WhatsApp ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਕਿਹਾ- ਇਹ ਪ੍ਰਾਈਵੇਟ ਐਪ ਹੈ, ਤੁਹਾਨੂੰ ਪਸੰਦ ਨਹੀਂ ਤਾਂ ਕਰ ਦਿਓ ਡਿਲੀਟ

01/18/2021 4:52:36 PM

ਨਵੀਂ ਦਿੱਲੀ– ਵਟਸਐਪ ਦੀ ਨਵੀਂ ਪ੍ਰਾਈਵੇਟ ਪਾਲਿਸੀ ’ਤੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ’ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪਟੀਸ਼ਨਕਰਤਾ ਨੇ ਹਾਈ ਕੋਰਟ ’ਚ ਕਿਹਾ ਕਿ ਵਟਸਐਪ ਦੀ ਨਵੀਂ ਪਾਲਿਸੀ ਨਾਲ ਪ੍ਰਾਈਵੇਸੀ ਭੰਗ ਹੋਵੇਗੀ, ਇਸ ਲਈ ਮੇਰੀ ਬੇਨਤੀ ਹੈ ਕਿ ਸਰਕਾਰ ਇਸ ਖ਼ਿਲਾਫ਼ ਜਲਦ ਤੋਂ ਜਲਦ ਕੋਈ ਕਾਰਵਾਈ ਕਰੇ। ਇਸ ’ਤੇ ਹਾਈ ਕੋਰਟ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਵਟਸਐਪ ਇਕ ਪ੍ਰਾਈਵੇਟ ਐਪ ਹੈ ਅਤੇ ਜੇਕਰ ਇਸ ਨਾਲ ਤੁਹਾਡੀ ਪ੍ਰਾਈਵੇਸੀ ਨੂੰ ਨੁਕਸਾਨ ਹੋ ਰਿਹਾ ਹੈ ਤਾਂ ਤੁਸੀਂ ਆਪਣੇ ਮੋਬਾਇਲ ’ਚੋਂ ਵਟਸਐਪ ਡਿਲੀਟ ਕਰ ਦਿਓ। ਕੋਰਟ ਨੇ ਕਿਹਾ ਕਿ ਵਟਸਐਪ ਦੀ ਵਰਤੋਂ ਕਰਨੀ ਹੈ ਜਾਂ ਨਹੀਂ ਇਹ ਉਪਭੋਗਤਾ ’ਤੇ ਨਿਰਭਰ ਕਰਦਾ ਹੈ। 

ਦਿੱਲੀ ਹਾਈ ਕੋਰਟ ਨੇ ਕਿਹਾ ਕਿ ਇਹ ਇਕ ਪ੍ਰਾਈਵੇਟ ਐਪ ਹੈ, ਜੇਕਰ ਤੁਹਾਡੀ ਪ੍ਰਾਈਵੇਸੀ ਪ੍ਰਭਾਵਿਤ ਹੋ ਰਹੀ ਹੈ ਤਾਂ ਤੁਸੀਂ ਵਟਸਐਪ ਨੂੰ ਡਿਲੀਟ ਕਰ ਦਿਓ। ਅਦਾਲਤ ਨੇ ਕਿਹਾ ਕਿ ਕੀ ਤੁਸੀਂ ਮੈਪ ਜਾਂ ਬ੍ਰਾਊਜ਼ਰ ਇਸਤੇਮਾਲ ਕਰਦੇ ਹੋ? ਉਸ ਵਿਚ ਵੀ ਤੁਹਾਡਾ ਡਾਟਾ ਸ਼ੇਅਰ ਕੀਤਾ ਜਾਂਦਾ ਹੈ। ਹਾਲਾਂਕਿ ਹਾਈ ਕੋਰਟ ਨੇ ਅਜੇ ਇਸ ਮਾਮਲੇ ’ਤੇ ਕਿਸੇ ਤਰ੍ਹਾਂ ਦਾ ਨੋਟਿਸ ਜਾਰੀ ਨਹੀਂ ਕੀਤਾ। ਹਾਈ ਕੋਰਟ ਨੇ ਕਿਹਾ ਕਿ ਇਸ ’ਤੇ ਵਿਸਤਾਰ ਨਾਲ ਸੁਣਵਾਈ ਦੀ ਲੋੜ ਹੈ, ਹੁਣ ਇਸ ਮਾਮਲੇ ਦੀ ਸੁਣਵਾਈ 25 ਜਨਵਰੀ ਨੂੰ ਹੋਵੇਗੀ। 

ਵਟਸਐਪ ਦੀ ਪ੍ਰਾਈਵੇਸੀ ਨੀਤੀ ਨੂੰ ਲਾਗੂ ਕਰਨ ਦੇ ਖ਼ਿਲਾਫ਼ ਇਕ ਵਕੀਲ ਨੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਲਗਾਈ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਇਹ ਸੰਵਿਧਾਨ ਦੁਆਰਾ ਦਿੱਤੇ ਗਏ ਮੌਲਿਕ ਅਧਿਕਾਰ ਦੇ ਖ਼ਿਲਾਫ਼ ਹੈ। ਇਸ ਲਈ ਅਸੀਂ ਇਸ ਮਾਮਲੇ ’ਚ ਚਾਹੁੰਦੇ ਹਾਂ ਕਿ ਸਖ਼ਤ ਕਾਨੂੰਨ ਬਣੇ। ਯੂਰਪੀ ਦੇਸ਼ਾਂ ’ਚ ਇਸ ਨੂੰ ਲੈ ਕੇ ਸਖ਼ਤ ਕਾਨੂੰਨ ਹਨ, ਇਸ ਲਈ ਵਟਸਐਪ ਦੀ ਪਾਲਿਸੀ ਉਥੇ ਵੱਖਰੀ ਹੈ ਅਤੇ ਭਾਰਤ ’ਚ ਕਾਨੂੰਨ ਸਖ਼ਤ ਨਾ ਹੋਣ ਕਾਰਨ ਆਮ ਲੋਕਾਂ ਦੇ ਡਾਟਾ ਨੂੰ ਥਰਡ ਪਾਰਟੀ ਨਾਲ ਸ਼ੇਅਰ ਕਰਨ ’ਤੇ ਅਜਿਹੇ ਐਪ ’ਤੇ ਕੋਈ ਕਾਰਵਾਈ ਨਹੀਂ ਹੁੰਦੀ। 

Rakesh

This news is Content Editor Rakesh