਦੇ ਨਤੀਜਿਆਂ ਦਾ ਪਹਿਲਾ ਸਰਵੇਖਣ ਆਇਆ ਹੈ, ਜਿਸ ਵਿਚ ਭਾਜਪਾ ਦੋ-ਤਿਹਾਈ ਬਹੁਮਤ ਨਾਲ ਜਿੱਤ ਰਹੀ ਹੈ ਪਰ ਜਦੋਂ ਤਕ ਚੋਣਾਂ ਹੋਣਗੀਆਂ, ਉਦੋਂ ਤਕ ਭਾਜਪਾ 60 ਪਲੱਸ ਦਾ ਅੰਕੜਾ ਛੂਹ ਲਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੰਬਰ ਦੇ ਪਹਿਲੇ ਹਫਤੇ ਸੂਬੇ ਵਿਚ 4 ਰੈਲੀਆਂ ਕੀਤੀਆਂ ਜਾਣਗੀਆਂ। ਹਮੀਰਪੁਰ ਲੋਕ ਸਭਾ ਹਲਕੇ ਵਿਚ ਮੋਦੀ ਦੀ 2014 ਵਿਚ ਰੈਲੀ ਹੋਈ ਸੀ। ਇਸੇ ਮਹੀਨੇ ਦੇ ਪਹਿਲੇ ਹਫਤੇ ਗੁਰਦਾਸਪੁਰ ਵਿਚ ਪ੍ਰਧਾਨ ਮੰਤਰੀ ਦੀ ਰੈਲੀ ਹੋਈ ਸੀ। ਹੁਣ ਮੋਦੀ ਦੀ ਰੈਲੀ ਊਨਾ ਜ਼ਿਲੇ ਵਿਚ ਹੋਵੇਗੀ। 27 ਅਕਤੂਬਰ ਤੋਂ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ 17 ਜ਼ਿਲਿਆਂ ਵਿਚ ਰੈਲੀਆਂ ਕੀਤੀਆਂ ਜਾਣਗੀਆਂ।


Related News