ਜਦੋਂ ਸਮ੍ਰਿਤੀ ਈਰਾਨੀ ਨੇ ਵਜਾਈ ਸੀਟੀ

10/19/2017 10:03:12 AM

ਨਵੀਂ ਦਿੱਲੀ — ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਈਰਾਨੀ ਉਂਝ ਤਾਂ ਆਪਣੇ ਦਮਦਾਰ ਭਾਸ਼ਣਾਂ ਲਈ ਜਾਣੀ ਜਾਂਦੀ ਹੈ ਪਰ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਦੇ ਕਨਵੋਕੇਸ਼ਨ ਪ੍ਰੋਗਰਾਮ ਦੌਰਾਨ ਉਨ੍ਹਾਂ ਦਾ ਇਕ ਖਾਸ ਅੰਦਾਜ਼ ਦੇਖਣ ਨੂੰ ਮਿਲਿਆ।
ਇਥੇ ਈਰਾਨੀ ਨੇ ਨਾ ਸਿਰਫ ਵਿਦਿਆਰਥੀਆਂ ਦਰਮਿਆਨ ਇਕ ਰਸਮੀ ਭਾਸ਼ਣ ਅਤੇ ਡਿਗਰੀ ਦੇਣ ਦਾ ਕੰਮ ਕੀਤਾ, ਸਗੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਮੂੰਹ 'ਚ ਦੋਹਾਂ ਹੱਥਾਂ ਦੀਆਂ ਉਂਗਲੀਆਂ ਪਾ ਕੇ ਸੀਟੀ ਵੀ ਵਜਾਈ। ਇਹ ਸਭ ਦੇਖ ਕੇ ਉਥੇ ਮੌਜੂਦ ਵਿਦਿਆਰਥੀ ਅਤੇ ਹੋਰ ਲੋਕ ਹੈਰਾਨ ਰਹਿ ਗਏ। ਇਸ 'ਤੇ ਕੁਝ ਵਿਦਿਆਰਥੀਆਂ ਨੇ ਵੀ ਸੀਟੀਆਂ ਵਜਾਈਆਂ। 
ਬੋਫੋਰਸ ਸਕੈਂਡਲ ਨੂੰ ਲੈ ਕੇ ਸਮ੍ਰਿਤੀ ਨੇ ਕਾਂਗਰਸ 'ਤੇ ਕੀਤਾ ਹਮਲਾ
ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਈਰਾਨੀ ਨੇ ਕਾਂਗਰਸ ਨੂੰ ਇਕ ਵਾਰ ਮੁੜ ਬੋਫੋਰਸ ਮਾਮਲੇ 'ਚ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਸਮ੍ਰਿਤੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਨਿੱਜੀ ਜਾਸੂਸ ਮਾਈਕਲ ਹਰਸ਼ਮੈਨ ਦੇ ਦਾਅਵਿਆਂ 'ਤੇ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ। ਸੀ. ਬੀ. ਆਈ. ਨੇ ਵੀ ਕਿਹਾ ਹੈ ਕਿ ਉਹ ਨਵੇਂ ਦਾਅਵਿਆਂ ਮੁਤਾਬਕ ਘਪਲੇ ਦੇ ਤੱਥਾਂ ਅਤੇ ਹਾਲਾਤ 'ਤੇ ਵਿਚਾਰ ਕਰੇਗੀ। 
ਬੁੱਧਵਾਰ ਸਮ੍ਰਿਤੀ ਈਰਾਨੀ ਅਤੇ ਭਾਜਪਾ ਦੇ ਬੁਲਾਰੇ ਸਾਂਬਿਤ ਪਾਤਰਾ ਵਲੋਂ ਜੋ ਪ੍ਰੈੱਸ ਕਾਨਫਰੰਸ ਕੀਤੀ ਗਈ, ਉਹ ਜਾਸੂਸ ਹਰਸ਼ਮੈਨ ਦੇ ਉਨ੍ਹਾਂ ਦਾਅਵਿਆਂ 'ਤੇ ਕੇਂਦਰਿਤ ਸੀ ਜਿਨ੍ਹਾਂ ਵਿਚ ਉਸ ਨੇ ਦੋਸ਼ ਲਾਇਆ ਸੀ ਕਿ ਸਵਰਗੀ ਕਾਂਗਰਸੀ ਨੇਤਾ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨੇ ਉਸ ਦੀ ਜਾਂਚ ਵਿਚ ਰੋੜੇ ਅਟਕਾਏ ਸਨ।  ਸਮ੍ਰਿਤੀ ਨੇ ਹਰਸ਼ਮੈਨ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਾਸੂਸ ਨੇ ਸਿੱਧੇ ਤੌਰ 'ਤੇ ਕਾਂਗਰਸੀ ਆਗੂਆਂ ਦੇ ਇਸ ਮਾਮਲੇ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਇਸ ਬਾਰੇ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਹਰਸ਼ਮੈਨ ਦੇ ਹਵਾਲੇ ਨਾਲ ਕਿਹਾ ਕਿ ਸਾਬਕਾ ਵਿੱਤ ਮੰਤਰੀ ਵੀ. ਪੀ. ਸਿੰਘ ਨੇ ਉਨ੍ਹਾਂ ਨੂੰ ਕਾਂਗਰਸ ਸਰਕਾਰ 'ਚ ਚੱਲ ਰਹੀ ਮਨੀ ਲਾਂਡਰਿੰਗ ਦੀ ਜਾਂਚ ਕਰਨ ਲਈ ਕਿਹਾ ਸੀ।