ਜਦੋਂ ਅਮਿਤ ਸ਼ਾਹ ਨੇ ਲਾਇਆ ਆਪਣਾ ਦਰਬਾਰ

02/08/2018 10:29:19 AM

ਨਵੀਂ ਦਿੱਲੀ— ਮੰਗਲਵਾਰ ਨੂੰ ਸੰਸਦ ਭਵਨ ਦੇ ਕੇਂਦਰੀ ਹਾਲ 'ਚ ਇਕ ਵਿਲੱਖਣ ਗੱਲ ਨਜ਼ਰ ਆਈ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਆਪਣਾ ਸ਼ਾਨਦਾਰ ਦਰਬਾਰ ਲਾਇਆ। ਉਨ੍ਹਾਂ ਦੇ ਕੋਲ ਅੱਧੀ ਦਰਜਨ ਦੇ ਲੱਗਭਗ ਕੈਬਨਿਟ ਮੰਤਰੀ ਬੈਠੇ ਸਨ। ਨਾਲ ਹੀ ਕਈ ਪਾਰਟੀ ਆਗੂ ਵੀ ਇਸ ਦਰਬਾਰ ਨੂੰ ਵੇਖਣ ਲਈ ਮੌਜੂਦ ਸਨ। ਇਸ ਬਜਟ ਸਮਾਗਮ ਦੌਰਾਨ ਅਜਿਹਾ ਪਹਿਲੀ ਵਾਰ ਹੋਇਆ। ਅਮਿਤ ਸ਼ਾਹ ਕੇਂਦਰੀ ਹਾਲ 'ਚ ਲਗਭਗ 40 ਮਿੰਟ ਬੈਠੇ ਰਹੇ। ਗਰਮ ਕੌਫੀ ਦੀਆਂ ਚੁਸਕੀਆਂ ਲੈਣ ਦੇ ਨਾਲ-ਨਾਲ ਉਹ ਹਾਸਾ-ਮਜ਼ਾਕ ਵੀ ਕਰਦੇ ਰਹੇ। ਉਨ੍ਹਾਂ ਉਥੇ ਮੌਜੂਦ ਪੱਤਰਕਾਰਾਂ ਨੂੰ ਚਿਦਾਂਬਰਮ ਦੇ ਪਕੌੜਾ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਇਹ ਮਹਿੰਗਾ ਪਵੇਗਾ। ਉਨ੍ਹਾਂ ਦੀ ਯੋਜਨਾ 'ਚਾਏ' ਤੇ 'ਪਕੌੜਾ' ਟਿੱਪਣੀਆਂ ਕਰਕੇ ਚੋਣਾਂ ਤਕ ਲੋਕਾਂ ਦਾ ਰੁਖ਼ ਪਰਖਣ ਦੀ ਹੈ। ਅਮਿਤ ਸ਼ਾਹ ਇਸ ਵਿਚਾਰ ਦੇ ਸਨ ਕਿ ਮੇਘਾਲਿਆ ਵਿਚ ਲੰਗੜੀ ਵਿਧਾਨ ਸਭਾ ਬਣੇਗੀ। ਨਾਗਾਲੈਂਡ ਵਿਚ ਭਾਜਪਾ ਆਪਣੀ ਸਰਕਾਰ ਬਣਾਏਗੀ। ਤ੍ਰਿਪੁਰਾ ਬਾਰੇ ਉਨ੍ਹਾਂ ਕੋਈ ਸਪੱਸ਼ਟ ਗੱਲ ਨਹੀਂ ਕਹੀ। ਜਦੋਂ ਰਾਜਸਥਾਨ ਦੀਆਂ ਉਪ ਚੋਣਾਂ 'ਚ ਭਾਜਪਾ ਦੀ ਹੋਈ ਹਾਰ ਬਾਰੇ ਉਨ੍ਹਾਂ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਟਾਲ ਦਿੱਤਾ। ਸ਼ਾਹ ਅੱਜ-ਕੱਲ ਦੀਨ ਦਿਆਲ ਉਪਾਧਿਆਏ ਮਾਰਗ ਨਵੀਂ ਦਿੱਲੀ ਵਿਖੇ ਭਾਜਪਾ ਦੇ ਨਵੇਂ ਹੈੱਡ ਕੁਆਰਟਰ ਦਾ 18 ਫਰਵਰੀ ਨੂੰ ਧੂਮ-ਧੜੱਕੇ ਨਾਲ ਸ਼ੁੱਭ ਆਰੰਭ ਕਰਨ ਦੀ ਉਡੀਕ ਵਿਚ ਹਨ। ਜਦੋਂ ਕਿਸੇ ਨੇ ਸ਼ੇਅਰ ਮਾਰਕੀਟ 'ਚ ਭਾਰੀ ਮੰਦੇ ਦਾ ਜ਼ਿਕਰ ਕੀਤਾ ਤਾਂ ਅਮਿਤ ਸ਼ਾਹ ਨੇ ਹਲਕੇ-ਫੁਲਕੇ ਅੰਦਾਜ਼ ਵਿਚ ਕਿਹਾ ਕਿ ਮੇਰੇ ਵਰਗੇ ਲੰਬੇ ਸਮੇਂ ਦੇ ਨਿਵੇਸ਼ਕ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਇਹ ਪ੍ਰਗਟਾਵਾ ਵੀ ਕੀਤਾ ਕਿ ਉਨ੍ਹਾਂ ਦੇ ਦਾਦਾ ਜੀ ਨੇ ਟਿਸਕੋ ਦੇ ਸ਼ੇਅਰ 5 ਰੁਪਏ ਪ੍ਰਤੀ ਹਿਸਾਬ ਨਾਲ ਖਰੀਦੇ ਸਨ। ਇਨ੍ਹਾਂ ਦੀ ਗਿਣਤੀ 170 ਸੀ। ਇਨ੍ਹਾਂ ਦੀ ਕੀਮਤ ਹੁਣ 7 ਹਜ਼ਾਰ ਰੁਪਏ ਬਣ ਗਈ ਹੈ। ਪਹਿਲਾਂ ਇਹ ਮੇਰੇ ਦਾਦਾ ਜੀ ਕੋਲ ਸਨ। ਉਸ ਤੋਂ ਬਾਅਦ ਮੇਰੇ ਪਿਤਾ ਜੀ ਕੋਲ ਆ ਗਏ ਅਤੇ ਹੁਣ ਮੇਰੇ ਕੋਲ ਹਨ। ਅਸੀਂ ਇਸ ਨੂੰ ਵੇਚਾਂਗੇ ਨਹੀਂ। ਸਾਨੂੰ ਲਾਭ ਹੀ ਲਾਭ ਹੈ, ਕੋਈ ਟੈਕਸ ਨਹੀਂ, ਕੋਈ ਨੁਕਸਾਨ ਨਹੀਂ, ਕੋਈ ਐੱਲ. ਟੀ. ਸੀ. ਜੀ. ਨਹੀਂ। ਹੈਰਾਨੀ ਵਾਲੀ ਗੱਲ ਇਹ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਇਸ ਮੌਕੇ 'ਤੇ ਕੇਂਦਰੀ ਹਾਲ 'ਚ ਮੌਜੂਦ ਨਹੀਂ ਸਨ। ਹਾਲਾਂਕਿ ਉਹ ਸੰਸਦ ਸਮਾਗਮ ਦੌਰਾਨ ਇਥੇ ਅਕਸਰ ਹੀ ਮੌਜੂਦ ਰਹਿੰਦੇ ਹਨ।